ਮੱਧਕਾਲੀ ਚੋਣਾਂ ਬਾਰੇ ਪ੍ਰੈਸ ਤੇ ਰਾਜਸੀ ਪੰਡਿਤਾਂ ਦੀ ਭਵਿੱਖਬਾਣੀ ਗਲਤ ਸਾਬਤ ਹੋਈ-ਜੋ ਬਾਈਡਨ

ਮੱਧਕਾਲੀ ਚੋਣਾਂ ਬਾਰੇ ਪ੍ਰੈਸ ਤੇ ਰਾਜਸੀ ਪੰਡਿਤਾਂ ਦੀ ਭਵਿੱਖਬਾਣੀ ਗਲਤ ਸਾਬਤ ਹੋਈ-ਜੋ ਬਾਈਡਨ

ਕਿਹਾ, ਮੈ ਰਿਪਬਲੀਕਨਾਂ ਨਾਲ ਮਿਲਕੇ ਕੰਮ ਕਰਾਂਗਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 11 ਨਵੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਮੱਧਕਾਲੀ ਚੋਣਾਂ ਦੌਰਾਨ ਪਈਆਂ ਵੋਟਾਂ ਦੇ ਦੋ ਦਿਨ ਬਾਅਦ ਵੀ ਸੱਤਾਧਾਰੀ ਡੈਮੋਕਰੈਟਿਕ ਤੇ ਵਿਰੋਧੀ ਰਿਪਬਲੀਕਨ ਪਾਰਟੀ ਵਿਚਾਲੇ ਸੱਤਾ ਲਈ ਦੌੜ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ। ਵਿਸ਼ੇਸ਼ ਕਰਕੇ ਐਰੀਜ਼ੋਨਾ ਤੇ ਨੇਵਾਡਾ ਵਿਚ ਹਜਾਰਾਂ ਵੋਟਾਂ ਅਜੇ ਪ੍ਰਕ੍ਰਿਆ ਵਿਚ ਹਨ ਜਿਨਾਂ ਦੀ ਗਿਣਤੀ ਕੀਤੀ ਜਾਣੀ ਹੈ। ਹਾਲਾਂ ਕਿ ਰਿਪਬਲੀਕਨ ਪਾਰਟੀ ਤੇ ਰਾਜਸੀ ਪੰਡਿਤਾਂ ਨੇ ਅਮਰੀਕੀ ਪ੍ਰਤੀਨਿੱਧ ਸਦਨ ਤੇ ਸੈਨੇਟ ਉਪਰ ਨਿਯੰਤਰਣ ਲਈ 'ਲਾਲ ਸੁਨਾਮੀ' ਦੀ ਭਵਿੱਖਬਾਣੀ ਕੀਤੀ ਸੀ ਪਰੰਤੂ ਅਜਿਹਾ ਨਹੀਂ ਹੋ ਸਕਿਆ। ਆਪਣੇ ਸੰਬੋਧਨ ਵਿਚ ਰਾਸ਼ਟਰਪਤੀ ਜੋ ਬਾਈਡਨ ਨੇ ਪ੍ਰੈਸ ਤੇ ਰਾਜਸੀ ਪੰਡਿਤਾਂ ਨੂੰ ਮੱਧਕਾਲੀ ਚੋਣਾਂ ਵਿਚ ਰਿਪਬਲੀਕਨਾਂ ਦੀ ਹੂੰਝਾ ਫੇਰ ਜਿੱਤ ਦੀ ਭਵਿੱਖਬਾਣੀ ਕਰਨ ਲਈ ਤਾੜਨਾ ਕਰਦਿਆਂ ਕਿਹਾ ਕਿ ਅਜਿਹਾ ਨਹੀਂ ਹੋਇਆ ਹੈ। ਉਨਾਂ ਕਿਹਾ ਕਿ ਚੋਣਾਂ ਦੇ ਨਤੀਜੇ ਕੁਝ ਵੀ ਹੋਣ ਉਹ ਆਪਣੇ ਕੰਜ਼ਰਵੇਟਿਵ ਸਾਥੀਆਂ ਨਾਲ ਮਿਲਕੇ ਕੰਮ ਕਰਨਗੇ। ਉਨਾਂ ਕਿਹਾ ਕਿ ਚੋਣਾਂ ਦੇ ਅੰਤਿਮ ਨਤੀਜੇ ਕੀ ਆਉਂਦੇ ਹਨ , ਇਸ ਵੱਲ ਤਵਜੋਂ ਦਿੱਤੇ ਬਗੈਰ ਮੈ ਰਿਪਬਲੀਕਨ ਸਾਥੀਆਂ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹਾਂ। ਬਾਈਡਨ ਨੇ ਕਿਹਾ ਅਮਰੀਕੀ ਲੋਕਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਸ  ਕਰਦੇ ਹਨ ਕਿ ਰਿਪਬਲੀਕਨ ਵੀ ਮੇਰੇ ਵਾਂਗ ਮੇਰੇ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੋਣ।

ਐਰੀਜ਼ੋਨਾ ਵਿਚ ਗਵਰਨਰ ਦੀ ਦੌੜ ਵਿੱਚ ਟਰੰਪ ਦੀ ਪਾਰਟੀ ਪੱਛੜੀ-

ਐਰੀਜ਼ੋਨਾ ਵਿਚ ਗਵਰਨਰ ਦੇ ਅਹੁੱਦੇ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਰਿਪਬਲੀਕਨ ਉਮੀਦਵਾਰ ਬੀਬੀ ਕਾਰੀ ਲੇਕ ਡੈਮੋਕਰੈਟਿਕ ਉਮੀਦਵਾਰ ਕੈਟੀ ਹੌਬਸ ਤੋਂ 23000 ਵੋਟਾਂ ਨਾਲ ਪੱਛੜ ਰਹੀ ਹੈ ਹਾਲਾਂ ਕਿ ਅਜੇ 70% ਵੋਟਾਂ ਦੀ ਗਿਣਤੀ ਮੁਕੰਮਲ ਹੋਈ ਹੈ। ਉਨਾਂ ਨੇ ਦੋਸ਼ ਲਾਇਆ ਹੈ ਕਿ ਵੋਟਾਂ ਦੀ ਗਿਣਤੀ ਜਾਣ ਬੁਝਕੇ ਸੁਸਤ ਰਫਤਾਰ ਨਾਲ ਕੀਤੀ ਜਾ ਰਹੀ  ਹੈ। ਉਨਾਂ ਭਰੋਸਾ ਪ੍ਰਗਟ ਕੀਤਾ ਕਿ ਜਿੱਤ ਉਨਾਂ ਦੀ ਹੀ ਹੋਵੇਗੀ ਤੇ ਉਹ ਰਾਜ ਦਾ ਪ੍ਰਬੰਧ ਸੰਭਾਲਣ ਲਈ ਤਿਆਰ ਹੈ। ਉਨਾਂ ਕਿਹਾ ਕਿ ਉਹ ਵੋਟਾਂ ਉਪਰ ਸਖਤ ਨਜਰ ਰਖ ਰਹੇ ਹਨ ਤੇ ਹਰੇਕ ਵੋਟ ਗਿਣੀ ਜਾਵੇਗੀ।