ਹਰੇਸ਼ ਸ਼ਾਹ ਜੈਨ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ, 1 ਜਨਵਰੀ ਨੂੰ ਸੰਭਾਲਣਗੇ ਅਹੁਦਾ

ਹਰੇਸ਼ ਸ਼ਾਹ ਜੈਨ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ, 1 ਜਨਵਰੀ ਨੂੰ ਸੰਭਾਲਣਗੇ ਅਹੁਦਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਜਿਵੇਂ ਕਿ ਆਸ ਕੀਤੀ ਜਾਂਦੀ ਸੀ, ਵਿਲਮਿੰਗਟਨ , ਡੇਲਾਵੇਅਰ, ਵਾਸੀ ਹਰੇਸ਼ ਸ਼ਾਹ ਫੈਡਰੇਸ਼ਨ ਆਫ ਜੈਨ ਐਸੋਸੀਏਸ਼ਨ (ਜੈਨਾ) ਦੇ ਪ੍ਰਧਾਨ ਚੁਣੇ ਗਏ ਹਨ। ਹਰੇਸ਼ ਸ਼ਾਹ ਜੋ ਇਸ ਸਮੇ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਹਨ, ਅਗਲੇ ਸਾਲ ਪਹਿਲੀ ਜਨਵਰੀ ਨੂੰ ਪ੍ਰਧਾਨ ਵਜੋਂ ਦੋ ਸਾਲ ਲਈ ਅਹੁੱਦਾ ਸੰਭਾਲਣਗੇ। 56 ਸਾਲਾ ਸ਼ਾਹ ਮਾਨਦਵੀ ਕੱਛ ਵਿਚ ਪੈਦਾ ਹੋਏ ਸਨ ਤੇ ਉਹ 2005 ਤੋਂ ਐਸੀਏਸ਼ਨ ਦੇ ਸਰਗਰਮ ਮੈਂਬਰ ਹਨ। ਫੈਡਰੇਸ਼ਨ ਆਫ ਜੈਨ ਐਸੋਸੀਏਸ਼ਨ ਜਿਸ ਨੂੰ ਜੈਨਾ ਦੇ ਨਾਂ ਨਾਲ ਵੀ ਸੱਦਿਆ ਜਾਂਦਾ ਹੈ, ਉਤਰੀ ਅਮਰੀਕਾ ਦੀ ਇਕ ਵੱਡੀ ਸੰਸਥਾ ਹੈ, ਜਿਸ ਦੇ 72 ਜੈਨ ਸੈਂਟਰ ਹਨ ਤੇ ਅਮਰੀਕਾ ਅਤੇ ਕੈਨੇਡਾ ਵਿਚ 1,50,000 ਮੈਂਬਰ ਹਨ। ਇਹ ਜਾਣਕਾਰੀ ਐਸੋਸੀਏਸ਼ਨ ਵੱਲੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਦਿੱਤੀ ਗਈ ਹੈ। ਬਿਆਨ ਅਨੁਸਾਰ ਐਸੋਸੀਏਸ਼ਨ ਦਾ ਮਕਸਦ ਜੈਨ ਧਰਮ ਤੇ ਜੈਨ ਜੀਵਨ ਦੇ ਢੰਗ-ਤਰੀਕੇ ਦਾ ਪ੍ਰਚਾਰ ਕਰਨਾ ਹੈ। ਐਸੋਸੀਏਸ਼ਨ ਦੀ ਸਥਾਪਨਾ 1981 ਵਿਚ ਗੁਰੂਦੇਵ ਸ਼੍ਰੀ ਚਿਤਰਾਭਾਨੂੰਜੀ ਅਤੇ ਅਚਾਰੀਆ ਸ਼੍ਰੀ ਸੁਸ਼ੀਲ ਮੁਨੀ ਦੇ ਅਸ਼ੀਰਵਾਦ ਨਾਲ ਕੀਤੀ ਗਈ ਸੀ।  ਭਾਰਤ ਤੋਂ ਬਾਹਰ ਇਹ ਸਭ ਤੋਂ ਵੱਡੀ ਐਸੋਸੀਏਸ਼ਨ ਹੈ ਜੋ ਬਿਨਾਂ ਕਿਸੇ ਧੜੇ , ਭਾਸ਼ਾ ਜਾਂ ਖਿੱਤੇ ਨਾਲ ਭਿੰਨਭੇਦ ਕਰਦਿਆਂ ਜੈਨੀਆਂ ਦੇ ਸਾਰੇ ਵਰਗਾਂ ਦੀ ਪ੍ਰਤੀਨਿੱਧਤਾ ਕਰਦੀ ਹੈ। ਸ਼ਾਹ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਹ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਭਾਈਚਾਰੇ ਦੀ ਹਰ ਸੰਭਵ ਸੇਵਾ ਕਰਨਗੇ। ਭਾਰਤ ਤੋਂ ਉੱਚ ਸਿੱਖਿਆ ਲੈਣ ਲਈ ਅਮਰੀਕਾ ਆ ਰਹੇ ਜੈਨੀ ਵਿਦਿਆਰਥੀਆਂ ਦੀ ਮੱਦਦ ਕਰਨਗੇ। ਐਸੋਸੀਏਸ਼ਨ ਦੇ ਬਾਕੀ  ਅਹੁੱੱਦੇਦਾਰਾਂ ਵਿਚ ਫਲੋਰਿਡਾ ਵਾਸੀ ਬਿੰਦੇਸ਼ ਸ਼ਾਹ ਉੱਪ ਪ੍ਰਧਾਨ, ਸ਼ਿਕਾਗੇ ਵਾਸੀ ਅਤੁਲ ਸ਼ਾਹ ਸਕੱਤਰ ਤੇ ਕੇਟੂ ਸ਼ੇਠ ਫਲੋਰਿਡਾ ਖਜ਼ਾਨਚੀ ਵਜੋਂ ਸ਼ਾਮਿਲ ਹਨ।