ਕਾਬੁਲ ਡਰੋਨ ਹਮਲਾ ਦੁੱਖਦਾਈ ਗਲਤੀ ਸੀ, ਪੈਂਟਾਗਨ ਨੇ ਕੀਤਾ ਸਵੀਕਾਰ

ਕਾਬੁਲ ਡਰੋਨ ਹਮਲਾ ਦੁੱਖਦਾਈ ਗਲਤੀ ਸੀ, ਪੈਂਟਾਗਨ ਨੇ ਕੀਤਾ ਸਵੀਕਾਰ

*  ਇਸ ਹਮਲੇ ਵਿਚ 7 ਬੱਚਿਆਂ ਸਮੇਤ 10 ਨਿਰਦੋਸ਼ ਮਾਰੇ ਗਏ ਸਨ ਤੇ ਕੋਈ ਵੀ ਅੱਤਵਾਦੀ ਨਹੀਂ ਮਰਿਆ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰੱਖਿਆ ਵਿਭਾਗ ਨੇ ਮੰਨਿਆ ਹੈ ਕਿ ਪਿਛਲੇ ਮਹੀਨੇ ਕਾਬੁਲ ਵਿਚ ਕੀਤਾ ਡਰੋਨ ਹਮਲਾ ਇਕ ਭਿਆਨਕ ਗਲਤੀ ਸੀ ਜਿਸ ਵਿਚ ਕੋਈ ਵੀ ਅੱਤਵਾਦੀ ਨਹੀਂ ਮਰਿਆ ਜਦ ਕਿ 7 ਬੱਚਿਆਂ ਸਮੇਤ 10 ਨਿਰਦੋਸ਼ ਲੋਕ ਮਾਰੇ ਗਏ ਸਨ। ਸ਼ੁਰੂ ਵਿਚ ਅਮਰੀਕਾ ਨੇ ਇਸ ਹਮਲੇ ਵਿਚ ਅੱਤਵਾਦੀ ਮਾਰੇ ਜਾਣ ਦਾ ਦਾਅਵਾ ਕੀਤਾ ਸੀ ਤੇ ਇਸ ਹਮਲੇ ਨੂੰ ਉਚਿੱਤ ਠਹਿਰਾਇਆ ਸੀ। ਅਮਰੀਕੀ ਸੈਂਟਰਲ ਕਮਾਂਡ ਦੇ ਮੁੱਖੀ ਜਨਰਲ ਫਰੈਂਕ ਮੈਕਨਜੀ ਨੇ ਕਿਹਾ ਹੈ ਕਿ ਸਾਡੀ ਜਾਂਚ ਹੁਣ ਮੁਕੰਮਲ ਹੋਈ ਹੈ ਤੇ ਅਸੀਂ ਇਸ ਸਿੱਟੇ ਉਪਰ ਪੁੱਜੇ ਹਾਂ ਕਿ ਇਹ ਹਮਲਾ ਦੁਖਦਾਈ ਗਲਤੀ ਸੀ। ਮੈਕਨਜੀ ਨੇ ਕਿਹਾ ਕਿ ''ਅਮਰੀਕੀ ਫੌਜੀਆਂ ਨੇ ਇਕ ਚਿੱਟੇ ਰੰਗ ਦੀ ਟੋਇਟਾ ਕੋਰੋਲਾ ਦਾ ਲਗਾਤਾਰ 8 ਘੰਟੇ ਪਿੱਛਾ ਕੀਤਾ ਤੇ ਉਹ ਇਸ ਸਿੱਟੇ ਉਪਰ ਪੁੱਜੇ ਕਿ ਇਹ ਟੋਇਟਾ ਕੋਰੋਲਾ ਸਾਡੇ ਲਈ ਖਤਰਾ ਹੈ। ਸਾਨੂੰ 60 ਤੋਂ ਵਧ ਖੁਫੀਆ ਸੂਚਨਾਵਾਂ ਮਿਲੀਆਂ ਸਨ ਜਿਨਾਂ ਵਿਚ ਸੰਕੇਤ ਦਿੱਤਾ ਗਿਆ ਸੀ ਕਿ ਹਮਲਾ ਹੋਣ ਵਾਲਾ ਹੈ। ਇਸ ਉਪਰੰਤ 6 ਰੀਪਰ ਡਰੋਨ ਨੇ ਟੋਇਟਾ ਕੋਰੋਲਾ ਦਾ ਪਿੱਛਾ ਕਰਕੇ ਉਸ ਨੂੰ ਨਸ਼ਟ ਕਰ ਦਿੱਤਾ।''

ਇਹ ਹਮਲਾ ਪਿਛਲੇ ਮਹੀਨੇ 29 ਅਗਸਤ ਨੂੰ ਉਸ ਵੇਲੇ ਕੀਤਾ ਗਿਆ ਸੀ ਜਦੋਂ ਅਫਗਾਨਿਸਤਾਨ ਵਿਚੋਂ ਅਮਰੀਕੀਆਂ ਤੇ ਹੋਰ ਲੋਕਾਂ ਨੂੰ ਕੱਢਣ ਲਈ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਸੀ। ਅਮਰੀਕੀ ਫੌਜ ਨੇ ਦਾਅਵਾ ਕੀਤਾ ਸੀ ਕਿ ਇਸ ਹਮਲੇ ਵਿਚ ਕਈ ਫਿਦਾਇਨ ਮਾਰੇ ਗਏ ਹਨ ਜੋ ਹਾਮਿਦ ਕਰਜ਼ਈ ਕੌਮਾਂਤਰੀ ਹਵਾਈ ਅੱਡੇ ਉਪਰ ਹਮਲਾ ਕਰਨ ਦੀ ਤਾਕ ਵਿਚ ਸਨ। ਇਹ ਵੀ ਦਾਅਵਾ ਕੀਤਾ ਸੀ ਕਿ ਜਿਸ ਗੱਡੀ ਵਿਚ ਫਿਦਾਇਨ ਸਵਾਰ ਸਨ ਉਹ ਧਮਾਕਾਖੇਜ਼ ਸਮੱਗਰੀ ਨਾਲ ਭਰੀ ਪਈ ਸੀ। ਇਸ ਦਾਅਵੇ ਦੇ ਤੁਰੰਤ ਬਾਅਦ ਅਮਰੀਕੀ ਫੌਜ ਦੇ ਹਮਲੇ ਵਿਚ ਇਕ ਪਰਿਵਾਰ ਦੇ ਕਈ ਮੈਂਬਰਾਂ ਦੇ ਮਾਰੇ ਜਾਣ ਦੀ ਰਿਪੋਰਟ ਸਾਹਮਣੇ ਆਈ ਸੀ ਜਿਸ 'ਤੇ ਪੈਂਟਾਗਨ ਨੇ ਵੀ ਆਮ ਨਾਗਰਿਕਾਂ ਦੇ ਮਾਰੇ ਜਾਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਸੀ।