ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਇਮੀਗ੍ਰੇਸ਼ਨ ਅਦਾਲਤਾਂ ਦੇ ਡੇਵਿਡ ਨੀਲ ਡਾਇਰੈਕਟਰ ਨਿਯੁਕਤ

ਅਮਰੀਕਾ ਦੇ ਨਿਆਂ ਵਿਭਾਗ ਵੱਲੋਂ ਇਮੀਗ੍ਰੇਸ਼ਨ ਅਦਾਲਤਾਂ ਦੇ ਡੇਵਿਡ ਨੀਲ ਡਾਇਰੈਕਟਰ ਨਿਯੁਕਤ

* ਟਰੰਪ ਪ੍ਰਸ਼ਾਸਨ ਵੇਲੇ ਦਿੱਤਾ ਸੀ ਅਸਤੀਫਾ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 25 ਸਤੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਨਿਆਂ ਵਿਭਾਗ ਨੇ ਡੇਵਿਡ ਨੀਲ ਨੂੰ ਦੇਸ਼ ਦੀਆਂ ਇਮੀਗ੍ਰੇਸ਼ਨ ਅਦਾਲਤਾਂ ਦਾ ਡਾਇਰੈਕਟਰ ਨਿਯੁਕਤ ਹੈ। ਇਨਾਂ ਅਦਾਲਤਾਂ ਦੀ ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਲਈ ਬਹੁਤ ਵੱਡੀ ਅਹਿਮੀਅਤ ਹੈ। ਕਿਸੇ ਪ੍ਰਵਾਸੀ ਨੂੰ ਦੇਸ਼ ਨਿਕਾਲਾ ਦੇਣਾ ਜਾਂ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਦੇਣਾ ਇਨਾਂ ਇਮੀਗ੍ਰੇਸ਼ਨ ਅਦਾਲਤਾਂ ਦਾ ਹੀ ਕੰਮ ਹੈ। ਰਾਜਸੀ ਜਾਂ ਹੋਰ ਕਿਸੇ ਤਰਾਂ ਦੀ ਸ਼ਰਨ ਦੇ ਮਾਮਲਿਆਂ ਵਿਚ ਅੰਤਿਮ ਫੈਸਲਾ ਲੈਣਾ ਇਨਾਂ ਅਦਾਲਤਾਂ ਦੇ ਖੇਤਰ ਵਿਚ ਹੀ ਆਉਂਦਾ ਹੈ। ਨੀਲ ਡੇਵਿਡ ਦੀ ਨਿਯੁਕਤੀ ਦਾ ਐਲਾਨ ਅਟਾਰਨੀ ਜਨਰਲ ਮੈਰਿਕ ਗਾਰਲੈਂਡ ਨੇ ਕੀਤਾ। ਨੀਲ ਦੀ ਨਿਯੁਕਤੀ ਦਾ ਐਲਾਨ ਕਰਦਿਆਂ ਗਾਰਲੈਂਡ ਨੇ ਕਿਹਾ ਹੈ ਕਿ ਨਿਆਂ ਵਿਭਾਗ ਨਿਰਪੱਖ ਫੈਸਲੇ ਤੇ ਕੁਸ਼ਲ ਇਮੀਗ੍ਰੇਸ਼ਨ ਅਦਾਲਤਾਂ ਪ੍ਰਤੀ ਵਚਨਬੱਧ ਹੈ। ਨੀਲ ਇਕ ਇਮੀਗ੍ਰੇਸ਼ਨ ਪੈਨਲ ਵਿਚ ਦੋ ਦਹਾਕੇ ਕੰਮ ਕਰ ਚੁੱਕੇ ਹਨ ਪਰੰਤੂ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਵਿਰੁੱਧ ਕਈ ਇਮੀਗ੍ਰੇਸ਼ਨ ਜੱਜਾਂ ਵੱਲੋਂ ਅਸਤੀਫਾ ਦੇਣ ਵੇਲੇ ਨੀਲ ਵੀ ਅਹੁੱਦਾ ਛੱਡ ਗਏ ਸਨ। ਨੀਲ ਉਸ ਸਮੇ ਅਹੁੱਦਾ ਸੰਭਾਲ ਰਹੇ ਹਨ ਜਦੋਂ ਅਮਰੀਕਾ-ਮੈਕਸੀਕੋ ਸਰਹੱਦ ਰਾਹੀਂ ਦਾਖਲ ਹੋ ਰਹੇ ਧੜਾਧੜ ਸ਼ਰਨਾਰਥੀਆਂ ਦੀ ਸਮੱਸਿਆ ਨਾਲ ਬਾਈਡਨ ਪ੍ਰਸ਼ਾਸਨ ਜੂਝ ਰਿਹਾ ਹੈ। ਇਸ ਵੇਲੇ  ਅਮਰੀਕਾ ਵਿਚ 60  ਤੋਂ ਵਧ ਇਮੀਗ੍ਰੇਸ਼ਨ ਅਦਾਲਤਾਂ ਹਨ ਜਿਨਾਂ ਵਿਚ ਤਕਰੀਬਨ 500 ਜੱਜ ਨਿਯੁਕਤ ਹਨ।