ਖ਼ਾਲਿਸਤਾਨੀ ਜਥੇਬੰਦੀਆਂ ਅਮਰੀਕਾ 'ਚ ਹੋ ਰਹੀਆਂ ਹਨ ਮਜ਼ਬੂਤ  - ਰਿਪੋਰਟ

ਖ਼ਾਲਿਸਤਾਨੀ ਜਥੇਬੰਦੀਆਂ ਅਮਰੀਕਾ 'ਚ ਹੋ ਰਹੀਆਂ ਹਨ ਮਜ਼ਬੂਤ  - ਰਿਪੋਰਟ

ਅੰਮ੍ਰਿਤਸਰ ਟਾਈਮਜ਼ ਬਿਉਰੋ

ਵਾਸ਼ਿੰਗਟਨ- ਅਮਰੀਕਾ ਦੇ ਥਿੰਕ ਟੈਂਕ ਨੇ ਕਿਹਾ ਕਿ ਪਾਕਿਸਤਾਨ ਵਲੋਂ ਸਮਰਥਨ ਪ੍ਰਾਪਤ ਵੱਖਵਾਦੀ ਖਾਲਿਸਤਾਨੀ ਸਮੂਹ ਹੌਲੀ ਹੌਲੀ ਅਮਰੀਕਾ 'ਚ ਆਪਣੀ ਪਕੜ ਮਜ਼ਬੂਤ ਕਰ ਰਹੇ ਹਨ। ਇਸ ਨੇ ਇਹ ਵੀ ਕਿਹਾ ਕਿ ਅਮਰੀਕੀ ਸਰਕਾਰ ਇਨ੍ਹਾਂ ਸੰਗਠਨਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਲਈ ਨਵੀਂ ਦਿੱਲੀ ਵਲੋਂ ਕੀਤੀਆਂ ਅਪੀਲਾਂ ਪ੍ਰਤੀ ਉਦਾਸੀਨ ਰਹੀ ਹੈ। 'ਹਡਸਨ ਇੰਸਟੀਚਿਊਟ' ਨੇ ਪ੍ਰਕਾਸ਼ਤ ਆਪਣੀ ਰਿਪੋਰਟ 'ਪਾਕਿਸਤਾਨ ਦੀ ਅਸਥਿਰ ਕਰਨ ਦੀ ਸਾਜ਼ਿਸ਼: ਅਮਰੀਕਾ 'ਚ ਖਾਲਿਸਤਾਨੀ ਸਰਗਰਮੀਆਂ' ਪਾਕਿਸਤਾਨ ਵਲੋਂ ਇਨ੍ਹਾਂ ਸੰਗਠਨਾਂ ਨੂੰ ਦਿੱਤੇ ਜਾ ਰਹੇ ਸਮਰਥਨ ਬਾਰੇ ਸਮੀਖਿਆ ਕੀਤੀ ਹੈ। ਰਿਪੋਰਟ 'ਚ ਇਨ੍ਹਾਂ ਸਮੂਹਾਂ ਦੇ ਭਾਰਤ 'ਚ ਕੱਟੜਪੰਥੀ  ਸੰਗਠਨਾਂ ਨਾਲ ਸਬੰਧਾਂ ਅਤੇ ਦੱਖਣੀ ਏਸ਼ੀਆ 'ਚ ਅਮਰੀਕੀ ਵਿਦੇਸ਼ ਨੀਤੀ 'ਤੇ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਸੰਭਾਵਿਤ ਤੌਰ 'ਤੇ ਮਾੜੇ ਪ੍ਰਭਾਵ ਬਾਰੇ ਵਿਚਾਰ ਕੀਤਾ ਗਿਆ। ਰਿਪੋਰਟ ਸੰਕੇਤ ਕਰਦੀ ਹੈ ਕਿ ਪਾਕਿਸਤਾਨ ਸਥਿਤ ਇਸਲਾਮਿਕ ਜਿਹਾਦੀ ਸੰਗਠਨਾਂ ਵਾਂਗ ਖਾਲਿਸਤਾਨੀ ਜਥੇਬੰਦੀਆਂ ਵੀ ਨਵੇਂ ਨਾਵਾਂ ਨਾਲ ਉਭਰ ਸਕਦੀਆਂ ਹਨ। ਇਸ 'ਚ ਕਿਹਾ ਗਿਆ ਹੈ ਕਿ ਬਦਕਿਸਮਤੀ ਨਾਲ ਅਮਰੀਕੀ ਸਰਕਾਰ ਨੇ ਖਾਲਿਸਤਾਨੀਆਂ ਦੁਆਰਾ ਕੀਤੀ ਹਿੰਸਾ 'ਚ ਕੋਈ ਦਿਲਚਸਪੀ ਨਹੀਂ ਦਿਖਾਈ, ਜਦੋਂ ਕਿ ਖਾਲਿਸਤਾਨ ਮੁਹਿੰਮ ਦੇ ਪੱਕੇ ਸਮਰਥਕ ਬ੍ਰਿਟੇਨ, ਕੈਨੇਡਾ ਅਤੇ ਅਮਰੀਕਾ ਵਰਗੇ ਪੱਛਮੀ ਦੇਸ਼ਾਂ 'ਚ ਹਨ। ਰਿਪੋਰਟ 'ਚ ਕਿਹਾ ਗਿਆ ਕਿ ਜਦੋਂ ਤੱਕ ਅਮਰੀਕੀ ਸਰਕਾਰ ਖਾਲਿਸਤਾਨ ਨਾਲ ਜੁੜੇ ਖਾੜਕੂਵਾਦ ਦੀ ਨਿਗਰਾਨੀ ਨੂੰ ਤਰਜੀਹ ਨਹੀਂ ਦਿੰਦੀ, ਉਦੋਂ ਤੱਕ ਉਨ੍ਹਾਂ ਸਮੂਹਾਂ ਦੀ ਪਛਾਣ ਕਰਨ ਦੀ ਸੰਭਾਵਨਾ ਨਹੀਂ ਹੈ, ਜੋ ਇਸ ਵੇਲੇ ਭਾਰਤ 'ਚ ਪੰਜਾਬ 'ਚ ਹਿੰਸਾ 'ਚ ਸ਼ਾਮਲ ਹਨ ਜਾਂ ਅਜਿਹਾ ਕਰਨ ਦੀ ਤਿਆਰੀ ਕਰ ਰਹੇ ਹਨ।