ਅਮਰੀਕਾ ਵਿਚ 2020 ਦੌਰਾਨ ਕਤਲਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ

ਅਮਰੀਕਾ ਵਿਚ 2020 ਦੌਰਾਨ ਕਤਲਾਂ ਦੀ ਗਿਣਤੀ ਵਿਚ ਭਾਰੀ ਵਾਧਾ ਹੋਇਆ

* ਐਫ ਬੀ ਆਈ ਵੱਲੋਂ ਸਲਾਨਾ ਰਿਪੋਰਟ ਜਾਰੀ

  ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)ਐਫ ਬੀ ਆਈ ਦੁਆਰਾ ਜਾਰੀ ਸਲਾਨਾ ਅਪਰਾਧ ਰਿਪੋਰਟ ਵਿਚ ਖੁਲਾਸਾ ਹੋਇਆ ਹੈ ਕਿ ਅਮਰੀਕਾ ਵਿਚ 2019 ਦੀ ਤੁਲਨਾ ਵਿਚ 2020 ਦੌਰਾਨ ਕਤਲਾਂ ਵਿਚ 30% ਵਾਧਾ ਦਰਜ ਹੋਇਆ ਹੈ ਜੋ ਇਕ ਰਿਕਾਰਡ ਹੈ। 1960 ਵਿਚ ਜਦੋਂ ਐਫ ਬੀ ਆਈ ਨੇ ਅਪਰਾਧਾਂ ਦਾ ਹਿਸਾਬ ਕਿਤਾਬ ਰਖਣਾ ਸ਼ੁਰੂ ਕੀਤਾ ਸੀ, ਤੋਂ ਬਾਅਦ ਕਿਸੇ ਇਕ ਸਾਲ ਦੌਰਾਨ ਕਤਲਾਂ ਵਿਚ ਹੋਇਆ ਇਹ ਵਾਧਾ ਸਭ ਤੋਂ ਵਧ ਹੈੈ। ਰਿਪੋਰਟ ਅਨੁਸਾਰ 2019 ਤੇ 2020 ਵਿਚ ਹਿੰਸਕ ਅਪਰਾਧ 5% ਵਧੇ ਹਨ ਜਦ ਕਿ ਸਮੁੱਚੇ ਤੌਰ 'ਤੇ ਅਪਰਾਧਾਂ ਵਿਚ 6% ਵਾਧਾ ਹੋਇਆ ਹੈ। ਪਿਛਲੇ ਸਾਲ ਅਮਰੀਕਾ ਵਿਚ 21,500 ਤੋਂ ਵਧ ਕਤਲ ਹੋਏ। ਇਕ ਲੱਖ ਵਿਅਕਤੀਆਂ ਪਿਛੇ ਕਤਲਾਂ ਦੀ ਦਰ 6.5% ਰਹੀ ਹਾਲਾਂ ਕਿ ਇਹ ਦਰ 1980 ਤੇ 1990 ਦੇ ਦਹਾਕੇ ਤੋਂ ਤਕਰੀਬਨ 40% ਘੱਟ ਹੈ ਜਦੋਂ ਅਮਰੀਕਾ ਵਿਚ ਕਤਲ ਸਿਖਰ 'ਤੇ ਪੁੱਜ ਗਏ ਸਨ। ਰਿਪੋਰਟ ਅਨੁਸਾਰ ਪਿਛਲੇ ਸਾਲ ਗਰਮੀਆਂ ਦੌਰਾਨ ਕਤਲਾਂ ਵਿਚ ਭਾਰੀ ਵਾਧਾ ਹੋਇਆ ਤੇ ਜੂਨ ਤੇ ਜੁਲਾਈ ਵਿਚ ਕਤਲਾਂ ਦੀ ਗਿਣਤੀ ਉੱਚ ਪੱਧਰ ਉਪਰ ਪੁੱਜ ਗਈ ਸੀ। ਇਥੇ ਜਿਕਰਯੋਗ ਹੈ ਕਿ ਲਾਅ ਇਨਫੋਰਸਮੈਂਟ ਏਜੰਸੀਆਂ ਤੋਂ ਅੰਕੜੇ ਇਕੱਠੇ ਕਰਕੇ ਐਫ ਬੀ ਆਈ ਸਲਾਨਾ ਰਿਪੋਰਟ ਜਾਰੀ ਕਰਦੀ ਹੈ ਪਰੰਤੂ ਏਜੰਸੀਆਂ ਅੰਕੜੇ ਦੇਣ ਵਾਸਤੇ ਪਾਬੰਦ ਨਹੀਂ ਹਨ। ਬਹੁਤ ਸਾਰੀਆਂ ਏਜੰਸੀਆਂ ਨੇ ਅਪਰਾਧਾਂ ਸਬੰਧੀ ਅੰਕੜੇ ਨਹੀਂ ਦਿੱਤੇ ਹਨ। 2020 ਵਿਚ ਕੁਲ 18000 ਤੋਂ ਵਧ ਏਜੰਸੀਆਂ ਵਿਚੋਂ 15875 ਏਜੰਸੀਆਂ ਨੇ ਹੀ ਅੰਕੜੇ ਦਿੱਤੇ ਸਨ। ਐਫ ਬੀ ਆਈ ਨੂੰ ਨਿਊਯਾਰਕ, ਸ਼ਿਕਾਗੋ ਤੇ ਨਿਊ ਓਰਲੀਨਜ ਸਮੇਤ ਅਨੇਕਾਂ ਵੱਡੇ ਸ਼ਹਿਰਾਂ ਵਿਚ ਹੋਏ ਅਪਰਾਧਾਂ ਦੇ ਅੰਕੜੇ ਨਹੀਂ ਮਿਲੇ ਹਨ। ਜਿਸ ਤੋਂ ਸਪਸ਼ਟ ਹੈ ਕਿ ਅਸਲ ਵਿਚ ਕਤਲਾਂ ਦੀ ਗਿਣਤੀ ਕਿਤੇ ਵਧ ਹੋ ਸਕਦੀ ਹੈ। ਐਫ ਬੀ ਆਈ ਨੇ 2020 ਸਾਲ ਖਤਮ ਹੋਣ ਦੇ 9 ਮਹੀਨਿਆਂ ਬਾਅਦ ਰਿਪੋਰਟ ਜਾਰੀ ਕੀਤੀ ਹੈ ਜਦ ਕਿ 2020 ਦੀ ਮੁੱਢਲੀ ਰਿਪੋਰਟ ਵਿਚ ਐਫ ਬੀ ਆਈ ਨੇ ਕਤਲਾਂ ਵਿਚ 25% ਵਾਧਾ ਹੋਣ ਦੀ ਗੱਲ ਕਹੀ ਸੀ। ਰਿਪੋਰਟ ਵਿਚ ਦੇਰੀ ਹੋਣ ਦਾ ਕਾਰਨ ਵੀ ਅੰਕੜਿਆਂ ਦਾ ਨਾ ਮਿਲਣਾ ਹੈ।