ਵਾਲਮਾਰਟ ਆਪਣੇ ਮੁਲਾਜ਼ਮਾ ਦੀ ਟਿਊਸ਼ਨ ਫੀਸ ਤੇ ਕਿਤਾਬਾਂ ਦੀ ਅਦਾਇਗੀ ਕਰੇਗਾ

ਵਾਲਮਾਰਟ ਆਪਣੇ ਮੁਲਾਜ਼ਮਾ ਦੀ ਟਿਊਸ਼ਨ ਫੀਸ ਤੇ ਕਿਤਾਬਾਂ ਦੀ ਅਦਾਇਗੀ ਕਰੇਗਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)ਅਮਰੀਕਾ ਦੇ ਸਭ ਤੋਂ ਵੱਡੇ ਕਾਰੋਬਾਰੀ ਅਦਾਰੇ ਵਾਲਮਾਰਟ ਨੇ ਆਪਣੇ ਮੁਲਾਜ਼ਮਾਂ ਦੀ 100% ਕਾਲਜ ਟਿਊਸ਼ਨ ਫੀਸ  ਤੇ ਕਿਤਾਬਾਂ ਉਪਰ ਹੋਣ ਵਾਲੇ ਖਰਚ ਦੀ ਅਦਾਇਗੀ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਹੈ ਕਿ ਉਸ ਦੇ ਕੁਲ ਵਕਤੀ ਤੇ ਥੋੜਾ ਸਮਾਂ ਕੰਮ ਕਰਨ ਵਾਲੇ ਮੁਲਾਜ਼ਮ ਇਸ ਦਾ ਲਾਭ ਲੈ ਸਕਣਗੇ। ਕੰਪਨੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਉਸ ਦੇ ਇਸ ਕਦਮ ਦੇ ਸਿੱਟੇ ਵਜੋਂ ਵਾਲਮਾਰਟ ਤੇ ਸੈਮ ਕਲੱਬ ਦੇ ਤਕਰੀਬਨ 15 ਲੱਖ ਮੁਲਾਜ਼ਮ ਬਿਨਾਂ ਸਿੱਖਿਆ ਵਿਭਾਗ ਉਪਰ ਬੋਝ ਪਾਇਆਂ ਕਾਲਜ ਡਿਗਰੀ ਹਾਸਲ ਕਰ ਸਕਣਗੇ ਜਾਂ ਵਪਾਰਕ ਹੁਨਰ ਸਿੱਖ ਸਕਣਗੇ। ਵਾਲਮਾਰਟ ਦੇ ਸੀਨੀਅਰ ਉਪ ਪ੍ਰਧਾਨ ਲੋਰੇਨ ਸਟੋਮਸਕੀ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ '' ਅਸੀਂ ਆਪਣੇ ਨਾਲ ਜੁੜੇ ਮੁਲਾਜ਼ਮਾ ਲਈ ਕੈਰੀਅਰ ਬਣਾਉਣ ਦਾ ਅਵਸਰ ਪ੍ਰਦਾਨ ਕਰ ਰਹੇ ਹਾਂ ਤਾਂ ਜੋ ਉਪ ਆਪਣਾ ਤੇ ਆਪਣੇ ਪਰਿਵਾਰਾਂ ਦੇ ਜੀਵਨ ਪੱਧਰ ਨੂੰ ਹੋਰ ਬੇਹਤਰ ਬਣਾਉਣਾ ਜਾਰੀ ਰਖ ਸਕਣ।'' ਉਨਾਂ ਕਿਹਾ ਹੈ ਕਿ ਅਕਸਰ ਕੰਮ ਕਰਨ ਵਾਲੇ ਵਿਦਿਆਰਥੀ ਵਿੱਤੀ ਔਕੜਾਂ ਕਾਰਨ ਡਿਗਰੀ ਹਾਸਲ ਕਰਨ ਵਿੱਚ ਨਾਕਾਮ ਰਹਿ ਜਾਂਦੇ ਹਨ ਪਰੰਤੂ ਸਾਡਾ ਇਹ ਨਿਵੇਸ਼ ਅਜਿਹੇ ਸਿਖਾਂਦਰੂਆਂ ਲਈ ਰਾਹਤ ਦਾ ਕੰਮ ਕਰੇਗਾ ਤੇ ਉਹ ਪੜਾਈ ਵਿਚ ਆਪਣਾ ਟੀਚਾ ਪ੍ਰਾਪਤ ਕਰ ਸਕਣਗੇ। ਕੰਪਨੀ ਨੇ ਆਪਣੇ 'ਲਿਵ ਬੈਟਰ ਯੂ ਪ੍ਰੋਗਰਾਮ' ਵਿਚ ਹਿੱਸਾ ਲੈਣ ਲਈ ਮੁਲਾਜ਼ਮਾਂ ਕੋਲੋਂ ਲਈ ਜਾਂਦੀ ਰੋਜਾਨਾ ਇਕ ਡਾਲਰ ਫੀਸ ਵੀ ਨਾ ਲੈਣ ਦਾ ਐਲਾਨ ਕੀਤਾ ਹੈ। ਮੁਲਾਜ਼ਮ ਬਿਨਾਂ ਕੋਈ ਅਦਾਇਗੀ ਕੀਤਿਆਂ ਇਸ ਪ੍ਰੋਗਰਾਮ ਦਾ ਲਾਭ ਲੈ ਸਕਣਗੇ।  ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਡਿਗਰੀ ਜਾਂ ਹੋਰ ਕੋਈ ਸਿਖਲਾਈ ਲੈਣ ਵਿੱਚ ਮੱਦਦ ਕਰਦਾ ਹੈ।