ਚਾਰਟਰ ਉਡਾਣ ਰਾਹੀਂ 100 ਤੋਂ ਵਧ ਅਮਰੀਕੀਆਂ ਨੂੰ ਅਫਗਾਨਿਸਤਾਨ ਵਿਚੋਂ ਕੱਢਿਆ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਹਰ ਅਮਰੀਕੀ ਨਾਗਰਿਕ ਤੇ ਸਾਂਝੀਆਂ ਫੋਰਸਾਂ ਦੀ ਮੱਦਦ ਕਰਨ ਵਾਲੇ ਲੋਕਾਂ ਨੂੰ ਅਫਗਾਨਿਸਤਾਨ ਵਿਚੋਂ ਕੱਢਕੇ ਲਿਆਉਣ ਦੇ ਦਿੱਤੇ ਗਏ ਬਿਆਨ ਉਸ ਵੇਲੇ ਉਮੀਦਾਂ ਉਪਰ ਖਰੇ ਉਤਰਦੇ ਨਜਰ ਨਹੀਂ ਆਏ ਜਦੋਂ ਅਫਗਾਨਿਸਤਾਨ ਵਿਚ ਫਸੇ 100 ਤੋਂ ਵਧ ਅਮਰੀਕੀਆਂ ਨੂੰ ਦੋ ਸੰਸਥਾਵਾਂ ਨੇ ਆਪਣੀਆਂ ਕੋਸ਼ਿਸ਼ਾਂ ਰਾਹੀਂ ਇਕ ਨਿੱਜੀ ਚਾਰਟਰ ਜਹਾਜ਼ ਰਾਹੀਂ ਕੱਢਕੇ ਲਿਆਂਦਾ। ਇਨਾਂ ਸੰਸਥਾਵਾਂ ਨੇ ਕਤਰ ਏਅਰਵੇਅਜ਼ ਦਾ ਯਾਤਰੀ ਜਹਾਜ਼ ਕਿਰਾਏ ਉਪਰ ਲਿਆ ਤੇ 100 ਤੋਂ ਵਧ ਅਮਰੀਕੀ ਨਾਗਰਿਕਾਂ, ਗਰੀਨ ਕਾਰਡਧਾਰਕਾਂ ਤੇ ਵਿਸ਼ੇਸ਼ ਇਮੀਗਰਾਂਟ ਵੀਜ਼ਾਧਾਰਕਾਂ ਨੂੰ ਸੁਰੱਖਿਅਤ ਕੱਢ ਕੇ ਲਿਆਂਦਾ। ਪ੍ਰਾਜੈਕਟ ਡਾਇਨਾਮੋ ਤੇ ਹਿਊਮੈਨ ਫਸਟ ਕੁਲੀਸ਼ਨ ਨੇ ਜਾਰੀ ਇਕ ਬਿਆਨ ਕਿਹਾ ਹੈ ਕਿ ਅਮਰੀਕੀਆਂ ਨੂੰ ਅਫਗਾਨਿਸਤਾਨ ਵਿਚੋਂ ਕੱਢਕੇ ਲਿਆਉਣ ਸਮੇ ਕੋਵਿਡ-19 ਸਬੰਧੀ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਗਈ ਹੈ।
ਕਾਬਲ ਤੋਂ ਵਿਸ਼ੇਸ਼ ਉਡਾਣ ਰਾਹੀਂ ਅਮਰੀਕਾ ਲਿਆਂਦੇ ਵਿਅਕਤੀਆਂ ਵਿਚ 18 ਸਾਲ ਤੋਂ ਘੱਟ ਉਮਰ ਦੇ 59 ਤੇ 16 ਸਾਲ ਤੋਂ ਘੱਟ ਉਮਰ ਦੇ 3ਬੱਚੇ ਸ਼ਾਮਿਲ ਹਨ। ਯੂ ਐਸ ਲੀਗਲ ਪਰਮਾਨੈਂਟ ਰੈਜੀਡੈਂਸ ਨੇ ਇਕ ਬਿਆਨ ਵਿਚ ਅਮਰੀਕਾ ਦੇ ਵਿਦੇਸ਼ ਵਿਭਾਗ ਤੇ ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਵੱਲੋਂ ਚੁਣੌਤੀ ਭਰਪੂਰ ਹਾਲਾਤ ਵਿਚ ਅਫਗਾਨਿਸਤਾਨ ਵਿਚੋਂ ਅਮਰੀਕੀਆਂ ਨੂੰ ਕੱਢਕੇ ਲਿਆਉਣ ਵਿਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ । ਇਸ ਦੇ ਨਾਲ ਹੀ ਤਾਲਿਬਾਨ ਦੀ ਭੂਮਿਕਾ ਦੀ ਵੀ ਪ੍ਰਸੰਸਾ ਕੀਤੀ ਹੈ ਜਿਨਾਂ ਨੇ ਅਫਗਾਨਿਸਤਾਨ ਵਿਚੋਂ ਸ਼ਾਂਤਮਈ ਢੰਗ ਨਾਲ ਅਮਰੀਕੀਆਂ ਨੂੰ ਨਿਕਲਣ ਦਿੱਤਾ ਤੇ ਕਿਸੇ ਵੀ ਕਿਸਮ ਦਾ ਅੜਿਕਾ ਨਹੀਂ ਪਾਇਆ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚੋਂ ਲੋਕਾਂ ਨੂੰ ਕੱਢਕੇ ਲਿਆਉਣਾ ਇਕ ਵੱਡਾ ਕੰਮ ਹੈ ਤੇ ਏਜੰਸੀਆਂ ਨਾਲ ਤਾਲਮੇਲ ਦੀ ਲੋੜ ਨੂੰ ਅਮਰੀਕੀ ਸਰਕਾਰ ਭਲੀਭਾਂਤ ਸਮਝਦੀ ਹੈ ਤੇ ਇਸ ਦੇ ਨਾਲ ਹੀ ਅਸੀਂ ਗੈਰ ਸਰਕਾਰੀ ਸੰਗਠਨਾਂ ਤੇ ਵਿਅਕਤੀਗਤ ਕੋਸ਼ਿਸ਼ਾਂ ਦੀ ਵੀ ਅਸੀਂ ਪ੍ਰਸੰਸਾ ਕਰਦੇ ਹਾਂ।
Comments (0)