ਜ਼ਿਲ੍ਹੇ ਵਿਚ ਜਿਹਾਦੀਆਂ ਨਾਲ ਹੋਏ ਇਕ ਮੁਕਾਬਲੇ ਵਿਚ  ਪੰਜ ਫੌਜੀ ਸ਼ਹੀਦ 

ਜ਼ਿਲ੍ਹੇ ਵਿਚ ਜਿਹਾਦੀਆਂ ਨਾਲ ਹੋਏ ਇਕ ਮੁਕਾਬਲੇ ਵਿਚ  ਪੰਜ ਫੌਜੀ ਸ਼ਹੀਦ 

* ਕਿਸੇ ਦਾ ਪੁੱਤ  40 ਦਿਨਾਂ ਦਾ ਹੋਇਆ ਤੇ ਕਿਧਰੇ ਵਿਆਹ ਨੂੰ ਹੋਏ ਸੀ ਮਹਿਜ਼ 6 ਮਹੀਨੇ

ਅੰਮ੍ਰਿਤਸਰ ਟਾਇਮਜ਼ 

ਪੁਣਛ ਬੀਤੇ ਸੋਮਵਾਰ ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਜਿਹਾਦੀਆਂ ਨਾਲ ਹੋਏ ਇਕ ਮੁਕਾਬਲੇ ਵਿਚ ਭਾਰਤੀ ਥਲ ਸੈਨਾ ਦੇ ਇਕ ਜੂਨੀਅਰ ਕਮਿਸ਼ਨਡ ਅਫ਼ਸਰ ਸਮੇਤ ਪੰਜ ਸੈਨਿਕ ਸ਼ਹੀਦ ਹੋ ਗਏ। ਇਨ੍ਹਾਂ ਵਿਚੋਂ ਤਿੰਨ ਨਾਇਬ ਸੂਬੇਦਾਰ ਜਸਵਿੰਦਰ ਸਿੰਘ, ਨਾਇਕ ਮਨਦੀਪ ਸਿੰਘ ਅਤੇ ਸਿਪਾਹੀ ਗੱਜਣ ਸਿੰਘ ਪੰਜਾਬ ਦੇ ਰਹਿਣ ਵਾਲੇ ਸਨ; ਸਿਪਾਹੀ ਸਰਾਜ ਸਿੰਘ ਉੱਤਰ ਪ੍ਰਦੇਸ਼ ਅਤੇ ਵੈਸਾਖ ਐੱਚ ਕੇਰਲ ਦੇ ਵਸਨੀਕ ਸਨ। ਨਾਇਬ ਸੂਬੇਦਾਰ ਜਸਵਿੰਦਰ ਸਿੰਘ ਕਪੂਰਥਲਾ ਜ਼ਿਲ੍ਹੇ ਦੇ ਭੁਲੱਥ ਨੇੜੇ ਪਿੰਡ ਮਾਨਾ ਤਲਵੰਡੀ, ਨਾਇਕ ਮਨਦੀਪ ਸਿੰਘ ਗੁਰਦਾਸਪੁਰ ਦੇ ਘਣੀਏ ਕੇ ਬਾਂਗਰ ਨੇੜਲੇ ਪਿੰਡ ਚੱਠਾ ਅਤੇ ਗੱਜਣ ਸਿੰਘ ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਨੇੜਲੇ ਪਿੰਡ ਪਚਰੰਡਾ ਦੇ ਰਹਿਣ ਵਾਲੇ ਸਨ। ਇਨ੍ਹਾਂ ਮੌਤਾਂ ਨਾਲ ਪੰਜਾਬ ਵਿਚ ਮਾਤਮ ਛਾ ਗਿਆ ਹੈ ਤੇ ਵਾਇਰਲ ਹੋਈਆਂ ਵੀਡੀਓ ਕਲਿੱਪਾਂ ਵਿਚ ਪਰਿਵਾਰਾਂ ਦੇ ਵਿਰਲਾਪ ਦਿਲ ਹਿਲਾ ਦਿੰਦੇ ਹਨ।ਇਸ ਦੁਖਾਂਤ ਦੇ ਨਾਲ ਨਾਲ ਇਹ ਘਟਨਾਕ੍ਰਮ ਇਹ ਵੀ ਦੱਸਦਾ ਹੈ ਕਿ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਪਿੰਡਾਂ ਦੇ ਜਾਏ ਹਨ।

ਉਨ੍ਹਾਂ ਦਾ ਸਬੰਧ ਖੇਤੀ ਖੇਤਰ ਵਿਚ ਕੰਮ ਕਰਦੇ ਪਰਿਵਾਰਾਂ ਨਾਲ ਹੈ। ਦੇਸ਼ ਦੇ ਕਿਸਾਨ ਦਸ ਮਹੀਨਿਆਂ ਤੋਂ ਵੱਧ ਸਮੇਂ ਤੋਂ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਦੇ ਮੰਤਰੀ ਅਤੇ ਭਾਜਪਾ ਦੇ ਆਗੂ ਉਨ੍ਹਾਂ ਦੇ ਸੰਘਰਸ਼ ਨੂੰ ਕਦੀ ਅਤਿਵਾਦੀ, ਕਦੀ ਖਾਲਿਸਤਾਨੀ ਅਤੇ ਕਦੀ ਪਾਕਿਸਤਾਨੀ ਦੱਸਦੇ ਰਹੇ ਹਨ। ਸੱਚ ਇਹ ਹੈ ਕਿ ਅੰਦੋਲਨ ਕਰਨ ਵਾਲੇ ਕਿਸਾਨ ਅਤੇ ਖੇਤ ਮਜ਼ਦੂਰ ਖੇਤਾਂ ਵਿਚ ਖ਼ੂਨ-ਪਸੀਨਾ ਇਕ ਕਰਦੇ ਹਨ ਜਦੋਂਕਿ ਉਨ੍ਹਾਂ ਦੇ ਪੁੱਤਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਜਾਂ ਅੰਦਰੂਨੀ ਸੁਰੱਖਿਆ ਲਈ ਲੜਦੇ ਹੋਏ ਸ਼ਹੀਦ ਹੁੰਦੇ ਹਨ। ਇਸ ਲਈ ਇਹ ਸਵਾਲ ਉਠਾਇਆ ਜਾਣਾ ਵਾਜਬ ਹੈ ਕਿ ਦੇਸ਼ ਲਈ ਸ਼ਹੀਦ ਹੋਣ ਵਾਲੇ ਫ਼ੌਜੀਆਂ ਦੇ ਭੈਣਾਂ-ਭਰਾਵਾਂ, ਮਾਪਿਆਂ ਅਤੇ ਰਿਸ਼ਤੇਦਾਰਾਂ, ਜਿਹੜੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ, ਵਿਰੁੱਧ ਅਤਿਵਾਦੀ, ਖਾਲਿਸਤਾਨੀ ਜਾਂ ਪਾਕਿਸਤਾਨੀ ਹੋਣ ਦਾ ਪ੍ਰਵਚਨ ਕਿਉਂ ਉਸਾਰਿਆ ਗਿਆ। ਦੇਸ਼ ਦੇ ਬਹੁਤ ਸਾਰੇ ਸੁਰੱਖਿਆ ਮਾਹਿਰਾਂ ਨੇ ਕਈ ਵਾਰ ਰਾਏ ਦਿੱਤੀ ਹੈ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਅਤੇ ਇੱਥੇ ਲੋਕ ਵਿਰੋਧੀ ਸਿਆਸਤ ਕਰਨਾ ਇਸ ਖ਼ਿੱਤੇ ਨੂੰ ਤਬਾਹੀ ਵੱਲ ਲਿਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ 1980ਵਿਆਂ ਵਿਚ ਲੋਕ ਵਿਰੋਧੀ ਸਿਆਸਤ ਨਾਲ ਪੰਜਾਬ ਦਾ ਘਾਣ ਕੀਤਾ ਅਤੇ ਹੁਣ ਵੀ ਕੇਂਦਰ ਸਰਕਾਰ ਦੀ ਸਿਆਸਤ ਦੀ ਨੁਹਾਰ ਉਹੋ ਜਿਹੀ ਹੀ ਹੈ। ਖੇਤੀ ਕਾਨੂੰਨਾਂ ਦਾ ਮੁੱਦਾ ਬਾਹਰੀ ਰੂਪ ਵਿਚ ਤਾਂ ਆਰਥਿਕ ਲੱਗਦਾ ਹੈ ਪਰ ਇਸ ਦਾ ਦਿਹਾਤੀ ਲੋਕਾਂ ਅਤੇ ਕਿਸਾਨਾਂ ਦੇ ਮਾਨਸਿਕ ਸੰਸਾਰ ਨਾਲ ਡੂੰਘਾ ਤੁਅੱਲਕ ਹੈ ਕਿਉਂਕਿ ਕਿਸਾਨ ਸਪੱਸ਼ਟ ਰੂਪ ਵਿਚ ਇਹ ਸਮਝ ਰਹੇ ਹਨ ਕਿ ਖੇਤੀ ਕਾਨੂੰਨ ਕਾਰਪੋਰੇਟ ਅਦਾਰਿਆਂ ਦੇ ਖੇਤੀ ਖੇਤਰ ਵਿਚ ਦਾਖ਼ਲ ਹੋਣ ਦਾ ਰਾਹ ਪੱਧਰਾ ਕਰਵਾਉਣ ਲਈ ਬਣਾਏ ਗਏ ਹਨ। ਜਿੱਥੇ ਪੰਜਾਬ ਦੇ ਲੋਕ ਲਖੀਮਪੁਰ ਖੀਰੀ ਵਿਚ ਹੋਈਆਂ ਕਿਸਾਨ ਸ਼ਹਾਦਤਾਂ ਦੇ ਦੁੱਖ ਵਿਚ ਸ਼ਾਮਲ ਹਨ, ਉੱਥੇ ਆਪਣੇ ਪਿੰਡਾਂ ਦੇ ਜਾਇਆਂ ਦੀ ਕਸ਼ਮੀਰ ਵਿਚ ਹੋਈ ਸ਼ਹਾਦਤ ਦਾ ਦੁੱਖ ਵੀ ਭੋਗ ਰਹੇ ਹਨ। ਕਿਸਾਨ ਮੋਰਚੇ ਵਿਚ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਹਨ ਅਤੇ ਕਰਜ਼ਿਆਂ ਦੇ ਬੋਝ ਹੇਠ ਦੱਬੇ ਕਿਸਾਨ ਤੇ ਖੇਤ ਮਜ਼ਦੂਰ ਨਿੱਤ ਖ਼ੁਦਕੁਸ਼ੀਆਂ ਕਰ ਰਹੇ ਹਨ। ਸਰਕਾਰ ਨੂੰ ਜੰਮੂ-ਕਸ਼ਮੀਰ ਵਿਚ ਟਕਰਾਉ ਦਾ ਰਾਹ ਛੱਡ ਕੇ ਜਮਹੂਰੀ ਪ੍ਰਕਿਰਿਆ ਬਹਾਲ ਕਰਨ ਦੇ ਨਾਲ ਨਾਲ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਭਾਵ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨਾਲ ਵੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।

ਡਿਊਟੀ 'ਤੇ ਤੈਨਾਤ ਜਵਾਨਾਂ ਵਿੱਚ 30 ਸਾਲਾਂ ਦੇ ਮਨਦੀਪ ਸਿੰਘ ਗੁਰਦਾਸਪੁਰ ਦੇ ਪਿੰਡ ਚੱਠਾ ਦੇ ਰਹਿਣ ਵਾਲੇ ਸੀ। ਮਨਦੀਪ ਸਿੰਘ ਆਪਣੇ ਪਿੱਛੇ ਅਪਣੀ ਬਜ਼ੁਰਗ ਮਾਤਾ ਮਨਜੀਤ ਕੌਰ, ਪਤਨੀ ਮਨਦੀਪ ਕੌਰ ਅਤੇ ਦੋ ਪੁੱਤਰ ਛੱਡ ਗਏ ਹਨ।ਕੁਝ ਦਿਨ ਪਹਿਲਾਂ ਹੀ ਮਨਦੀਪ ਦੇ ਘਰ ਬੇਟੇ ਦਾ ਜਨਮ ਹੋਇਆ ਸੀ ਅਤੇ ਖੁਦ ਮਨਦੀਪ ਵੀ ਮਹਿਜ 15 ਦਿਨ ਪਹਿਲਾਂ ਹੀ ਆਪਣੀ ਡਿਊਟੀ ’ਤੇ ਪਰਤੇ ਸੀ। ਮਨਦੀਪ ਦਾ ਛੋਟਾ ਬੇਟਾ ਜੋ ਮਹਿਜ਼ 40 ਦਿਨ ਦਾ ਹੋਇਆ ਹੈ, ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ ਅਤੇ ਘਰ 'ਚ ਮਾਹੌਲ ਗ਼ਮਗੀਨ ਹੈ।ਕਰੀਬ 21 ਸਾਲ ਪਹਿਲਾਂ ਫੌਜ 'ਚ ਭਰਤੀ ਹੋਏ ਜਸਵਿੰਦਰ ਸਿੰਘ ਨੂੰ 2007 'ਚ ਜਿਹਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਬਹਾਦੁਰੀ ਵਿਖਾਉਣ ਵਾਸਤੇ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ।ਜਸਵਿੰਦਰ ਦੇ ਵੱਡੇ ਭਰਾ ਵੀ ਭਾਰਤੀ ਫੌਜ ਤੋਂ ਹਵਾਲਦਾਰ ਅਹੁਦੇ ਤੋਂ ਰਿਟਾਇਰ ਹਨ ਤੇ ਉਹਨਾਂ ਦੇ ਪਿਤਾ ਆਨਰੇਰੀ ਕੈਪਟਨ ਹਰਭਜਨ ਸਿੰਘ ਵੀ ਇਸੇ ਰੈਜਿਮੈਂਟ ਤੋਂ ਹੀ ਰਿਟਾਇਰ ਸਨ।ਪਿੰਡ ਵਾਲਿਆਂ ਅਨੁਸਾਰ ਜਸਵਿੰਦਰ ਜਦੋਂ ਵੀ ਛੁੱਟੀ ਆਉਂਦੇ ਤਾਂ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਹੋਣ ਲਈ ਪ੍ਰੇਰਿਤ ਕਰਦੇ ਸੀ।ਉਨ੍ਹਾਂ ਦੇ ਬਚਪਨ ਦੇ ਦੋਸਤ ਸੁਖਜਿੰਦਰ ਸਿੰਘ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਪੂਰੇ ਪਿੰਡ ਨੂੰ ਮਾਣ ਹੈ ਕਿ ਉਨ੍ਹਾਂ ਦੇ ਦੋਸਤ ਨੇ ਦੇਸ਼ ਲਈ ਜਾਨ ਦਿੱਤੀ ਹੈ।ਜਸਵਿੰਦਰ ਸਿੰਘ ਦੇ ਭਰਾ ਰਾਜਿੰਦਰ ਸਿੰਘ ਨੇ ਦੱਸਿਆ ਕਿ  ਉਨ੍ਹਾਂ ਨੂੰ ਆਪਣੇ ਭਰਾ ਦੇ ਜਾਣ ਦਾ ਦੁਖ ਵੀ ਹੈ ਅਤੇ ਆਪਣੇ ਛੋਟੇ ਭਰਾ 'ਤੇ ਗਰਵ ਵੀ ਹੈ। ਜ਼ਿਲ੍ਹਾ ਰੋਪੜ ਦੇ ਪਿੰਡ ਪੰਚਹਰਾਂਡਾ ਤੋਂ ਸਿਪਾਹੀ ਗੱਜਣ ਸਿੰਘ ਦਾ ਫ਼ਰਵਰੀ 2021 ਨੂੰ ਹਰਪ੍ਰੀਤ ਕੌਰ ਨਾਲ ਵਿਆਹ ਹੋਇਆ ਸੀ । ਗੱਜਣ ਸਿੰਘ ਆਪਣੀ ਪਤਨੀ ਨੂੰ ਟਰੈਕਟਰ ਉੱਤੇ ਵਿਆਹ ਕੇ ਲੈਕੇ ਆਇਆ ਸੀ।ਗੱਜਣ ਸਿੰਘ ਦਾ ਜਨਮ 27 ਸਾਲ ਪਹਿਲਾਂ ਪਿੰਡ ਪਚਰੰਡਾ ਜ਼ਿਲ੍ਹਾ ਰੋਪੜ ਵਿਖੇ ਪਿਤਾ ਚਰਨ ਸਿੰਘ ਮਾਤਾ ਮਲਕੀਤ ਕੌਰ ਦੇ ਘਰ ਹੋਇਆ। ਗੱਜਣ ਸਿੰਘ ਦੇ ਤਿੰਨ ਭਰਾ ਹੋਰ ਵੀ ਹਨ।ਉਹ 8 ਸਾਲ ਪਹਿਲਾਂ ਭਾਰਤੀ ਫੌਜ ਦੀ 23 ਸਿੱਖ ਰੈਜੀਮੈਂਟ ਵਿੱਚ ਭਰਤੀ ਹੋਏ ਸੀ ਅਤੇ ਇਸ ਵੇਲੇ ਫ਼ੌਜ ਦੀ 16 ਆਰ. ਆਰ. ਰੈਜੀਮੈਂਟ ਵਿੱਚ ਪੂੰਛ ਵਿਖ਼ੇ ਤਾਇਨਾਤ ਸੀ ।ਗੱਜਣ ਸਿੰਘ ਦੀ ਮੌਤ ਦੀ ਖ਼ਬਰ ਮਿਲਣ 'ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਘਰ ਵਿੱਚ ਗ਼ਮਗੀਨ ਮਾਹੌਲ ਹੈ। ਗੱਜਣ ਸਿੰਘ ਅਪਣੇ ਪਰਿਵਾਰ 'ਚ ਸਭ ਤੋਂ ਛੋਟੇ ਸੀ ।ਉਨ੍ਹਾਂ ਦੀ ਪਤਨੀ ਹਰਪ੍ਰੀਤ ਕੌਰ  ਨੇ ਇਹ ਹੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਪਤੀ 'ਤੇ ਮਾਣ ਹੈ।