ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀਕਲਾ ਲਈ ਅਰਦਾਸ ਸਮਾਗਮ 

ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਹਾੜੇ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀਕਲਾ ਲਈ ਅਰਦਾਸ ਸਮਾਗਮ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 13 ਮਈ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ ਦਿਹਾੜਾ ਮਿਤੀ 17 ਮਈ ਨੂੰ ਦਿੱਲੀ ਦੇ ਗੁਰਦੁਆਰਾ ਪ੍ਰਿਥਵੀ ਪਾਰਕ ਵਿਖੇ, ਬੰਦੀ ਸਿੰਘਾਂ ਦੀ ਬੰਦ ਖਲਾਸੀ ਅਤੇ ਚੜ੍ਹਦੀਕਲਾ ਲਈ ਅਰਦਾਸ ਸਮਾਗਮ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ । ਇਸ ਬਾਰੇ ਜਾਣਕਾਰੀ ਦੇਂਦੇ ਹੋਏ ਦਿੱਲੀ ਕਮੇਟੀ ਦੇ ਸਾਬਕਾ ਮੈਂਬਰ ਭਾਈ ਚਮਨ ਸਿੰਘ ਸ਼ਾਹਪੁਰਾ ਨੇ ਦਸਿਆ ਕਿ ਸਿੱਖ ਕੌਮ ਦੇ ਗਲੋਂ ਗੁਲਾਮੀ ਦੇ ਸੰਗਲ ਲਾਹੁਣ ਲਈ ਚਲ ਰਹੇ ਮੌਜੂਦਾ ਸੰਘਰਸ਼ ਵਿਚ ਆਪਣਾ ਆਪ ਵਾਰਣ ਵਾਲੇ ਕੌਮੀ ਯੋਧੇ ਜੇਲ੍ਹਾਂ ਅੰਦਰ ਬੰਦ ਹਨ ਜਿਨ੍ਹਾਂ ਨੇ ਆਪਣੀ ਜੁਆਨੀ ਜੇਲ੍ਹਾਂ ਅੰਦਰ ਬਤੀਤ ਕਰ ਦਿੱਤੀ ਹੈ ਤੇ ਸਰਕਾਰਾਂ ਵਲੋਂ ਉਨ੍ਹਾਂ ਨੂੰ ਜਮਾਨਤਾਂ ਤਾਂ ਦੂਰ ਪਰੌਲ਼ਾ ਤਕ ਨਹੀਂ ਦਿਤੀਆਂ ਜਾਂ ਰਹੀਆਂ ਹਨ, ਉਨ੍ਹਾਂ ਦੀ ਜਲਦ ਰਿਹਾਈ ਅਤੇ ਚੜ੍ਹਦੀਕਲਾ ਲਈ ਇਹ ਅਰਦਾਸ ਸਮਾਗਮ ਪ੍ਰਿਥਵੀ ਪਾਰਕ ਗੁਰੂਘਰ ਦੀ ਕਮੇਟੀ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ । ਉਨ੍ਹਾਂ ਬੀਤੇ ਦਿਨ ਸਿੱਖੀ ਰੂਪ ਵਿਚਰ ਰਹੇ ਸਿੱਖਾਂ ਵਲੋਂ ਸਿੱਖਾਂ ਨੂੰ ਹਿੰਦੂ ਕਹੇ ਜਾਣ ਤੇ ਪ੍ਰਤੀਕਰਮ ਦੇਂਦਿਆਂ ਕਿਹਾ ਕਿ ਸਿੱਖੀ ਕਿਸੇ ਭੇਖ ਦਾ ਨਾਂਅ ਨਹੀਂ, ਸਿੱਖੀ ਇਕ ਵਿਚਾਰਧਾਰਾ ਦਾ ਨਾਂਅ ਹੈ, ਇਹ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਵਲੋਂ ਚਲਾਏ ਗਏ 'ਮਾਰਿਆ ਸਿਕਾ ਜਗਤ੍ਰਿ ਵਿਚਿ, ਨਾਨਕੁ ਨਿਰਮਲ ਪੰਥ ਚਲਾਇਆ' ਰਾਹੀਂ ਸਾੱਨੂੰ ਬਖਸ਼ੀ ਹੈ, ਪਰ ਅਫਸੋਸ ਜਿੰਨਾਂ ਨੂੰ ਅਪਣੇ ਫਿਰਕੇ ਬਾਰੇ ਹੀ ਨਹੀਂ ਪਤਾ ਉਨ੍ਹਾਂ ਲੋਕਾਂ ਦਾ ਸਾਰਾ ਜ਼ੋਰ ਇਹ ਹੀ ਲਗਾ ਹੋਇਆ ਸਿੱਖ ਹਿੰਦੂ ਹਨ ਜਾਂ ਹਿੰਦੂਆਂ ਦਾ ਅੰਗ ਹਨ ।

ਇਹ ਲੋਕ ਸਿੱਖੀ ਵਿਚਾਰਧਾਰਾ ਤੋਂ ਅਣਜਾਣ ਅਤੇ ਸਖਣੇ ਹਨ, ਜੋ ਸਿਖਾਂ ਨੂੰ ਹਿੰਦੂ ਜਾਂ ਹਿੰਦੂਆਂ ਦਾ ਅੰਗ ਦਸਦੇ ਹਨ । ਕੌਮ ਇਨ੍ਹਾਂ ਲੋਕਾਂ ਤੋਂ ਸੁਚੇਤ ਰਹੇ ਅਤੇ ਸਿਰਫ ਦਿੱਖ ਹੋਣ ਨਾਲ ਕੋਈ ਸਿੱਖ ਨਹੀਂ ਬਣਦਾ ਸਗੋਂ ਬਹੁਤ ਵੱਡੀ ਘਾਲਣਾ ਕਰਣ ਮਗਰੋਂ ਹੀ ਸਿੱਖ ਅਖਵਾਇਆ ਜਾਂਦਾ ਹੈ ।