ਸਮੁੰਦਰ ਵਿਚ ਡੁੱਬੇ ਜਹਾਜ਼ ਦੇ ਸਾਰੇ 8 ਯਾਤਰੀ ਮਾਰੇ ਜਾਣ ਦਾ ਖਦਸ਼ਾ,1 ਲਾਸ਼ ਬਰਾਮਦ

ਸਮੁੰਦਰ ਵਿਚ ਡੁੱਬੇ ਜਹਾਜ਼ ਦੇ ਸਾਰੇ 8 ਯਾਤਰੀ ਮਾਰੇ ਜਾਣ ਦਾ ਖਦਸ਼ਾ,1 ਲਾਸ਼ ਬਰਾਮਦ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਉਤਰੀ ਕੈਲੀਫੋਰਨੀਆ ਦੇ ਬਾਹਰੀ ਤੱਟ ਨੇੜੇ ਸਮੁੰਦਰ ਵਿਚ ਡਿੱਗ ਕੇ ਡੁੱਬੇ ਇਕ ਹਵਾਈ ਜਹਾਜ਼ ਵਿਚ ਸਵਾਰ ਸਾਰੇ 8 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਯੂ ਐਸ ਕੋਸਟ ਗਾਰਡਾਂ ਨੂੰ ਹੁਣ ਤੱਕ ਇਕ ਲਾਸ਼ ਮਿਲੀ ਹੈ। ਇਹ ਘਟਨਾ ਡਰਮ ਇਨਲੈਟ ਦੇ ਪੂਰਬ ਵਿਚ ਤਕਰੀਬਨ 4 ਮੀਲ ਦੂਰ ਵਾਪਰੀ। ਕਾਰਟਰੈਟ ਕਾਊਂਟੀ ਦੇ ਸ਼ੈਰਿਫ ਆਸਾ ਬੱਕ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਾਲਾਂ ਕਿ 7 ਲਾਪਤਾ ਵਿਅਕਤੀਆਂ ਦੀ ਗੋਤਾਖੋਰ ਤਲਾਸ਼ ਕਰ ਰਹੇ ਹਨ ਪਰੰਤੂ ਇਨਾਂ ਵਿਚੋਂ ਕਿਸੇ ਦੇ ਵੀ ਜੀਂਦੇ ਹੋਣ ਦਾ ਸਾਨੂੰ ਕੋਈ ਸੰਕੇਤ ਨਹੀਂ ਮਿਲਿਆ ਹੈ। ਯੂ ਐਸ ਕੋਸਟ ਗਾਰਡ ਅਫਸਰ ਸਟੀਵ ਲੇਹਮੈਨ ਨੇ ਕਿਹਾ ਹੈ ਕਿ ਤਬਾਹ ਹੋਏ ਜਹਾਜ਼ ਦਾ ਕੁਝ ਮਲਬਾ ਡਰਮ ਇਨਲੈਟ ਨੇੜੇ ਬਰਾਮਦ ਕੀਤਾ ਗਿਆ ਹੈ। ਕੋਸਟ ਗਾਰਡ ਦੁਆਰਾ ਜਾਰੀ ਪ੍ਰੈਸ ਰਲੀਜ ਵਿਚ ਕਿਹਾ ਗਿਆ ਹੈ ਕਿ ਪਿਲਾਟਸ ਪੀ ਸੀ-12 ਇਕ ਇੰਜਣ ਵਾਲਾ ਜਹਾਜ ਰਾਡਾਰ ਸਕਰੀਨ ਤੋਂ ਲਾਪਤਾ ਹੋਣ ਤੋਂ ਪਹਿਲਾਂ ਡਾਵਾਂਡੋਲ ਹੋ ਗਿਆ ਸੀ। ਲਾਪਤਾ ਵਿਅਕਤੀਆਂ ਦੀ ਤਲਾਸ਼ ਵਿਚ ਕਿਸ਼ਤੀਆਂ ਤੇ ਹੈਲੀਕਾਪਟਰ ਦੀ ਮੱਦਦ ਲਈ ਜਾ ਰਹੀ ਹੈ।  ਹਾਦਸੇ ਦੀ ਨੈਸ਼ਨਲ ਟਰਾਂਸਪੋਰਟ ਸੇਫਟੀ ਬੋਰਡ ਜਾਂਚ ਕਰ ਰਿਹਾ ਹੈ। ਗਵਰਨਰ ਰਾਏ ਕੂਪਰ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ ਤੇ ਰਾਜ ਤੇ ਸਥਾਨਕ ਏਜੰਸੀਆਂ ਦੀ ਲਾਪਤਾ ਵਿਅਕਤੀਆਂ ਦੀ  ਤਲਾਸ਼ ਕਰਨ ਵਿਚ ਕੋਸਟ ਗਾਰਡਾਂ ਦੀ ਕੀਤੀ ਜਾ ਰਹੀ ਮੱਦਦ ਦੀ ਸ਼ਲਾਘਾ ਕੀਤੀ ਹੈ।