7 ਸਾਲਾ ਬੱਚੇ ਨੂੰ ਭੁੱਖਾ ਰਖਕੇ ਮਾਰਨ ਦੇ ਦੋਸ਼ਾਂ ਤਹਿਤ ਔਰਤ ਵਿਰੁੱਧ ਹੱਤਿਆ ਦੇ ਦੋਸ਼ ਆਇਦ

7 ਸਾਲਾ ਬੱਚੇ ਨੂੰ ਭੁੱਖਾ ਰਖਕੇ ਮਾਰਨ ਦੇ ਦੋਸ਼ਾਂ ਤਹਿਤ ਔਰਤ ਵਿਰੁੱਧ ਹੱਤਿਆ ਦੇ ਦੋਸ਼ ਆਇਦ

* ਹੋ ਸਕਦੀ ਹੈ 25 ਸਾਲ ਦੀ ਸਜ਼ਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)   ਨਿਊਬੁਰਘ (ਨਿਊਯਾਰਕ) ਵਿੱਚ ਬੱਚਾ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਵਾਲੀ ਇਕ ਔਰਤ ਨੂੰ ਆਪਣੇ ਦੋਸਤ ਦੇ 7 ਸਾਲਾ ਲੜਕੇ ਨੂੰ ਭੁੱਖਾ ਰਖਕੇ ਮਾਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਔਰੇਂਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਡੇਵਿਡ ਹੂਵਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਾਣਕਾਰੀ ਦਿੱਤੀ ਕਿ 39 ਸਾਲਾ ਲੈਟੀਸੀਆ ਬਰਾਵੋ ਨੂੰ ਬੱਚੇ ਪੀਟਰ ਕੂਆਕੁਆਸ ਦੀ ਹੱਤਿਆ ਦੇ ਦੋਸ਼ਾਂ ਤਹਿਤ 25 ਸਾਲ ਜੇਲ ਦੀ ਸਜ਼ਾ ਹੋ ਸਕਦੀ ਹੈ। ਬਰਾਵੋ ਦੇ ਮਿੱਤਰ ਤੇ ਬੱਚੇ ਦੇ ਪਿਤਾ ਆਰਟੂਰੋ ਕੂਆਕੁਆਸ ਵਿਰੁੱਧ ਵੀ ਅਪਰਾਧਕ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਗਏ ਹਨ ਜਿਸ ਕਾਰਨ ਬੱਚੇ ਦੀ ਮੌਤ ਹੋਈ। ਇਸ ਸਾਲ ਦੇ ਸ਼ੁਰੂ ਵਿਚ 10 ਫਰਵਰੀ ਨੂੰ ਬਰਾਵੋ ਆਪਣੇ ਬੱਚੇ ਪੀਟਰ ਨੂੰ ਨਿਊਬੁਰਘ ਦੇ ਸੇਂਟ ਲੂਕ ਹਸਪਤਾਲ ਵਿਚ ਲੈ ਕੇ ਆਇਆ ਸੀ ਜਿਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੋਸਟ ਮਾਰਟਮ ਰਿਪੋਰਟ ਵਿਚ ਸਪੱਸ਼ਟ ਹੋਇਆ ਕਿ ਬੱਚੇ ਦੀ ਮੌਤ ਭੁੱਖ ਤੇ ਕੁਪੋਸ਼ਣ ਕਾਰਨ ਹੋਈ ਹੈ। ਮੌਤ ਸਮੇ ਬੱਚੇ ਦਾ ਭਾਰ ਤਕਰੀਬਨ 16 ਕਿਲੋਗ੍ਰਾਮ ਸੀ। ਬਰਾਵੋ ਨੇ ਕਥਿੱਤ ਤੌਰ 'ਤੇ ਪੀਟਰ ਨੂੰ ਇਕ ਕਮਰੇ ਵਿਚ ਬੰਦ ਰਖਿਆ ਜਿਸ ਨੂੰ ਬਾਹਰੋਂ ਤਾਲਾ ਲਾ ਦਿੱਤਾ ਜਾਂਦਾ ਸੀ। ਡਿਸਟ੍ਰਿਕਟ ਅਟਾਰਨੀ ਡੇਵਿਡ ਹੂਵਲਰ ਨੇ ਦੱਸਿਆ ਕਿ ਜਨਵਰੀ 2021 ਤੋਂ ਬੱਚਾ ਕਦੀ ਵੀ ਸਕੂਲ ਨਹੀਂ ਗਿਆ ਹਾਲਾਂ ਕਿ ਉਸ ਦੇ ਅਧਿਆਪਕਾਂ ਤੇ ਸਕੂਲ ਦੇ ਪ੍ਰਤੀਨਿੱਧੀਆਂ ਨੇ ਬਰਾਵੋ ਨਾਲ ਕਈ ਵਾਰ ਬੱਚੇ ਨੂੰ ਸਕੂਲ ਭੇਜਣ ਬਾਰੇ ਗੱਲ ਕੀਤੀ ਸੀ। ਅਟਾਰਨੀ ਨੇ ਕਿਹਾ ਕਿ ਇਹ ਕਿਸ ਤਰਾਂ ਸੋਚਿਆ ਜਾ ਸਕਦਾ ਹੈ ਕਿ ਕੋਈ ਬੱਚੇ ਦੀ ਸੰਭਾਲ ਦੀ ਜਿੰਮੇਵਾਰੀ ਲਵੇ ਤੇ ਬਾਅਦ ਵਿਚ ਬੱਚੇ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਤੋਂ ਹੀ ਮੂੰਹ ਮੋੜ ਲਵੇ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਬੱਚੇ ਦੀ ਮੌਤ ਤੋਂ ਪਹਿਲਾਂ ਉਸ  ਨੂੰ ਸਕੂਲ ਦੇ ਅਧਿਕਾਰੀਆਂ ਤੋਂ ਕਿਸ ਤਰਾਂ ਛੁਪਾਅ ਕੇ ਰਖਿਆ ਗਿਆ, ਇਹ ਵੀ ਜਾਂਚ ਦਾ ਵਿਸ਼ਾ ਹੈ। ਬਰਾਵੋ ਨੂੰ ਨਿਊਬੁਰਘ ਪੁਲਿਸ ਵਿਭਾਗ ਨੇ ਗ੍ਰਿਫਤਾਰ ਕਰ ਲਿਆ ਹੈ ਤੇ ਉਸ ਨੂੰ ਔਰੇਂਜ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ। ਉਸ ਨੂੰ ਅਦਾਲਤ ਵਿਚ 26 ਅਕਤੂਬਰ ਨੂੰ ਪੇਸ਼ ਕੀਤਾ ਜਾਵੇਗਾ।