ਲਾਸ ਵੇਗਾਸ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ 14 ਜਖਮੀ,1 ਮੌਤ

ਲਾਸ ਵੇਗਾਸ ਵਿਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ 14 ਜਖਮੀ,1 ਮੌਤ
ਫੋਟੋ ਕੈਪਸ਼ਨ: ਲਾਸ ਵੇਗਾਸ ਪੁਲਿਸ ਨੇ ਸ਼ਨੀਵਾਰ ਨੂੰ ਈਸਟ ਸਹਾਰਾ ਐਵੇਨਿਊ ਦੇ 900 ਬਲਾਕ ਵਿੱਚ ਇੱਕ ਨਾਈਟ ਕਲੱਬ ਵਿੱਚ ਗੋਲੀਬਾਰੀ ਦੀ ਜਾਂਚ ਉਪਰੰਤ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਲਾਸ ਵੇਗਾਸ ਵਿਚ ਇਕ ਹੁੱਕਾ ਲੌਂਜ ਵਿਚ ਚੱਲ ਰਹੀ ਪਾਰਟੀ ਦੌਰਾਨ ਹੋਈ ਤਕਰਾਰ ਉਪਰੰਤ ਚੱਲੀਆਂ ਗੋਲੀਆਂ ਨਾਲ 14 ਵਿਅਕਤੀ ਜਖਮੀ ਹੋ ਗਏ ਤੇ 1 ਵਿਅਕਤੀ ਦੀ ਮੌਤ ਹੋ ਗਈ। ਜਖਮੀਆਂ ਵਿਚੋਂ ਦੋ ਦੀ ਹਾਲਤ ਨਾਜ਼ਕ ਹੈ। ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀ ਕੈਪਟਨ ਡੋਰੀ ਕੋਰੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਦਾ ਵਿਸ਼ਵਾਸ਼ ਹੈ ਕਿ ਪਾਰਟੀ ਵਿਚ ਦੋ ਵਿਅਕਤੀਆਂ ਵਿਚਾਲੇ ਤੂੰ-ਤੂੰ, ਮੈ- ਮੈ ਹੋਣ ਉਪਰੰਤ ਝਗੜਾ ਏਨਾ ਵਧ ਗਿਆ ਕਿ ਗੋਲੀਆਂ ਚੱਲ ਗਈਆਂ। ਉਨਾਂ ਕਿਹਾ ਕਿ ਘਟਨਾ ਉਪਰੰਤ ਸ਼ੱਕੀ ਵਿਅਕਤੀ ਫਰਾਰ ਹੋ ਗਏ ਹਨ ਪਰੰਤੂ ਉਨਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ। ਕੋਰੇਨ ਦਾ ਕਹਿਣਾ ਹੈ ਕਿ ਪੁਲਿਸ  ਅਜੇ ਇਹ ਨਹੀਂ ਜਾਣਦੀ ਕਿ ਗੋਲੀਬਾਰੀ ਵਿਚ ਕਿੰਨੇ ਲੋਕ ਸ਼ਾਮਿਲ ਸਨ ਪਰੰਤੂ ਘੱਟੋ  ਘੱਟ ਦੋ ਵਿਅਕਤੀਆਂ ਵਿਚਾਲੇ ਗੋਲੀਆਂ ਦਾ ਵਟਾਂਦਰਾ ਹੋਇਆ ਹੋ ਸਕਦਾ ਹੈ। ਉਨਾਂ ਕਿਹਾ ਕਿ ਇਹ ਘਟਨਾ ਤੜਕਸਾਰ 3.15 ਵਜੇ ਦੇ ਆਸ ਪਾਸ ਵਾਪਰੀ। ਕੋਰੇਨ ਨੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਤੇ ਕਿਹਾ ਹੈ ਕਿ ਦੋਸ਼ੀਆਂ ਨੂੰ ਜਲਦੀ ਹੀ ਕਟਹਿਰੇ ਵਿਚ ਖੜਾ ਕੀਤਾ ਜਾਵੇਗਾ। ਉਨਾਂ ਹੋਰ ਕਿਹਾ ਕਿ ਗੰਨ ਹਿੰਸਾ ਖਤਮ ਕਰਨ ਲਈ ਸਾਨੂੰ ਹੋਰ ਕਾਰਗਰ ਕਦਮ ਚੁੱਕਣੇ ਪੈਣਗੇ।