ਅਮਰੀਕਾ ਵਿਚ ਪੁਲਿਸ ਅਫਸਰ ਤੇ ਉਸ ਵੱਲੋਂ ਗ੍ਰਿਫਤਾਰ ਕੀਤੀ ਔਰਤ ਦੀਆਂ ਲਾਸ਼ਾਂ ਦਰਿਆ ਵਿਚਂੋ ਹੋਈਆਂ ਬਰਾਮਦ

ਅਮਰੀਕਾ ਵਿਚ ਪੁਲਿਸ ਅਫਸਰ ਤੇ ਉਸ ਵੱਲੋਂ ਗ੍ਰਿਫਤਾਰ ਕੀਤੀ ਔਰਤ ਦੀਆਂ ਲਾਸ਼ਾਂ ਦਰਿਆ ਵਿਚਂੋ ਹੋਈਆਂ ਬਰਾਮਦ
ਕੈਪਸ਼ਨ ਦਰਿਆ ਵਿਚੋਂ ਕਾਰ ਨੂੰ ਬਾਹਰ ਕੱਢੇ ਜਾਣ ਦੀ ਦ੍ਰਿਸ਼

 ਹਾਦਸਾ ਮੰਨ ਕੇ ਚਲ ਰਹੀ ਹੈ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਸ਼ੈਰਿਫ ਦੇ ਇਕ ਡਿਪਟੀ ਤੇ ਉਸ ਵੱਲੋਂ ਗ੍ਰਿਫਤਾਰ ਕੀਤੀ ਇਕ ਔਰਤ ਦੀਆਂ ਲਾਸ਼ਾਂ ਟੈੇਨੇਸੀ ਦਰਿਆ ਵਿਚੋਂ ਬਰਾਮਦ ਹੋਣ ਦੀ ਖਬਰ ਹੈ। ਪੁਲਿਸ ਇਸ ਘਟਨਾ ਨੂੰ ਇਕ ਹਾਦਸਾ ਮੰਨ ਰਹੀ ਹੈ। ਡਿਸਟ੍ਰਿਕਟ ਅਟਾਰਨੀ ਰਸਲ ਜੌਹਨਸਨ ਨੇ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਡਿਪਟੀ ਰਾਬਰਟ ਜੇ ਲੀਓਨਾਰਡ ਜੋ ਮੀਜਸ ਕਾਊਂਟੀ ਸ਼ੈਰਿਫ ਦਫਤਰ ਵਿਖੇ ਤਾਇਨਾਤ ਸੀ, ਨੇ ਰੇਡੀਓ ਕਾਲ ਕਰਕੇ ਦਸਿਆ ਸੀ ਕਿ ਉਹ ਇਕ ਹੋਰ ਵਿਅਕਤੀ ਜਿਸ ਨੂੰ ਉਸ ਨੇ ਗ੍ਰਿਫਤਾਰ ਕੀਤਾ ਹੈ, ਨਾਲ ਸਥਾਨਕ ਜੇਲ ਵਿਚ ਆ ਰਿਹਾ ਹੈ। ਇਸ ਫੋਨ ਤੋਂ ਬਾਅਦ ਉਸ ਨੇ ਕੋਈ ਸੰਪਰਕ ਨਹੀਂ ਕੀਤਾ ਤੇ ਉਸ ਨੇ ਆਖਰੀ ਰੇਡੀਓ ਕਾਲ ਵਿਚ 'ਪਾਣੀ' ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਤੋਂ ਪਹਿਲਾਂ ਆਪਣੀ ਪਤਨੀ ਨੂੰ ਭੇਜੇ ਇਕ ਟੈਕਸਟ ਸੁਨੇਹੇ ਵਿਚ ਉਸ ਨੇ ਇਕ ਔਰਤ ਦੀ ਗਿਫਤਾਰੀ ਬਾਰੇ ਦਸਿਆ ਸੀ। ਜੌਹਨਸਨ ਨੇ ਕਿਹਾ ਕਿ ਡਿਪਟੀ ਦੀ ਕਾਰ ਇਕ ਪੁਲ ਦੇ ਨੇੜਿਉਂ ਦਰਿਆ ਵਿਚੋਂ ਮਿਲੀ ਹੈ ਜਦ ਕਿ ਟਾਬੀਤਾ ਸਮਿਥ ਨਾਮੀ ਔਰਤ ਜਿਸ ਨੂੰ ਉਸ ਨੇ ਗ੍ਰਿਫਤਾਰ ਕੀਤਾ ਸੀ ਦੀ ਲਾਸ਼ ਕਾਰ ਦੀ ਪਿਛਲੀ ਸੀਟ ਤੋਂ ਮਿਲੀ ਹੈ। ਡਰਾਈਵਰ ਦੀ ਸੀਟ ਖਾਲੀ ਮਿਲੀ ਹੈ ਜਦ ਕਿ ਨੇੜਿਉਂ ਹੀ ਲੀਓਨਾਰਡ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਲੀਓਨਾਰਡ ਦੀ ਲਾਸ਼ ਮਿਲਣ ਦੀ ਪੁਸ਼ਟੀ ਹੈਮਿਲਟਨ ਕਾਊਂਟੀ  ਸ਼ੈਰਿਫ ਦਫਤਰ ਨੇ ਕੀਤੀ ਹੈ। ਡਿਸਟ੍ਰਿਕਟ ਅਟਾਰਨੀ  ਨੇ ਕਿਹਾ ਹੈ ਕਿ ਉਨਾਂ ਦਾ ਵਿਸ਼ਵਾਸ਼ ਹੈ ਕਿ ਇਹ ਅਚਾਨਕ ਵਾਪਰਿਆ ਹਾਦਸਾ ਹੈ ਕਿਉਂਕਿ ਡਿਪਟੀ ਇਸ ਖੇਤਰ ਤੋਂ ਅਣਜਾਣ ਸੀ ਜਿਸ ਕਾਰਨ ਉਹ ਮੋੜ ਤੋਂ ਉਕ ਗਿਆ ਤੇ ਕਾਰ ਸਿੱਧੀ ਦਰਿਆ ਵਿਚ  ਜਾ ਡਿੱਗੀ। ਅਜੇ ਇਹ ਪਤਾ ਨਹੀਂ ਲੱਗਾ ਹੈ ਕਿ ਔਰਤ ਨੂੰ ਡਿਪਟੀ ਨੇ ਕਿਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ।  ਮੀਜਸ ਕਾਊਂਟੀ ਸ਼ੈਰਿਫ ਦਫਤਰ ਦੇ ਚੀਫ ਡਿਪਟੀ ਬਰੀਅਨ ਮਲੋਨ ਨੇ ਕਿਹਾ ਹੈ ਕਿ ਲਿਓਨਾਰਡ ਨਿਊਯਾਰਕ ਦਾ ਵਸਨੀਕ ਸੀ ਤੇ ਪਿਛਲੇ ਸਾਲ ਦਸੰਬਰ ਤੋਂ ਉਹ ਸ਼ੈਰਿਫ ਦਫਤਰ  ਨਾਲ ਜੁੜਿਆ ਸੀ।