ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ'   ਐਲਾਨਿਆ

ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ'   ਐਲਾਨਿਆ
ਕੈਪਸ਼ਨ: ਇਰਵਾਈਨ, ਕੈਲੀਫੋਰਨੀਆ ਵਿਚ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ' ਐਲਾਨੇ ਜਾਣ ਸਬੰਧੀ ਪੱਤਰ ਸਮੇਤ ਨਜਰ ਆ ਰਹੇ ਹਿੰਦੂ ਭਾਈਚਾਰੇ ਦੇ ਆਗੂ ਤੇ ਹੋਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਅਮਰੀਕਾ ਦੇ ਕਈ ਰਾਜਾਂ ਤੇ ਸ਼ਹਿਰਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਮਾਨਤਾ ਦਿੱਤੀ ਹੈ। ਇਨਾਂ ਵਿਚ ਦੱਖਣੀ ਕੈਲੀਫੋਰਨੀਆ ਦੇ ਇਰਵਾਈਨ, ਅਨਾਹੀਮ ਤੇ ਰਿਵਰਸਾਈਡ ਸ਼ਹਿਰ ਵੀ ਸ਼ਾਮਿਲ ਹਨ। ਬੀਤੇ ਦਿਨ ਇਰਵਾਈਨ ਵਿਚ ਹਿੰਦੂ ਭਾਈਚਾਰੇ ਦੀ ਤਰਫੋਂ ਹਿੰਦੂਆਂ ਦੇ ਵੱਖ ਵੱਖ ਆਗੂਆਂ ਤੇ ਹੋਰ ਲੋਕਾਂ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ' ਐਲਾਨੇ ਜਾਣ ਸਬੰਧੀ ਸਿਟੀ ਕੌਂਸਲ ਕੋਲੋਂ ਪੱਤਰ ਪ੍ਰਾਪਤ ਕੀਤਾ। ਸ਼ਹਿਰ ਦੇ ਮੇਅਰ ਫਰਾਹ ਖਾਨ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨਾ' ਐਲਾਨੇ ਜਾਣ ਸਬੰਧੀ ਪੱਤਰ ਪੜਿਆ ਤੇ ਇਸ ਪੱਤਰ ਨੂੰ ਮੌਜੂਦ ਹਿੰਦੂ ਭਾਈਚਾਰੇ ਦੇ ਪ੍ਰਤੀਨਿੱਧੀਆਂ ਨੂੰ ਸੌਂਪਿਆ। ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ''ਅਮਰੀਕੀ ਹਿੰਦੂਆਂ ਨੇ ਸਾਇੰਸ, ਸਿੱਖਿਆ, ਦਵਾਈਆਂ, ਰਾਜਨੀਤੀ, ਕਾਰੋਬਾਰ, ਸਭਿਆਚਾਰ ਤੇ ਖੇਡਾਂ ਸਮੇਤ ਹਰ ਖੇਤਰ ਵਿਚ ਵੱਡਮੁੱਲਾ ਯੋਗਦਾਨ ਪਾਇਆ ਹੈ। ਹਿੰਦੂ ਵਿਰਾਸਤ, ਸਭਿਆਚਾਰ, ਰਵਾਇਤਾਂ ਤੇ ਕਦਰਾਂ-ਕੀਮਤਾਂ ਨੇ ਸਾਡੇ ਇਸ ਮਹਾਨ ਸ਼ਹਿਰ ਤੇ ਰਾਜ ਨੂੰ ਹੋਰ ਅਮੀਰ ਕੀਤਾ ਹੈ।''   ਹਿੰਦੂ ਭਾਈਚਾਰੇ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ਅਨੇਕਾਂ ਬੁਲਾਰਿਆਂ ਨੇ ਹਿੰਦੂ ਧਰਮ ਬਾਰੇ ਜਾਣਕਾਰੀ ਦਿੱਤੀ। ਇਨਾਂ ਆਗੂਆਂ ਵਿਚ ਹਿੰਦੂ ਸੇਵਕ ਸੰਘ ਦੇ ਪ੍ਰਤੀਨਿੱਧ ਦਿਵਿਆ ਪ੍ਰਭਾ ਵੀ ਸ਼ਾਮਿਲ ਸੀ। ਉਨਾਂ ਨੇ ਸੰਬੋਧਨ ਕਰਦਿਆਂ ਸੰਸਕ੍ਰਿਤ ਦੇ ਸਲੋਕ ' ਵਾਸੂਦੇਵਾ ਕੁਟੁਮਬਕਮ' ਦਾ ਜਿਕਰ ਕਰਦਿਆਂ ਕਿਹਾ ਕਿ ਸਮੁੱਚਾ ਵਿਸ਼ਵ ਇਕ ਪਰਿਵਾਰ ਹੈ ਤੇ ਸਾਰੀ ਮਾਨਵ ਜਾਤੀ ਖੁਸ਼, ਸਿਹਤਮੰਦ ਤੇ ਖੁਸ਼ਹਾਲ ਹੋਵੇ। ਇਹ ਹੀ ਹਿੰਦੂ ਧਰਮ ਦਾ ਉਦੇਸ਼ ਹੈ। ਉਨਾਂ ਨੇ ਮਾਨਵ ਜਾਤੀ ਦੀ ਸੇਵਾ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਸੇਵਾ ਹੀ ਮਾਨਵ ਜਾਤੀ ਨੂੰ ਉਤਮ ਬਣਾਉਂਦੀ ਹੈ ਤੇ ਮਾਨਵ ਜਾਤੀ ਨੂੰ ਇਕ ਦੂਸਰੇ ਨੂੰ ਸਮਝਣ ਦਾ ਮੌਕਾ ਦਿੰਦੀ ਹੈ। ਇਸ ਮੌਕੇ ਮਿਨੀਸੋਟਾ ਵਾਸੀ ਵਿਜੇਂਦਰ ਅਗਰਵਾਲ ਨੇ ਦੱਸਿਆ ਕਿ ਅਮਰੀਕਾ ਦੇ 20 ਰਾਜ ਤੇ ਇਕ ਦਰਜਨ ਸ਼ਹਿਰ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਮਾਨਤਾ ਦੇ ਚੁੱਕੇ ਹਨ।