ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ 'ਵਾਲੰਟੀਅਰ ਆਫ ਦਾ ਯੀਅਰ' ਪੁਰਸਕਾਰ ਨਾਲ ਸਨਮਾਨ

ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ 'ਵਾਲੰਟੀਅਰ ਆਫ ਦਾ ਯੀਅਰ' ਪੁਰਸਕਾਰ ਨਾਲ ਸਨਮਾਨ
ਕੈਪਸ਼ਨ : ਡਾ ਮਦਾਨ ਲੂਥਰਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਹੋਸਟਨ ਵਾਸੀ ਭਾਰਤੀ ਮੂਲ ਦੇ ਡਾਕਟਰ ਮਦਾਨ ਲੂਥਰਾ ਦਾ ਟੈਕਸਾਸ ਦੇ ਗਵਰਨਰ ਗਰੇਗ ਅਬੋਟ ਦੁਆਰਾ 'ਵਾਲੰਟੀਅਰ ਆਫ ਦਾ ਯੀਅਰ' ਪੁਰਸਕਾਰ ਨਾਲ ਸਨਮਾਨ ਕੀਤਾ ਗਿਆ ਹੈ। ਸੇਵਾ ਇੰਟਰਨੈਸ਼ਨਲ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਨਾਂ ਨੂੰ ਇਹ ਪੁਰਸਕਾਰ ਸ਼ਾਨਦਾਰ ਸਮਾਜਿਕ ਸੇਵਾਵਾਂ ਨਿਭਾਉਣ ਲਈ ਦਿੱਤਾ ਗਿਆ ਹੈ। ਇਸ ਸਬੰਧੀ ਹੋਏ ਸਮਾਗਮ 'ਗਵਰਨਰ ਵਾਲੰਟੀਅਰ ਐਵਾਰਡ 2021' ਦੀ ਪ੍ਰਧਾਨਗੀ ਟੈਕਸਾਸ ਦੀ ਫਸਟ ਲੇਡੀ ਸੇਸੀਲੀਆ ਅਬੋਟ ਨੇ ਕੀਤੀ। ਹਰ ਸਾਲ ਦਿੱਤੇ ਜਾਂਦੇ ਇਸ ਪੁਰਸਕਾਰ ਦਾ ਇਹ 38 ਵਾਂ ਸਮਾਗਮ ਸੀ। ਪੁਰਸਕਾਰ ਜੇਤੂ ਦਾ ਐਲਾਨ 12 ਅਕਤੂਬਰ ਨੂੰ ਕੀਤਾ ਗਿਆ ਸੀ। ਇਸ ਮੌਕੇ ਸੇਸੀਲੀਆ ਅਬੋਟ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਪੁਰਸਕਾਰ ਪਿਛਲੇ ਸਾਲ ਵਿਅਕਤੀਗਤ ਜਾਂ ਸੰਗਠਨਾਤਮਿੱਕ ਤੌਰ 'ਤੇ ਟੈਕਸਾਸ ਵਿਚ ਰਹਿੰਦੇ ਲੋਕਾਂ ਲਈ ਮਿਸਾਲੀ ਸੇਵਾ ਪ੍ਰਦਾਨ ਕਰਨ ਲਈ ਦਿੱਤਾ ਜਾਂਦਾ ਹੈ। ਉਨਾਂ ਕਿਹਾ ਕਿ ਅਜਿਹੇ ਪੁਰਸਕਾਰਾਂ ਨਾਲ ਹੋਰ ਲੋਕਾਂ ਵਿਚ ਭਾਈਚਾਰੇ ਪ੍ਰਤੀ ਸੇਵਾਵਾਂ ਨਿਭਾਉਣ ਦੀ ਇੱਛਾ ਪੈਦਾ ਹੁੰਦੀ ਹੈ। ਪੁਰਸਕਾਰ ਦਾ ਸਮਾਜ ਉਪਰ ਬਹੁਤ ਸਾਕਾਰਾਤਮਿੱਕ ਅਸਰ ਪੈਂਦਾ ਹੈ। ਇਸ ਸਮਾਗਮ ਵਿਚ ਲੂਥਰਾ ਤੋਂ ਇਲਾਵਾ 8 ਹੋਰ ਵਿਅਕਤੀਆਂ ਤੇ 4 ਸੰਸਥਾਵਾਂ ਨੂੰ ਵੀ ਵੱਖ ਵੱਖ ਸ਼੍ਰੇਣੀਆਂ ਵਿਚ ਸਨਮਾਨਿਤ ਕੀਤਾ ਗਿਆ। ਸੇਵਾ ਇੰਟਰਨੈਸ਼ਨਲ ਵੱਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ ਕੋਵਿਡ-19 ਮਹਾਮਾਰੀ ਦੌਰਾਨ ਡਾਕਟਰ ਲੂਥਰਾ ਜੋ ਸੇਵਾ ਮੁਕਤ ਵਿਗਿਆਨੀ ਹਨ, ਨੇ 'ਪਰਿਵਾਰ ਸੇਵਾ ਪ੍ਰੋਗਰਾਮ' ਤਹਿਤ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਇਕ ਹਫਤੇ ਦੌਰਾਨ ਨਿਰੰਤਰ 30 ਘੰਟਿਆਂ ਤੋਂ ਵਧ ਸਮਾਂ ਕੰਮ ਕੀਤਾ। ਡਾ ਲੂਥਰਾ ਨੇ ਕੋਵਿਡ-19 ਟੀਕਾਕਰਣ ਮੁਹਿੰਮ ਵਿਚ ਵੀ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ।