ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤਾਂ ਪੰਥ ਸਜ਼ਾ ਦੇਵੇਗਾ - ਜਥੇਦਾਰ ਅੰਮ੍ਰਿਤਪਾਲ ਸਿੰਘ

ਦੋਸ਼ੀਆਂ ਨੂੰ ਸਜ਼ਾ ਨਾ ਮਿਲੀ ਤਾਂ ਪੰਥ ਸਜ਼ਾ ਦੇਵੇਗਾ - ਜਥੇਦਾਰ ਅੰਮ੍ਰਿਤਪਾਲ ਸਿੰਘ

 *ਜਥੇਦਾਰ ਅਕਾਲ ਤਖ਼ਤ ਸਾਹਿਬ ,ਸ੍ਰੋਮਣੀ ਕਮੇਟੀ ਪ੍ਰਧਾਨ ,ਰਵਨੀਤ ਬਿੱਟੂ ਵਲੋਂ ਤਿੱਖੀ ਆਲੋਚਨਾ

*ਦਿੱਲੀ ਵਿਚ ਵਿਆਹੀ ਨੌਜਵਾਨ ਸਿੱਖ ਲੜਕੀ ਨਾਲ ਸਮੂਹਿਕ ਬਲਾਤਕਾਰ

ਅੰਮ੍ਰਿਤਸਰ ਟਾਈਮਜ਼

ਦਿੱਲੀ:ਗਣਤੰਤਰ ਦਿਵਸ 'ਤੇ ਬੁੱਧਵਾਰ ਦੌਰਾਨ ਵਿਵੇਕ ਵਿਹਾਰ ਦੇ ਕਸਤੂਰਬਾ ਨਗਰ  ਦਿੱਲੀ ਵਿਚ ਵਿਆਹੀ ਸਿਖ ਲੜਕੀ ਨਾਲ ਸਮੂਹਿਕ ਬਲਾਤਕਾਰ ਦੀ  ਵਾਪਰੀ ਘਟਨਾ ਨੇ ਰਾਜਧਾਨੀ ਨੂੰ ਸ਼ਰਮਸਾਰ ਕਰ ਦਿੱਤਾ। ਸਮੂਹਿਕ ਬਲਾਤਕਾਰ ਤੋਂ ਬਾਅਦ ਗੁੰਡਿਆ ਅਤੇ ਕੁਝ ਔਰਤਾਂ ਨੇ ਮੂੰਹ 'ਤੇ ਕਾਲਖ ਮਲ ਕੇ ਉਸ ਨੂੰ ਸੜਕਾਂ ਉਪਰ ਅਰਧ ਨੰਗੀ ਘੁਮਾਇਆ। ਗੁੰਡਿਆਂ ਨੇ ਉਸ ਦੇ ਕੇਸ ਕੱਟ ਦਿੱਤੇ ਅਤੇ ਉਸ ਦੇ ਗਲੇ ਵਿੱਚ ਜੁੱਤੀਆਂ ਤੇ ਚੱਪਲਾਂ ਦਾ ਹਾਰ ਵੀ ਪਾ ਦਿੱਤਾ।ਪੁਲਿਸ ਦੇ ਡਿਪਟੀ ਕਮਿਸ਼ਨਰ ਆਰ ਸੱਤਿਆਸੁੰਦਰਮ ਨੇ ਦੱਸਿਆ ਕਿ ਸੱਤ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦ ਕਿ ਦੋ ਨਾਬਾਲਗਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲੀਸ ਅਨੁਸਾਰ ਗੁੰਡਿਆਂ ਨੇ ਪੀੜਤ ਔਰਤ ਨੂੰ ਉਸ ਦੇ ਕਰਕਰਦੂਮਾ ਸਥਿਤ ਘਰ ਤੋਂ ਅਗਵਾ ਕਰ ਲਿਆ ਸੀ । ਸੂਚਨਾ ਅਨੁਸਾਰ ਔਰਤ ਨਾਲ ਗੈਰ-ਕੁਦਰਤੀ ਸੈਕਸ ਕਰਨ ਤੋਂ ਬਾਅਦ ਤਿੰਨ ਵਿਅਕਤੀਆਂ ਨੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ, ਬਦਸਲੂਕੀ ਕੀਤੀ ਤੇ ਮਿਰਚ ਪਾਊਡਰ ਉਸ ਦੇ ਗੁਪਤ ਅੰਗ ਵਿੱਚ ਪਾ ਦਿੱਤਾ। ਦਰਅਸਲ  ਦੋਸ਼ੀ ਪਰਿਵਾਰ ਦਾ 16 ਸਾਲਾ ਲੜਕਾ ਪੀੜਤ ਲੜਕੀ ਨਾਲ  ਦੋਸਤੀ ਕਰਨ ਲਈ ਦਬਾਅ ਪਾ ਰਿਹਾ ਸੀ।  ਪਿਛਲੇ ਸਾਲ ਨਵੰਬਰ ਵਿਚ ਲੜਕੀ ਨੇ ਨਾਬਾਲਗ ਲੜਕੇ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਗੁੱਸੇ ਵਿਚ ਆਏ ਲੜਕੇ ਨੇ 12 ਨਵੰਬਰ ਨੂੰ ਵਿਵੇਕ ਵਿਹਾਰ ਵਿਚ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਲੜਕੇ ਦੇ ਪਰਿਵਾਰ ਨੇ ਉਸ ਨੂੰ ਆਪਣੇ ਬੇਟੇ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਮ੍ਰਿਤਕ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ। ਉਸ ਦੇ ਪਰਿਵਾਰ ਵਿੱਚ ਉਸ ਦੇ ਮਾਪਿਆਂ ਤੋਂ ਇਲਾਵਾ ਇੱਕ ਛੋਟੀ ਭੈਣ ਅਤੇ ਭਰਾ ਵੀ ਹੈ। ਵਿਆਹ ਤੋਂ ਬਾਅਦ ਔਰਤ ਆਪਣੇ ਸਹੁਰੇ ਘਰ ਸੀਮਾਪੁਰੀ ਰਹਿੰਦੀ ਸੀ ਪਰ ਲੜਕੇ ਦੀ ਮੌਤ ਤੋਂ ਬਾਅਦ ਜਦੋਂ ਉਸ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੀ ਭਾਲ ਸ਼ੁਰੂ ਕੀਤੀ ਤਾਂ ਉਹ ਗੁਪਤ ਰੂਪ ਵਿਚ ਕੜਕੜਡੂਮਾ ਵਿਚ ਰਹਿਣ ਲੱਗੀ।ਪੁਲਸ ਡੀਸੀਪੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਸ ਨਾਲ ਵੀ ਦੋਸ਼ੀਆਂ ਨੇ ਬਦਸਲੂਕੀ ਕੀਤੀ ਹੈ।ਪੁਲੀਸ ਨੇ  ਗੁੰਡਿਆਂਂ ਦੀ ਭੀੜ ਵਿਚੋਂ ਪੀੜਤ ਔਰਤ ਨੂੰ ਬਚਾਇਆ ਤੇ ਥਾਣੇ ਲਿਆਂਦਾ ਗਿਆ। ਵਿਵੇਕ ਵਿਹਾਰ ਥਾਣਾ ਪੁਲਸ ਨੇ ਉਸ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਸੂਚਨਾ ਅਨੁਸਾਰ ਬੀਤੇ ਬੁੱਧਵਾਰ ਸਵੇਰੇ 10.45 ਵਜੇ ਔਰਤ ਦੀ ਛੋਟੀ ਭੈਣ ਆਪਣੀ ਭੈਣ  ਲਈ ਘਰ ਤੋਂ ਕੁਝ ਸਾਮਾਨ ਲੈ ਕੇ ਘਰੋਂ ਨਿਕਲੀ। ਲੜਕੇ ਦਾ ਪਰਿਵਾਰ ਉਸ ਦੇ ਪਿੱਛੇ-ਪਿੱਛੇ ਆ ਗਿਆ। ਫਿਰ ਉਹ ਕੜਕੜਡੂਮਾ ਵਿੱਚ ਪੀੜਤ ਦੇ ਘਰ ਪਹੁੰਚਿਆ। ਉਥੇ, ਕਈ ਔਰਤਾਂ ਅਤੇ ਹੋਰ ਲੋਕਾਂ ਨੇ ਪੀੜਤਾ ਨੂੰ ਅਗਵਾ ਕਰ ਲਿਆ ਅਤੇ ਉਸ ਨੂੰ ਆਟੋ ਵਿੱਚ ਬਿਠਾ ਲਿਆ। ਰਸਤੇ ਵਿਚ ਹੀ ਉਸ ਦੀ ਕੁੱਟਮਾਰ ਕੀਤੀ। ਫਿਰ ਉਸਨੂੰ ਕਸਤੂਰਬਾ ਨਗਰ ਦੇ ਇੱਕ ਘਰ ਵਿੱਚ ਲਿਆਂਦਾ ਗਿਆ ਅਤੇ ਦੋ ਨਾਬਾਲਗਾਂ ਅਤੇ ਇੱਕ ਹੋਰ ਲੜਕੇ ਦੇ ਹਵਾਲੇ ਕਰ ਦਿੱਤਾ ਗਿਆ।ਵੀਡੀਓ ਵਿਚ ਪੀੜਤਾ ਨੂੰ ਕੁੱਟਣ 'ਤੇ ਭੀੜ ਵਿਚ ਮੌਜੂਦ ਬਦਮਾਸ਼ ਲੋਕ ਉੱਚੀ-ਉੱਚੀ ਰੌਲਾ ਪਾਉਂਦੇ ਅਤੇ ਹੂਟਿੰਗ ਕਰਦੇ ਨਜ਼ਰ ਆ ਰਹੇ ਹਨ। ਕਿਸੇ ਨੇ ਵੀ ਉਸ ਪੀੜਤਾ ਦੀ ਮਦਦ ਨਹੀਂ ਕੀਤੀ।

ਅਪਰਾਧੀ ਨਸ਼ੇ ਦੇ  ਸਮਗਲਰ                                                                                                 ਦੋਸ਼ੀ ਪਰਿਵਾਰ ਅਪਰਾਧੀ ਕਿਸਮ ਦੇ ਲੋਕ ਹਨ। ਉਹਨਾਂ ਉਪਰ ਸ਼ਰਾਬ ਅਤੇ ਨਸ਼ਾ ਵੇਚਣ ਦੇ ਕਈ ਮਾਮਲੇ ਦਰਜ ਹਨ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ।                                                                                    

 ਮਹਿਲਾ ਕਮਿਸ਼ਨ ਵਲੋਂ ਦਿੱਲੀ ਪੁਲਿਸ ਨੂੰ  ਨੋਟਿਸ

ਦਿੱਲੀ ਮਹਿਲਾ ਕਮਿਸ਼ਨ ਨੇ ਇਸ ਘਟਨਾ ਸਬੰਧੀ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਜਲਦੀ ਕਦਮ ਚੁੱਕਣ ਦੀ ਮੰਗ ਕੀਤੀ ਹੈ।ਇਸ ਸਬੰਧੀ ਟਵੀਟ ਕਰਦਿਆਂ ਦਿੱਲੀ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਲਿਖਿਆ “ਕਸਤੂਰਬਾ ਨਗਰ ਵਿਚ ਇਕ 20 ਸਾਲ ਦੀ ਲੜਕੀ ਦਾ ਗੈਰ-ਕਾਨੂੰਨੀ ਸ਼ਰਾਬ ਵੇਚਣ ਵਾਲਿਆਂ ਵਲੋਂ ਸਮੂਹਿਕ ਬਲਾਤਕਾਰ ਕੀਤਾ ਗਿਆ। ਉਸ ਦਾ ਸਿਰ ਮੁੰਨ ਦਿੱਤਾ ਗਿਆ ਅਤੇ ਉਸ ਦਾ ਮੂੰਹ ਕਾਲਾ ਕਰ ਦਿੱਤਾ ਗਿਆ। ਮੈਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਸਾਰੇ ਦੋਸ਼ੀ ਮਰਦਾਂ ਅਤੇ ਔਰਤਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਲੜਕੀ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਦਿੱਲੀ ਦੇ ਸ਼ਾਹਦਰਾ ਇਲਾਕੇ ਦੇ ਕਸਤੂਰਬਾ ਨਗਰ ਵਿਚ ਇਕ ਔਰਤ ਨੂੰ ਅਗਵਾ ਕਰਨ ਅਤੇ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਪੁਲਿਸ ਨੇ ਹੁਣ ਤੱਕ 9 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਪੁਲਿਸ ਨੇ ਵੀਰਵਾਰ ਸ਼ਾਮ ਤੱਕ ਸੱਤ ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਦੀ ਪਛਾਣ ਸ਼ਾਲੂ, ਰਾਜਜੀ, ਪ੍ਰੇਰਨਾ, ਕੋਮਲ, ਵਰਸ਼ਾ, ਪ੍ਰੀਤੀ ਅਤੇ ਬੇਬੀ ਵਜੋਂ ਹੋਈ ਹੈ। ਸਾਰੀਆਂ ਔਰਤਾਂ ਇੱਕ ਦੂਜੇ ਦੀਆਂ ਰਿਸ਼ਤੇਦਾਰ ਹਨ।ਦਿੱਲੀ ਪੁਲਿਸ ਦਾ ਕਹਿਣਾ ਹੈ ਕਿ ਐਫਆਈਆਰ ਵਿਚ 11 ਲੋਕਾਂ ਦੇ ਨਾਮ ਦਰਜ ਕੀਤੇ ਗਏ ਹਨ। ਦਿੱਲੀ ਪੁਲਿਸ ਨੇ ਇਹ ਵੀ ਦੱਸਿਆ ਕਿ ਜਲਦ ਹੀ ਹੋਰ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।                                                                     ਗਲਤ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਕੇਸ ਦਰਜ

ਇਸ ਸੰਬੰਧੀ ਡੀ. ਸੀ. ਪੀ. (ਸ਼ਾਹਦਰਾ) ਆਰ ਸਤਿਆਸੁੰਦਰਮ ਨੇ ਦੱਸਿਆ ਕਿ ਅਸੀਂ ਤਿੰਨ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਐਫ.ਆਈ.ਆਰ. ਦਰਜ ਕੀਤੀਆਂ ਹਨ, ਜਿਨ੍ਹਾਂ ਕਸਤੂਰਬਾ ਨਗਰ 'ਚ ਵਾਪਰੀ ਉਕਤ ਘਟਨਾ ਬਾਰੇ ਗਲਤ ਜਾਣਕਾਰੀਆਂ ਤੇ ਅਫਵਾਹਾਂ ਫੈਲਾਈਆਂ ਹਨ, ਜਦਕਿ ਇਸ ਘਟਨਾ ਨੂੰ ਧਾਰਮਿਕ ਰੰਗਤ ਦਿੱਤੀ ਹੈ । ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਬਾਕੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ।           ਲੜਕੀ ਦਾ ਪਰਿਵਾਰ ਦਹਿਸ਼ਤ ਵਿਚ   

ਲੜਕੇ ਦੀ ਆਤਮ ਹਤਿਆ ਬਾਅਦ  ਉਸ ਪੀੜਤਾ 'ਤੇ ਕਈ ਵਾਰ ਹਮਲਾ ਹੋ ਚੁਕਾ ਹੈ , ਉਸ ਨੇ ਦੋ ਵਾਰ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ । ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।ਪੁਲਿਸ ਸ਼ਿਕਾਇਤ ਮਿਲਣ ਤੋਂ ਇਨਕਾਰ ਕਰਦੀ ਹੈ। ਸਮੂਹਿਕ ਬਲਾਤਕਾਰ ਦੀ ਘਟਨਾ ਬਾਅਦ ਪੀੜਤ ਪਰਿਵਾਰ ਦਹਿਸ਼ਤ ਵਿੱਚ ਹੈ। ਉਨ੍ਹਾਂ ਨੂੰ ਆਪਣੀ ਜਾਨ ਦੀ ਚਿੰਤਾ ਹੈ। ਘਰ ਵਿਚ ਛੋਟੀ ਭੈਣ ਅਤੇ ਅੰਗਹੀਣ ਬੀਮਾਰ ਪਿਤਾ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਪਰਿਵਾਰ ਨੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਪਰਿਵਾਰ ਅਨੁਸਾਰ ਦੋਸ਼ੀ ਗੁੰਡਾ ਅਨਸਰ ਪੁਲਿਸ ਜਾਂ ਜੇਲ੍ਹ ਜਾਣ ਤੋਂ ਨਹੀਂ ਡਰਦੇ। ਉਹ ਸ਼ਰੇਆਮ ਕਤਲ ਕਰਨ ਦੀਆਂ ਧਮਕੀਆਂ ਦਿੰਦੇ ਹਨ । ਪਿਛਲੇ ਸਾਲ ਦਿਲ ਦਾ ਦੌਰਾ ਪੈਣ ਨਾਲ ਪੀੜਤ ਦੀ ਮਾਂ ਦੀ ਮੌਤ ਹੋ ਗਈ ਸੀ। ਵਿਆਹ ਤੋਂ ਪਹਿਲਾਂ ਪੀੜਤਾ ਆਂਗਣਵਾੜੀ ਸੈਂਟਰ ਵਿਚ ਕੰਮ ਕਰਦੀ ਸੀ। ਵਿਆਹ ਤੋਂ ਬਾਅਦ, ਉਹ ਆਪਣੇ ਪਤੀ ਨਾਲ ਰਹਿੰਦੀ ਸੀ। ਪਤੀ ਪੂਰਬੀ ਦਿੱਲੀ ਦੇ ਇੱਕ ਹੋਟਲ ਵਿੱਚ ਕੇਅਰ ਟੇਕਰ ਹੈ।                                                         ਪੀਤੜ ਲੜਕੀ ਦੇ ਪਰਿਵਾਰ ਨੂੰ ਸੁਰੱਖਿਆ                                                                               ਸ਼ਾਹਦਰਾ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ ਆਰ ਸਤਿਆਸੁੰਦਰਮ ਨੇ ਕਿਹਾ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਪੀੜਤ ਅਤੇ ਉਸ ਦੇ ਪਰਿਵਾਰ ਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਕਸਤੂਰਬਾ ਨਗਰ ਵਿੱਚ ਪੀੜਤ ਦੇ ਘਰ ਅਤੇ ਕਰਕਰਡੂਮਾ ਪਿੰਡ ਵਿੱਚ ਉਸਦੇ ਘਰ ਦੇ ਬਾਹਰ ਕੁਝ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੁਰੱਖਿਆ ਕੁਝ ਦਿਨਾਂ ਤੱਕ ਜਾਰੀ ਰਹੇਗੀ। ਦੇਰ ਸ਼ਾਮ ਪੀੜਤਾ ਪੁਲਸ ਹਿਰਾਸਤ ਵਿਚੋਂ ਆਪਣੇ ਪਤੀ ਕੋਲ ਵਾਪਸ ਆ ਗਈ ਸੀ।

  ਕੀ ਕਹਿੰਦੇ ਨੇ ਕੇਜਰੀਵਾਲ     

ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ, ਦਿੱਲੀ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ। ਕੇਂਦਰੀ ਗ੍ਰਹਿ ਮੰਤਰੀ ਅਤੇ ਉਪ ਰਾਜਪਾਲ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਪੁਲਿਸ ਨੂੰ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੁਕਮ ਦੇਣ।  ਕੇਜਰੀਵਾਲ ਨੇ ਕਿਹਾ ਕਿ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਇਹਨਾਂ ਦਰਿੰਦਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪੀੜਤ ਨੂੰ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। 

 ਰਵਨੀਤ ਬਿੱਟੂ ਵਲੋਂ ਨਿਖੇਧੀ

 ਰਾਸ਼ਟਰੀ ਰਾਜਧਾਨੀ ਵਿਚ ਸਿੱਖ ਲੜਕੀ ਨਾਲ ਜਬਰ ਜਨਾਹ ਦੇ ਮਾਮਲੇ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਅਤੇ ਆਪ ਪਾਰਟੀ ਵਿਚਾਲੇ ਸੱਤਾ ਦੀ ਲੜਾਈ ਨੇ ਸਮਾਜਿਕ ਅਤੇ ਨੈਤਿਕ ਤਾਣੇ-ਬਾਣੇ ਨੂੰ ਢਾਹ ਲਾਈ ਹੈ।ਉਹਨਾਂ ਲਿਖਿਆ, “ ਰਾਜਧਾਨੀ ਦਿੱਲੀ ਵਿਚ ਇੱਕ ਸਿੱਖ ਮਾਂ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਜਨਤਕ ਤੌਰ 'ਤੇ ਸ਼ਰਮਸਾਰ ਕੀਤਾ ਗਿਆ। ਭਾਜਪਾ ਅਤੇ 'ਆਪ' ਵਿਚਾਲੇ ਸੱਤਾ ਦੀ ਲੜਾਈ ਨੇ ਦਿੱਲੀ ਦੇ ਸਮਾਜਿਕ ਅਤੇ ਨੈਤਿਕ ਤਾਣੇ-ਬਾਣੇ ਨੂੰ ਢਾਹ ਲਾਈ ਹੈ। ਸ਼ੀਲਾ ਜੀ ਦੇ ਰਾਜ ਵਿਚ ਅਜਿਹਾ ਨਹੀਂ ਹੁੰਦਾ ਸੀ।ਕੇਜਰੀਵਾਲ ਦਾ ਕਹਿਣਾ ਗਲਤ ਹੈ ਕਿ ਦਿੱਲੀ ਵਿਚ ਔਰਤਾਂ ਸੁਰੱਖਿਅਤ ਹਨ। ਅਸਲ ਵਿਚ ਦਿੱਲੀ ਕੋਲ ਕੋਈ ਆਗੂ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਗੋਆ ਅਤੇ ਪੰਜਾਬ ਵਿਚ ਵਧੇਰੇ ਸ਼ਕਤੀ ਲਈ ਪ੍ਰਚਾਰ ਕਰਨ ਵਿਚ ਰੁੱਝੇ ਹੋਏ ਹਨ।“                                   ਜਥੇਦਾਰ ਅੰਮਿ੍ਤਪਾਲ ਸਿੰਘ ਨੇ ਲਲਕਾਰਿਆ 

ਅਕਾਲੀ ਦਲ ਅੰਮ੍ਰਿਤਸਰ ਦੇ ਤਰਨਤਾਰਨ ਹਲਕੇ ਦੇ ਉਮੀਦਵਾਰ ਪੀੜਤ ਪਰਿਵਾਰ ਕੋਲ ਪਹੁੰਚੇ।ਉਹਨਾਂ ਕਿਹਾ ਕਿ ਪੁਲੀਸ ਇਨਸਾਫ ਨਹੀਂ ਕਰੇਗੀ ਤਾਂ ਖਾਲਸਾ ਪੰਥ ਰਵਾਇਤਾਂ ਅਨੁਸਾਰ ਸਜ਼ਾ ਦੇਵੇਗਾ।ਸਿਖ ਔਰਤਾ ਦੀ ਅਬਰੁ ਨੂੰ ਦਿਲੀ ਵਿਚ ਗੁੰਡਿਆਂ ਤੇ ਡਰਗ ਸਮਗਲਰਾਂ ਵਲੋਂ ਲੁੱਟਿਆ ਉਹ ਵਹਿਸ਼ਤ ਹੈ ਅਤੇ ਸਿਖ ਪੰਥ ਨੂੰ ਚੈਲਿੰਜ ਹੈ ।                     

 ਅਕਾਲ ਤਖਤ ਦੇ ਜਥੇਦਾਰ ਤੇ ਪੰਥਕ ਜਥੇਬੰਦੀਆਂ ਵਲੋਂ ਨਿੰਦਾ

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਦਿੱਲੀ ਵਿਚ ਇੱਕ ਨੌਜਵਾਨ ਲੜਕੀ ’ਤੇ ਕੀਤੇ ਗਏ ਅਣ-ਮਨੁੱਖੀ ਤਸ਼ੱਦਦ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਦਾ ਸਖ਼ਤ ਨੋਟਿਸ ਲਵੇ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਅਣਮਨੁੱਖੀ ਘਟਨਾ ਜ਼ੁਲਮ ਦਾ ਸਿਖਰ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ ਮੁਗਲਾਂ ਵੇਲੇ ਹੁੰਦੇ ਜ਼ੁਲਮ ਨੂੰ ਵੀ ਮਾਤ ਦੇ ਰਹੀ ਹੈ।                                                  ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਹੋਰ ਕੀ ਹੋ ਸਕਦਾ ਹੈ ਕਿ ਇਕ ਬੇਵੱਸ ਅਤੇ ਇਕੱਲੀ  ਸਿਖ ਲੜਕੀ ’ਤੇ ਸਮੂਹਿਕ ਰੂਪ ਵਿਚ ਜ਼ੁਲਮ ਕੀਤਾ ਗਿਆ ਅਤੇ ਹੋਰ ਵੀ ਅਫ਼ਸੋਸਨਾਕ ਹੈ ਕਿ ਇਸ ਜੁਰਮ ਵਿੱਚ ਔਰਤਾਂ ਵੀ ਸ਼ਾਮਲ ਹਨ। ਉਨ੍ਹਾਂ ਦਿੱਲੀ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਦੋਸ਼ੀ ਕਿਸੇ ਵੀ ਹਾਲਤ ਵਿੱਚ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਮਲੇ ਦੀ ਪੜਤਾਲ ਲਈ ਦਿੱਲੀ ਸਿੱਖ ਮਿਸ਼ਨ ਦੇ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ।ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਧਿਕਾਰੀ ਜੋ ਵੀ ਰਿਪੋਰਟ ਦੇਣਗੇ ਉਸ ਅਨੁਸਾਰ ਅਗਲੀ ਕਾਰਵਾਈ ਕਰਾਂਗੇ।   

ਨਿਹੰਗ ਜਥੇਬੰਦੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਘਟਨਾ ਨੂੰ ਦੁਖਦਾਈ ਦਸਦਿਆਂ ਕਿਹਾ ਕਿ ਇਸ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ।ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਹਜੂਮ ਨੇ ਜਿਸ ਢੰਗ ਨਾਲ ਸਿਖ ਔਰਤ ਦੇ ਕੇਸ ਕੱਟੇ, ਬੇਰਹਿਮੀ ਨਾਲ ਮਾਰਿਆ ਅਤੇ ਜ਼ਲੀਲ ਕਰਦਿਆਂ ਉਸ ਨੂੰ ਲੋਕਾਂ ਵਿੱਚ ਘੁਮਾਇਆ, ਇਹ ਔਰਤ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਹੈ।