ਫਲੋਰੀਡਾ ਵਿਚ ਇਕ ਬੱਚੇ ਸਮੇਤ 4 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ, ਇਕ ਲੜਕੀ ਗੰਭੀਰ ਜ਼ਖਮੀ

ਫਲੋਰੀਡਾ ਵਿਚ ਇਕ ਬੱਚੇ ਸਮੇਤ 4 ਜਣਿਆਂ ਦੀ ਗੋਲੀਆਂ ਮਾਰ ਕੇ ਹੱਤਿਆ, ਇਕ ਲੜਕੀ ਗੰਭੀਰ ਜ਼ਖਮੀ
ਕੈਪਸ਼ਨ : ਪੁਲਿਸ ਤੇ ਸ਼ੱਕੀ ਹਮਲਾਵਰ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਦਰਵਾਜ਼ੇ ਉਪਰ ਵੱਜੀਆਂ ਗੋਲੀਆਂ ਦੇ ਨਿਸ਼ਾਨ

* ਮੁਕਾਬਲੇ ਉਪਰੰਤ ਹਮਲਾਵਰ ਜ਼ਖਮੀ ਹਾਲਤ ਵਿਚ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਉੱਤਰੀ ਲੇਕਲੈਂਡ, ਫਲੋਰੀਡਾ ਵਿਚ ਇਕ ਹਮਲਾਵਰ ਵੱਲੋਂ ਕੀਤੀ ਗੋਲੀਬਾਰੀ ਵਿਚ ਇਕ ਬੱਚਾ,  ਦੋ ਔਰਤਾਂ ਤੇ ਇਕ ਵਿਅਕਤੀ ਮਾਰਿਆ ਗਿਆ ਜਦ ਕਿ ਇਕ 11 ਸਾਲਾਂ ਦੀ ਲੜਕੀ ਗੰਭੀਰ ਜ਼ਖਮੀ ਹੋ ਗਈ। ਪੁਲਿਸ ਦੀ ਕਾਰਵਾਈ ਦੌਰਾਨ ਜ਼ਖਮੀ ਹੋਣ ਉਪਰੰਤ ਹਮਲਾਵਰ ਨੇ ਆਤਮ ਸਮਰਪਣ ਕਰ ਦਿੱਤਾ। ਪੋਲਕ ਕਾਊਂਟੀ ਦੇ ਸ਼ੈਰਿਫ ਗਰਾਡੀ ਜੂਡ ਨੇ ਕਿਹਾ ਹੈ ਕਿ ਗੋਲੀਬਾਰੀ ਤੜਕਸਾਰ 4.30 ਵਜੇ ਇਕ ਘਰ ਵਿਚ ਹੋਈ। ਸ਼ੱਕੀ ਹਮਲਾਵਰ ਦੀ ਪਛਾਣ 33 ਸਾਲਾ ਬਰਾਇਨ ਰੀਲੇ ਵਜੋਂ ਹੋਈ ਹੈ ਜਿਸ ਨੂੰ ਗ੍ਰਿਫਤਾਰ ਕਰਨ ਉਪਰੰਤ ਪੁਲਿਸ ਨੇ ਘਰ ਵਿਚੋਂ ਇਕ 3 ਸਾਲ ਦੇ ਬੱਚੇ,   ਇਕ ਵਿਅਕਤੀ ਤੇ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਮੌਕੇ ਤੋਂ ਮਿਲੀ ਇਕ 11 ਸਾਲਾ ਲੜਕੀ ਜਿਸ ਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ, ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜੂਡ ਨੇ ਦੱਸਿਆ ਕਿ ਰੀਲੇ ਸਾਬਕਾ ਫੌਜੀ ਹੈ ਜੋ ਇਰਾਕ ਤੇ ਅਫਗਾਨਿਸਤਾਨ ਵਿਚ ਤਾਇਨਾਤ ਰਿਹਾ ਹੈ। ਉਸ ਨੇ 4 ਸਾਲ ਫੌਜ ਵਿਚ ਨੌਕਰੀ ਕੀਤੀ ਤੇ ਉਸ ਨੂੰ ਸਨਮਾਨ ਸਹਿਤ ਸੇਵਾ ਮੁਕਤ ਕੀਤਾ ਗਿਆ ਸੀ। ਬਾਅਦ ਵਿਚ 3 ਸਾਲ ਉਸ ਨੇ ਰਿਜਰਵ ਸੈਨਿਕ ਵਜੋਂ ਨੌਕਰੀ ਕੀਤੀ। ਰੀਲੇ ਦੀ ਮਿੱਤਰ ਕੁੜੀ ਅਨੁਸਾਰ 'ਉਹ ਕਦੀ ਕਦੀ ਪ੍ਰੇਸ਼ਾਨ ਜਰੂਰ ਹੋ ਜਾਂਦਾ ਸੀ ਪਰ ਉਹ ਕਦੀ ਵੀ ਹਿੰਸਕ ਨਹੀਂ ਹੋਇਆ ਸੀ। ਉਹ  ਓਰਲੈਂਡੋ ਵਿਚ ਇਕ ਚਰਚ ਵਿਚ ਸਕਿਉਰਿਟੀ ਅਫਸਰ ਵਜੋਂ ਤਾਇਨਾਤ ਸੀ ਤੇ ਹਫਤਾ ਪਹਿਲਾਂ ਘਰ ਆਇਆ ਸੀ। ਉਹ ਕਹਿੰਦਾ ਸੀ ਕਿ ਉਹ ਰੱਬ ਨਾਲ ਸਿੱਧੀ ਗੱਲਬਾਤ ਕਰ ਸਕਦਾ ਹੈ।'' ਉਸ ਨੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਹ ਵੀ ਕਿਹਾ ਸੀ ਕਿ ਨਾਲ ਲੱਗਦੇ ਘਰ ਵਿਚ ਰਹਿੰਦੀ ਕੁੜੀ ਆਤਮ ਹੱਤਿਆ ਕਰਨ ਵਾਲੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਨੇ ਮ੍ਰਿਤਕਾਂ ਦੇ ਨਾਂ ਨਸ਼ਰ ਨਹੀਂ ਕੀਤੇ ਹਨ।