ਬਰਾਜ਼ੀਲ ਦੇ ਫੁੱਟਬਾਲ ਖਿਡਾਰੀ ਨੇ ਰੈਫਰੀ ਦੇ ਸਿਰ ਵਿਚ ਮਾਰੀ ਜੋਰਦਾਰ ਕਿੱਕ,  ਰੈਫਰੀ ਹੋਇਆ ਬੇਹੋਸ਼

ਬਰਾਜ਼ੀਲ ਦੇ ਫੁੱਟਬਾਲ ਖਿਡਾਰੀ ਨੇ ਰੈਫਰੀ ਦੇ ਸਿਰ ਵਿਚ ਮਾਰੀ ਜੋਰਦਾਰ ਕਿੱਕ,  ਰੈਫਰੀ ਹੋਇਆ ਬੇਹੋਸ਼
ਕੈਪਸ਼ਨ: ਸਿਰ ਵਿਚ ਖਿਡਾਰੀ ਦੀ ਕਿੱਕ ਵੱਜਣ ਉਪਰੰਤ ਜਮੀਨ ਉਪਰ ਡਿੱਗਾ ਫੁੱਟਬਾਲ ਰੈਫਰੀ

* ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਚੱਲੇਗਾ ਮੁਕੱਦਮਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  ( ਹੁਸਨ ਲੜੋਆ ਬੰਗਾ)ਬਰਾਜ਼ੀਲ ਦੇ ਫੁੱਟਬਾਲ ਖਿਡਾਰੀ ਵਿਲੀਅਮ ਰੀਬੀਰੋ ਵੱਲੋਂ ਸਿਰ ਵਿਚ ਕਿੱਕ ਮਾਰਨ ਦੇ ਸਿੱਟੇ ਵਜੋਂ ਰੈਫਰੀ ਬੇਹੋਸ਼ ਹੋ ਕੇ ਜਮੀਨ ਉਪਰ ਡਿੱਗ ਪਿਆ ਤੇ ਉਸ ਨੂੰ ਐਂਬੂਲੈਂਸ ਵਿਚ ਪਾ ਕੇ ਹਸਪਤਾਲ ਲਿਜਾਇਆ ਗਿਆ। ਵਿਲੀਅਮ ਰੀਬੀਰੋ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਵੇਨਾਂਸੀਓ ਏਅਰਜ ਦੇ ਪੁਲਿਸ ਮੁੱਖੀ ਨੇ ਫੋਨ ਉਪਰ ਗੱਲਬਾਤ ਕਰਦਿਆਂ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਵਿਲੀਅਮ ਰੀਬੀਰੋ ਨੂੰ ਸੁਰੱਖਿਆ ਦੇ ਮੱਦੇਨਜਰ ਤੁਰੰਤ ਹਿਰਾਸਤ ਵਿਚ ਲੈ ਲਿਆ ਗਿਆ ਸੀ ਪਰੰਤੂ ਇਕ ਦਿਨ ਬਾਅਦ  ਉਸ ਨੂੰ ਛੱਡ ਦਿੱਤਾ ਗਿਆ। ਉਸ ਵਿਰੁੱਧ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ਾਂ ਤਹਿਤ ਮੁਕੱਦਮਾ ਚੱਲੇਗਾ। ਪੱਛੜ ਕੇ ਮਿਲੀ ਜਾਣਕਾਰੀ ਅਨੁਸਾਰ ਲੰਘੇ ਸੋਮਵਾਰ ਬਰਾਜ਼ੀਲ ਦੇ ਦੱਖਣੀ ਰਿਓ ਡੋ ਸੂਲ ਰਾਜ ਵਿਚ ਵੇਨਾਂਸੀਓ ਏਅਰਜ ਵਿਖੇ ਸਪੋਰਟਸ ਕਲੱਬ ਸਾਓ ਪੌਲੋ ਤੇ ਗੁਰਾਨੀ ਆਰ ਐਸ ਵਿਚਾਲੇ ਫੁੁੱਟਬਾਲ ਮੈਚ ਖੇਡਿਆ ਜਾ ਰਿਹਾ ਸੀ। ਮੈਚ ਦਾ ਪਹਿਲਾ ਅੱਧ ਬਿਨਾਂ ਕਿਸੇ ਰੁਕਾਵਟ ਜਾਂ ਘਟਨਾ ਦੇ ਖੇਡਿਆ ਗਿਆ। ਦੂਸਰੇ ਅੱਧ ਦੀ ਸ਼ੁਰੂਆਤ ਵੇਲੇ ਹੀ ਰੀਬੀਰੋ ਜੋ ਸਪੋਰਟ ਕਲੱਬ ਸਾਓ ਪੌਲੋ ਵੱਲੋਂ ਖੇਡ ਰਿਹਾ ਸੀ, ਨੇ ਰੈਫਰੀ ਕਰਾਈਵਲਾਰੋ ਉਪਰ ਹਮਲਾ ਕਰ ਦਿੱਤਾ।

ਕੋਚ ਦੇ ਸਿਰ ਵਿਚ ਜੋਰਦਾਰ ਕਿੱਕ ਵੱਜਣ ਉਪਰੰਤ ਉਹ ਬੇਹੋਸ਼ ਹੋ ਗਿਆ ਤੇ ਉਸ ਨੂੰ ਤੁਰੰਤ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਸ ਨੇ ਹੋਸ਼ ਆਉਣ ਉਪਰੰਤ ਕਿਹਾ ਕਿ ਮੈਨੂੰ ਨਹੀਂ ਪਤਾ ਅਸਲ ਵਿਚ ਕੀ ਹੋਇਆ ਹੈ। ਮੇਰੇ ਸਾਥੀ ਰੈਫਰੀ ਨੇ ਦੱਸਿਆ ਕਿ ਮੈ ਰੀਬੀਰੋ ਨੂੰ ਪੀਲਾ ਕਾਰਡ ਵਿਖਇਆ ਸੀ ਜਿਸ ਤੋਂ ਉਤੇਜਿਤ ਹੋ ਕੇ ਉਸ ਨੇ ਮੇਰੇ ਚੇਹਰੇ ਉਪਰ ਕਿੱਕ ਮਾਰੀ। ਕਰਾਈਵਲਾਰੋ ਨੇ ਕਿਹਾ ਕਿ ਰੀਬੀਰੋ ਨੂੰ ਇਲਾਜ਼ ਦੀ ਲੋੜ ਹੈ, ਉਸ ਦਾ ਆਪਣੇ ਉਪਰ ਨਿਯੰਤਰਣ ਨਹੀਂ ਹੈ । ਉਸ ਨੂੰ ਲੰਬਾ ਸਮਾਂ ਜੇਲ ਵਿਚ ਰੱਖਿਆ ਜਾਣਾ ਚਾਹੀਦਾ ਹੈ। ਪੁਲਿਸ ਨੇ ਕਿਹਾ ਹੈ ਕਿ ਉਹ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲੈ  ਰਹੀ ਹੈ ਤੇ ਦੋਸ਼ੀ ਨੂੰ ਬਣਦੀ ਸਜ਼ੀ ਮਿਲੇਗੀ। ਦੂਸਰੇ ਪਾਸੇ ਸਪੋਰਟਸ ਕਲੱਬ ਸਾਓ ਪੌਲੋ ਦੇ ਪ੍ਰਬੰਧਕਾਂ ਨੇ ਕਿਹਾ ਹੈ ਕਿ ''ਉਨਾਂ ਨੂੰ ਇਸ ਘਟਨਾ ਨੇ ਬੇਹੱਦ ਸ਼ਰਮਸ਼ਾਰ ਕੀਤਾ ਹੈ, ਉਨਾਂ ਨੂੰ ਰੈਫਰੀ ਨਾਲ ਕੀਤੇ ਵਿਵਹਾਰ ਉਪਰ ਬੇਹੱਦ ਅਫਸੋਸ ਹੈ। ਉਨਾਂ ਨੇ ਰੀਬੀਰੋ ਨਾਲ ਕਰਾਰ ਖਤਮ ਕਰ ਦਿੱਤਾ ਹੈ । ਅੱਜ ਤੋਂ ਉਸ ਦਾ ਇਸ ਕਲੱਬ ਨਾਲ ਕੋਈ ਸਬੰਧ ਨਹੀਂ ਰਿਹਾ।''