ਮਾਮਲਾ 2015 ਵਿਚ ਪੁਲਿਸ ਹੱਥੋਂ ਹੋਈ ਮੌਤ ਦਾ

ਮਾਮਲਾ 2015 ਵਿਚ ਪੁਲਿਸ ਹੱਥੋਂ ਹੋਈ ਮੌਤ ਦਾ

ਸੰਘੀ ਅਦਾਲਤ ਵੱਲੋਂ ਪੁਲਿਸ ਦੀ ਕਾਰਵਾਈ ਨੂੰ ਗਲਤ ਕਰਾਰ ਦਿੰਦਿਆਂ ਪੀੜਤ ਪਰਿਵਾਰ ਨੂੰ 8.50 ਕਰੋੜ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 20 ਮਾਰਚ (ਹੁਸਨ ਲੜੋਆ ਬੰਗਾ)-ਸੈਨ ਡਇਏਗੋ ਕਾਊਂਟੀ ਦੀ ਪੁਲਿਸ  ਨਾਲ ਹੋਈ ਤਕਰਾਰ ਤੋਂ ਬਾਅਦ ਕੈਲੀਫੋਰਨੀਆ ਦੇ ਇਕ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ਵਿਚ ਸੰਘੀ ਅਦਾਲਤ ਨੇ ਪੀੜਤ ਪਰਿਵਾਰ ਨੂੰ 8.50 ਕਰੋੜ ਡਾਲਰ ਦਾ ਮੁਆਵਜ਼ਾ ਦੇਣ ਦਾ ਆਦੇਸ਼ ਜਾਰੀ ਕੀਤਾ ਹੈ। ਇਹ ਘਟਨਾ 2015 ਦੀ ਹੈ। ਪੁਲਿਸ ਨਾਲ ਤਕਰਾਰ ਦੌਰਾਨ  ਮਾਰੇ ਗਏ ਲੱਕੀ ਫੌਨਸੀ ਨਾਮੀ ਵਿਅਕਤੀ ਦੇ ਪਰਿਵਾਰ ਵੱਲੋਂ ਕਾਊਂਟੀ ਤੇ ਪੁਲਿਸ ਵਿਭਾਗ ਵਿਰੁੱਧ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਸੀ ਕਿ ਪੁਲਿਸ ਦੀ ਲਾਪਰਵਾਹੀ ਤੇ ਧੱਕੇਸ਼ਾਹੀ ਕਾਰਨ ਫੌਨਸੀ ਦੀ ਮੌਤ ਹੋਈ ਹੈ। ਦਾਇਰ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਪੁਲਿਸ ਵੱਲੋਂ ਲੱਕੀ ਫੌਨਸੀ ਨੂੰ ਹੱਥਕੜੀ ਲਾਉਣ ਦੀ ਕੋਸ਼ਿਸ਼ ਦੌਰਾਨ ਉਹ ਡਰ ਗਿਆ ਸੀ ਤੇ ਭੰਬਲਭੂਸੇ ਵਿਚ ਪੈ ਗਿਆ ਸੀ। ਉਸ ਨੇ ਇਕ ਡਿਪਟੀ ਨਾਲ ਸਵਾਲ ਜਵਾਬ ਕੀਤੇ। ਬਾਅਦ ਵਿਚ ਪੁਲਿਸ ਨੇ ਉਸ ਨੂੰ ਬਿਜਲੀ ਦਾ ਝਟਕਾ ਦਿੱਤਾ ਤੇ ਉਸ ਨੂੰ ਜਕੜ ਲਿਆ। ਹਸਪਤਾਲ ਵਿਚ ਲਿਜਾਣ ਸਮੇ ਉਸ ਦਾ ਮੂੰਹ ਵੀ ਢਕ ਦਿੱਤਾ ਗਿਆ। ਦੂਸਰੇ ਪਾਸੇ ਪੁਲਿਸ ਦਾ ਪੱਖ ਸੀ ਕਿ ਫੌਨਸੀ ਵੱਲੋਂ ਕੀਤੀ ਹਥੋਪਾਈ ਵਿਚ ਦੋ ਡਿਪਟੀ ਜ਼ਖਮੀ ਹੋ ਗਏ ਸਨ ਤੇ ਉਨਾਂ ਨੇ ਹੋਰ ਫੋਰਸ ਭੇਜਣ ਦੀ ਬੇਨਤੀ ਕੀਤੀ ਸੀ। ਸੰਘੀ ਅਦਾਲਤ ਨੇ ਆਪਣੇ ਨਿਰਨੇ ਵਿਚ ਕਿਹਾ ਹੈ ਕਿ ''ਪੁਲਿਸ ਨੇ ਫੌਨਸੀ ਵਿਰੁੱਧ ਬੋਲੋੜੀ ਤਾਕਤ ਦੀ ਵਰਤੋਂ ਕੀਤੀ ਤੇ ਘਟਨਾ ਵਿਚ ਸ਼ਾਮਲ ਪੁਲਿਸ ਅਧਿਕਾਰੀਆਂ ਨੂੰ ਚੰਗੀ  ਤਰਾਂ ਸਿਖਲਾਈ  ਨਹੀਂ ਦਿੱਤੀ ਗਈ ਜਿਨਾਂ ਨੇ ਫੌਨਸੀ ਦੇ ਮਾਨਵੀ ਅਧਿਕਾਰਾਂ ਦੀ  ਉਲੰਘਣਾ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਆਪਣੀ ਡਿਊਟੀ ਵਿਚ ਲਾਪਰਵਾਹੀ ਵਰਤੀ ਹੈ। ਇਨਾਂ ਸਾਰੇ  ਹਾਲਾਤ ਵਿਚ ਇਕ ਅਣਉਚਿੱਤ ਮੌਤ ਹੋਈ ਹੈ।'' ਅਦਾਲਤ ਨੇ ਕਿਹਾ ਹੈ ਕਿ ਫੌਨਸੀ ਦੇ ਪਰਿਵਾਰ ਨੂੰ ਪੁੱਜੇ ਦੁੱਖ ਤੇ ਸਹੀ ਤਕਲੀਫ ਦੀ ਭਰਪਾਈ ਲਈ 8.5 ਕਰੋੜ ਡਾਲਰ ਦਾ ਮੁਆਵਜ਼ਾ ਦਿੱਤਾ ਜਾਵੇ। ਸੈਨ ਡਇਏਗੋ ਕਾਊਂਟੀ ਦਾ ਪੁਲਿਸ ਵਿਭਾਗ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਆਪਣੇ ਕਾਨੂੰਨੀ ਪ੍ਰਤੀਨਿੱਧੀਆਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਹੈ।