ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਵੀ ਮੇਰੀ ਨੌਕਰੀ ਦਾ ਹਿੱਸਾ-ਪ੍ਰੈਸ ਸਕੱਤਰ

ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਵੀ ਮੇਰੀ ਨੌਕਰੀ ਦਾ ਹਿੱਸਾ-ਪ੍ਰੈਸ ਸਕੱਤਰ
ਕੈਪਸ਼ਨ : ਪ੍ਰੈਸ ਸਕੱਤਰ ਜੇਨ ਪਸਾਕੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ

ਬੱਚਿਆਂ ਦੀ ਸੁਰੱਖਿਆ ਮੇਰੀ ਚਿੰਤਾ ਦਾ ਕਾਰਨ

 ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 13 ਮਈ (ਹੁਸਨ ਲੜੋਆ ਬੰਗਾ)- ਵਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਪਸਾਕੀ ਨੇ ਕਿਹਾ ਹੈ ਕਿ ਨਾ ਕੇਵਲ ਰੋਜ਼ਾਨਾ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਬਲਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਧਮਕੀਆਂ ਮਿਲਣੀਆਂ ਵੀ ਮੇਰੀ ਨੌਕਰੀ ਦਾ ਮੁਸ਼ਕਿਲ ਭਰਿਆ ਹਿੱਸਾ ਹੈ। ਪਸਾਕੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਕਿਹਾ '' ਮੈਨੂੰ ਧਮਕੀਆਂ ਮਿਲਦੀਆਂ ਹਨ, ਮੈਨੂੰ ਤੇ ਮੇਰੇ ਬੱਚਿਆਂ ਨੂੰ ਭੱਦੀ ਸ਼ਬਦਾਵਲੀ ਵਾਲੇ ਪੱਤਰ ਮੇਰੇ ਨਿੱਜੀ ਪਤੇ ਉਪਰ ਭੇਜੇ ਜਾਂਦੇ ਹਨ।'' ਕ੍ਰਿਸਟੀਅਨ ਸਾਇੰਸ ਮੌਨੀਟਰ ਦੁਆਰਾ ਦਿੱਤੇ ਨਾਸ਼ਤੇ ਉਪਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਪੱਤਰਾਂ ਵਿਚ ਹੱਦਾਂ ਪਾਰ ਕੀਤੀਆਂ ਹੁੰਦੀਆਂ ਹਨ ਜੋ ਖਤਰਨਾਕ ਲੱਗਦੀਆਂ ਹਨ। ਪ੍ਰੈਸ ਸਕੱਤਰ ਨੇ ਕਿਹਾ ਕਿ ਇਕ ਸਮੇ ਉਸ ਨੇ ਧਮਕੀਆਂ ਸਬੰਧੀ ਖੁਫੀਆ ਸੇਵਾ ਵਿਭਾਗ ਨੂੰ ਚੌਕਸ ਕੀਤਾ ਸੀ। ਉਨਾਂ ਕਿਹਾ ਮੇਰੇ 4 ਤੇ 6 ਸਾਲ ਦੇ ਦੋ ਬੱਚੇ ਹਨ ਜਿਨਾਂ ਦੀ ਸੁਰੱਖਿਆ ਮੇਰੀ ਚਿੰਤਾ ਦਾ ਕਾਰਨ ਹੈ। ਬਾਈਡਨ ਪ੍ਰਸ਼ਾਸਨ ਵਿਚ ਪ੍ਰਮੁੱਖ ਚੇਹਰਾ ਪਸਾਕੀ ਨੇ ਕਿਹਾ ''ਮੈ ਸਮਝਦੀ ਹਾਂ ਕਿ ਮੈ ਜਨਤਿਕ ਜੀਵਨ ਜੀਂਦੀ ਹਾਂ ਲੋਕ ਮੈਨੂੰ ਨਾ ਪਸੰਦ ਕਰ ਸਕਦੇ ਹਨ ਇਥੋਂ ਤੱਕ ਤਾਂ ਠੀਕ ਹੈ ਪਰੰਤੂ ਜਨਤਿਕ ਸਖਸ਼ੀਅਤਾਂ ਨੂੰ ਧਮਕੀਆਂ ਮਿਲਣੀਆਂ ਆਮ ਵਰਤਾਰਾ ਹੋ ਗਿਆ ਹੈ ਜਿਸ ਬਾਰੇ ਲੋਕਾਂ ਨੂੰ ਸਮਝਣਾ ਪਵੇਗਾ। ਇਹ ਵਰਤਾਰਾ ਸਾਡੇ ਸਮਾਜ ਵਿਚ ਫੈਲੇ ਜ਼ਹਿਰ ਦੀ ਤਰਾਂ ਹੈ।''