ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਦਾ ਫੈਸਲਾ ਦਰੁੱਸਤ ਸੀ- ਜੋ ਬਾਇਡਨ

ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਦਾ ਫੈਸਲਾ ਦਰੁੱਸਤ ਸੀ- ਜੋ ਬਾਇਡਨ

* ਅਫਗਾਨਿਸਤਾਨ ਵਿਚ ਅਮਰੀਕੀ ਫੌਜੀ ਦਖਲ ਖਤਮ ਕਰਨ ਦਾ ਵਾਅਦਾ ਪੂਰਾ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ(ਹੁਸਨ ਲੜੋਆ ਬੰਗਾ)-ਤਾਲਿਬਾਨ ਦੇ ਅਫਗਾਨਿਸਤਾਨ ਉਪਰ ਹੋਏ ਮੁੜ ਕਬਜੇ ਨੂੰ ਲੈ ਕੇ ਹੋ ਰਹੀ ਅਲੋਚਨਾ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚੋਂ ਫੌਜਾਂ ਕੱਢਣ ਦਾ ਨਿਰਨਾ ਦਰੁੱਸਤ ਸੀ। ਉਨਾਂ ਨੇ ਵਾਈਟ ਹਾਊਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਮੈ ਆਪਣੇ ਫੈਸਲੇ ਉਪਰ ਦ੍ਰਿੜਤਾ ਨਾਲ ਕਾਇਮ ਹਾਂ ਪਰੰਤੂ ਤਾਲਿਬਾਨ ਨੇ ਜਿਸ ਤੇਜੀ ਨਾਲ ਅਫਗਾਨਿਸਤਾਨ ਨੂੰ ਆਪਣੇ ਕਬਜੇ ਵਿਚ ਲਿਆ ਹੈ ਇਸ ਦੀ ਆਸ ਨਹੀਂ ਸੀ। ਉਨਾਂ ਕਿਹਾ ਕਿ ਰਾਸ਼ਟਰਪਤੀ ਅਸ਼ਰਫ ਗਨੀ ਸਮੇਤ ਅਫਗਾਨਿਸਤਾਨ ਦੇ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਅਫਗਾਨ ਫੋਰਸਾਂ ਬਾਗੀਆਂ ਨਾਲ ਲੋਹਾ ਲੈਣ ਦੇ ਸਮਰੱਥ ਹਨ ਪਰ ਸੱਚਾਈ ਇਹ ਹੈ ਕਿ ਆਸ ਨਾਲੋਂ ਕਈ ਗੁਣਾਂ ਤੇਜੀ ਨਾਲ ਤਾਲਿਬਾਨ ਨੇ ਅਫਗਾਨ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ। ਆਪਣੇ ਕੋਲੋਂ ਹੋਈ ਕੋਈ ਗਲਤੀ ਦਾ ਜਿਕਰ ਕੀਤੇ ਬਿਨਾਂ ਰਾਸ਼ਟਰਪਤੀ ਨੇ ਕਿਹਾ ਕਿ ਫੌਜਾਂ ਕੱਢਣ ਦਾ ਕੰਮ ਸੁਖਾਲਾ ਨਹੀਂ ਰਿਹਾ ਪਰੰਤੂ ਉਹ ਆਪਣੀ ਚੋਣ ਮੁਹਿੰਮ ਵੇਲੇ ਕੀਤੇ ਪ੍ਰਣ ਕਿ ਅਫਗਾਨਿਸਤਾਨ ਵਿਚ ਅਮਰੀਕੀ ਫੌਜ ਦਾ ਦਖਲ ਸਮਾਪਤ ਹੋ ਜਾਵੇਗਾ, ਉਪਰ ਕਾਇਮ ਰਹੇ ਹਨ।

ਆਪਣੇ ਸੰਬੋਧਨ ਉਪਰੰਤ ਰਾਸ਼ਟਰਪਤੀ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਤੇ ਉਹ ਕਾਹਲੀ ਨਾਲ ਵਾਪਿਸ ਚਲੇ ਗਏ। ਤਾਲਿਬਾਨ ਦੇ ਮੁੜ ਸੱਤਾ ਉਪਰ ਕਾਬਜ਼ ਹੋਣ ਉਪਰੰਤ ਰਾਸ਼ਟਰਪਤੀ ਦਾ ਇਹ ਪਹਿਲਾ ਜਨਤਿਕ ਬਿਆਨ ਸੀ। ਇਥੇ ਜਿਕਰਯੋਗ ਹੈ ਕਿ ਮਾਹਿਰਾਂ ਨੇ ਚਿਤਾਵਨੀ ਦਿੱਤੀ ਸੀ ਕਿ ਅਮਰੀਕੀ ਫੌਜਾਂ ਕੱਢਣ ਉਪਰੰਤ ਅਫਗਾਨਿਸਤਾਨ ਵਿਚ ਹਾਲਾਤ ਵਿਗੜ ਸਕਦੇ ਹਨ ਪਰੰਤੂ ਰਾਸ਼ਟਰਪਤੀ ਨੇ ਕਿਹਾ ਸੀ ਕਿ ਅਫਗਾਨੀ ਫੋਰਸਾਂ ਤਾਲਿਬਾਨ ਦਾ ਮੁਕਾਬਲਾ ਕਰਨ ਤੇ ਅਫਗਾਨਿਸਤਾਨ ਦੀ ਰਖਿਆ ਕਰਨ ਦੇ ਸਮਰੱਥ ਹਨ। ਉਨਾਂ ਕਿਹਾ ਸੀ ਕਿ ਅਫਗਾਨਿਸਤਾਨੀ ਫੋਰਸਾਂ ਨੂੰ ਬਾਗੀਆਂ ਦਾ ਮੁਕਾਬਲਾ ਕਰਨ ਵਾਸਤੇ ਬਕਾਇਦਾ ਸਿਖਲਾਈ ਦਿੱਤੀ ਗਈ ਹੈ ਪਰੰਤੂ ਹਕੀਕਤ ਵਿਚ ਅਜਿਹਾ ਕੁਝ ਵੀ ਨਹੀਂ ਦੇਖਣ ਨੂੰ ਨਜਰ ਆਇਆ ਤੇ ਤਾਲਿਬਾਨ ਅੱਗੇ ਅਫਗਾਨੀ ਫੋਰਸਾਂ ਬਹੁਤ ਬੌਣੀਆਂ ਸਾਬਤ ਹੋਈਆਂ ਹਨ।