ਅਮਰੀਕਾ ਵਿਚ ਪਿਛਲੇ  ਸਾਲ ਦੀ ਤੁਲਨਾ ਵਿਚ ਇਸ ਸਾਲ ਹੱਤਿਆਵਾਂ ਵਿਚ ਹੋਇਆ ਵਾਧਾ ਚਿੰਤਾ ਦਾ ਵਿਸ਼ਾ

ਅਮਰੀਕਾ ਵਿਚ ਪਿਛਲੇ  ਸਾਲ ਦੀ ਤੁਲਨਾ ਵਿਚ ਇਸ ਸਾਲ ਹੱਤਿਆਵਾਂ ਵਿਚ ਹੋਇਆ ਵਾਧਾ ਚਿੰਤਾ ਦਾ ਵਿਸ਼ਾ

* ਜਿਆਦਾਤਰ ਹਿੰਸਾ ਜਾਣ ਪਛਾਣ ਵਾਲੇ ਲੋਕਾਂ ਵਿਚਾਲੇ ਹੋਈ

  ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਸਭ ਤੋਂ ਵਧ ਆਬਾਦੀ ਵਾਲੇ ਦੋ ਤਿਹਾਈ ਸ਼ਹਿਰਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਹੱਤਿਆਵਾਂ ਵਿਚ ਵਾਧਾ ਹੋਇਆ ਹੈ ਜੋ ਚਿੰਤਾ ਦਾ ਕਾਰਨ ਹੈ। ਸੀ ਐਨ ਐਨ ਵੱਲੋਂ 40 ਪ੍ਰਮੁੱਖ ਸ਼ਹਿਰਾਂ ਵਿਚ ਕਰਵਾਏ ਸਰਵੇ ਵਿਚ ਇਹ ਖੁਲਾਸਾ ਹੋਇਆ ਹੈ। ਅਮਰੀਕਾ ਦੇ ਘੱਟੋ ਘੱਟ 9 ਸ਼ਹਿਰਾਂ ਵਿਚ 2020 ਦੀ ਤੁਲਨਾ ਵਿਚ 2021 ਵਿਚ ਹੱਤਿਆਵਾਂ ਦਾ ਰਿਕਾਰਡ ਟੁੱਟਾ ਹੈ ਹਾਲਾਂ ਕਿ ਇਸ ਸਾਲ ਦੇ ਦੋ ਹਫਤੇ ਤੋਂ ਵਧ ਦਾ ਸਮਾਂ ਅਜੇ ਰਹਿੰਦਾ ਹੈ। ਫਿਲਾਡੈਲਫੀਆ ਵਿਚ ਇਸ ਸਾਲ 513 ਹੱਤਿਆਵਾਂ ਹੋਈਆਂ ਹਨ ਜਦ ਕਿ ਇਸ ਤੋਂ ਪਹਿਲਾਂ ਇਸ ਸ਼ਹਿਰ ਵਿਚ 1990 ਵਿਚ ਸਭ ਤੋਂ ਵਧ ਹੱਤਿਆਵਾਂ 503 ਹੋਈਆਂ ਸਨ। ਇੰਡਿਆਨਾਪੋਲਿਸ ਵਿਚ 2021 ਦੌਰਾਨ 230 ਹੱਤਿਆਵਾਂ ਹੋਈਆਂ ਹਨ ਜਦ ਕਿ ਪਿਛਲੇ ਸਾਲ 215 ਹੱਤਿਆਵਾਂ ਹੋਈਆਂ ਸਨ। ਆਸਟਿਨ ਵਿਚ ਇਸ ਸਾਲ 88 ਹੱਤਿਆਵਾਂ ਹੋ ਚੁੱਕੀਆਂ ਹਨ। ਇਸ ਤੋਂ ਪਹਿਲਾਂ ਆਸਟਿਨ ਵਿਚ ਸਭ ਤੋਂ ਵਧ ਹੱਤਿਆਵਾਂ 1984 ਵਿਚ 59 ਹੋਈਆਂ ਸਨ। ਸਰਵੇ ਵਿਚ ਕਿਹਾ ਗਿਆ ਹੈ ਕਿ ਇਹ ਹੱਤਿਆਵਾਂ ਕਿਸੇ ਖਾਸ ਖੇਤਰ ਨਾਲ ਸਬੰਧਿਤ ਨਹੀਂ ਹਨ ਬਲਕਿ ਸਮੁੱਚੇ ਅਮਰੀਕਾ ਨਾਲ ਸਬੰਧਿਤ ਹਨ। ਹੋਰ ਦੂਸਰੇ ਸ਼ਹਿਰ ਜਿਨ੍ਹਾਂ ਵਿਚ ਹੱਤਿਆਵਾਂ ਵਿਚ ਵਾਧਾ ਹੋਇਆ ਹੈ, ਉਨ੍ਹਾਂ ਵਿਚ ਲੋਇਸਵਿਲੇ, ਕੈਂਟੁਕੀ, ਕੋਲੰਬਸ, ਓਹੀਓ, ਨਿਊ ਮੈਕਸੀਕੋ,ਟਕਸਨ, ਐਰੀਜ਼ੋਨਾ, ਰੋਚੈਸਟਰ, ਨਿਊਯਾਰਕ, ਪੋਰਟਲੈਂਡ ਤੇ ਓਰਗੋਨ ਸ਼ਾਮਿਲ ਹਨ। ਲਾਸ ਏਂਜਲਸ ਵਿਚ ਇਸ ਸਾਲ ਹੁਣ ਤੱਕ ਰਿਕਾਰਡ 352 ਹੱਤਿਆਵਾਂ ਹੋਈਆਂ ਹਨ। ਸ਼ਿਕਾਗੋ ਵਿਚ 756 ਹੱਤਿਆਵਾਂ ਹੋਈਆਂ ਹਨ । ਲਾਸ ਏਂਜਲਸ ਤੇ ਸ਼ਿਕਾਗੋ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਹੱਤਿਆਵਾਂ ਵਿੱਚ ਕ੍ਰਮਵਾਰ 12% ਤੇ 4% ਦਾ ਵਾਧਾ ਹੋਇਆ ਹੈ। ਹੋਸਟਨ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ 18% ਵਧ ਲੋਕ ਨਿੱਜੀ ਰੰਜਿਸ਼ਾਂ ਜਾਂ ਹੋਰ ਕਾਰਨਾਂ ਕਰਕੇ ਮਾਰੇ ਗਏ। ਸਰਵੇ ਅਨੁਸਾਰ ਅਮਰੀਕਾ ਦੇ ਤਕਰੀਬਨ ਸਾਰੇ ਸ਼ਹਿਰਾਂ ਵਿਚ 2019 ਤੋਂ ਬਾਅਦ ਹੱਤਿਆਵਾਂ ਵਿਚ ਵਾਧਾ ਹੋਇਆ ਹੈ ਜਦ ਕਿ ਪਿਛਲੇ ਸਾਲ ਤੋਂ ਬਾਅਦ ਇਹ ਵਾਧਾ ਤੇਜੀ ਨਾਲ ਹੋਇਆ ਹੈ। ਆਸਟਿਨ ਜਸਟਿਸ ਕੁਲੀਸ਼ਨ ਦੇ ਇਕ ਮੈਂਬਰ ਕ੍ਰਿਸ ਹੈਰਿਸ ਅਨੁਸਾਰ ਸ਼ਹਿਰ ਵਿਚ ਹਿੰਸਾ ਦੀਆਂ ਘਟਨਾਵਾਂ ਇਕ ਦੂਸਰੇ ਨੂੰ ਜਾਣਦੇ ਲੋਕਾਂ ਵਿਚਾਲੇ ਹੋਈਆਂ ਹਨ। ਇਹ ਇਕ ਖਤਰਨਾਕ ਗੱਲ ਹੈ ਕਿਉਂਕਿ ਵਿਵਾਦ ਵਾਲੇ ਮੁੱਦਿਆਂ ਨੂੰ ਹਿੰਸਾ ਦੀ ਬਜਾਏ ਸ਼ਾਤਮਈ ਢੰਗ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ। ਆਸਟਿਨ ਦੇ ਪੁਲਿਸ ਮੁੱਖੀ ਜੋਸਫ ਚਕੋਨ ਨੇ ਹਿੰਸਾ ਵਿਚ ਹੋਏ ਵਾਧੇ ਨੂੰ ਨਿਰਾਸ਼ਾਜਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਸਪੱਸ਼ਟ ਉੱਤਰ ਨਹੀਂ ਦਿੱਤਾ ਜਾ ਸਕਦਾ।