ਅਹੁੱਦਾ ਸੰਭਾਲਣ ਉਪਰੰਤ 6 ਮਹੀਨਿਆਂ ਵਿਚ ਬਾਈਡਨ ਨੇ ਪ੍ਰਵਾਸੀਆਂ ਦੇ ਪੱਖ ਵਿਚ 155 ਨੀਤੀਆਂ ਲਿਆਂਦੀਆਂ- ਮੁਜ਼ਫਰ ਚਿਸ਼ਤੀ

ਅਹੁੱਦਾ ਸੰਭਾਲਣ ਉਪਰੰਤ 6 ਮਹੀਨਿਆਂ ਵਿਚ ਬਾਈਡਨ ਨੇ ਪ੍ਰਵਾਸੀਆਂ ਦੇ ਪੱਖ ਵਿਚ 155 ਨੀਤੀਆਂ ਲਿਆਂਦੀਆਂ- ਮੁਜ਼ਫਰ ਚਿਸ਼ਤੀ
ਮੁਜ਼ਫਰ ਚਿਸ਼ਤੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਰਾਸ਼ਟਰਪਤੀ ਜੋ ਬਾਈਡਨ ਨੇ ਅਹੁੱਦਾ ਸੰਭਾਲਣ ਉਪਰੰਤ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਪ੍ਰਵਾਸੀਆਂ ਨੂੰ ਰਾਹਤ ਦੇਣ ਦੇ ਮਕਸਦ ਨਾਲ 155 ਨੀਤੀਆਂ ਲਿਆਂਦੀਆਂ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਬਹੁਤ ਸਾਰੇ ਸਖਤ ਆਦੇਸ਼ਾਂ ਨੂੰ ਖਤਮ ਕਰ ਦਿੱਤਾ। ਇਹ ਪ੍ਰਗਟਾਵਾ ਮਾਈਗ੍ਰੇਸ਼ਨ ਪੌਲਸੀ ਇੰਸਟੀਚਿਊਟ ਦੇ ਸੀਨੀਅਰ ਸਹਿਯੋਗੀ ਮੁਜ਼ਫਰ ਚਿਸ਼ਤੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਭਾਰਤੀ ਮੂਲ ਦੇ ਅਮਰੀਕੀ ਚਿਸ਼ਤੀ ਨੇ ਬਾਈਡਨ ਦੇ ਕੰਮਕਾਰ ਦੀ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਤੁਲਨਾ ਕੀਤੀ ਜਿਸ ਨੇ ਆਪਣੇ 4 ਸਾਲ ਦੇ ਕਾਰਜਕਾਲ ਦੌਰਾਨ ਪ੍ਰਵਾਸੀਆਂ ਵਿਰੁੱਧ ਸਖਤ ਰੁਖ ਅਪਣਾਇਆ। ਟਰੰਪ ਨੇ 450 ਆਦੇਸ਼ ਜਾਰੀ ਕੀਤੇ ਜਿਨਾਂ ਵਿਚ ਕੁਝ ਵਿਸ਼ੇਸ਼ ਦੇਸ਼ਾਂ ਦੇ ਮੁਸਲਮਾਨਾਂ ਉਪਰ ਅਮਰੀਕਾ ਆਉਣ 'ਤੇ ਪਾਬੰਦੀ ਲਾਉਣਾ ਤੇ ਬੱਚਿਆਂ ਸਬੰਧੀ ਡੀ ਏ ਸੀ ਏ ਪ੍ਰੋਗਰਾਮ ਨੂੰ ਖਤਮ ਕਰਨਾ ਵੀ ਸ਼ਾਮਿਲ ਸੀ ਜਿਸ  ਪ੍ਰੋਗਰਾਮ ਤਹਿਤ ਬਿਨਾਂ ਦਸਤਾਵੇਜਾਂ ਵਾਲੇ 8 ਲੱਖ ਨੌਜਵਾਨਾਂ ਨੂੰ ਦੇਸ਼ ਨਿਕਾਲੇ ਤੋਂ ਰਾਹਤ ਮਿਲੀ ਹੋਈ ਸੀ। ਟਰੰਪ ਦੇ ਇਸ ਸਖਤ ਰੁਖ ਕਾਰਨ ਬਹੁਤ ਸਾਰੇ ਨੌਜਵਾਨਾਂ ਨੂੰ ਆਪਣੇ ਵਤਨ ਵਾਪਿਸ ਪਰਤਣਾ ਪਿਆ ਸੀ। ਚਿਸ਼ਤੀ ਨੇ ਕਿਹਾ ਕਿ ਰਾਸ਼ਟਰਪਤੀ ਵਜੋਂ ਅਹੁੱਦਾ ਸੰਭਾਲਣ ਉਪਰੰਤ ਬਾਈਡਨ ਨੇ ਪਹਿਲੇ ਦਿਨ ਪ੍ਰਵਾਸੀਆਂ ਪੱਖੀ 7 ਨੀਤੀਆਂ ਲਿਆਂਦੀਆਂ ਜਿਨਾਂ ਤਹਿਤ ਮੁਸਲਮਾਨਾਂ ਉਪਰ ਅਮਰੀਕਾ ਆਉਣ 'ਤੇ ਪਾਬੰਦੀ ਖਤਮ ਕਰ ਦਿੱਤੀ ਗਈ, ਡੀ ਏ ਸੀ ਏ ਪ੍ਰੋਗਰਾਮ ਨੂੰ ਬਹਾਲ ਕਰ ਦਿੱਤਾ ਗਿਆ ਤੇ ਇਸ ਪ੍ਰੋਗਰਾਮ ਨੂੰ ਹੋਰ ਮੋਕਲਾ ਬਣਾਉਣ ਦਾ ਰਾਹ ਖੁਲਾ ਰਖਿਆ ਗਿਆ, ਸਰਹੱਦ ਉਪਰ ਕੰਧ ਉਸਾਰੀ ਨੂੰ ਰੋਕ ਦਿੱਤਾ ਗਿਆ ਜਿਸ ਕੰਧ ਉਪਰ ਅਰਬਾਂ ਡਾਲਰ ਖਰਚ ਕਰਕੇ ਸਾਬਕਾ ਰਾਸ਼ਟਰਪਤੀ ਦੱਖਣ ਤੇ ਕੇਂਦਰੀ ਅਮਰੀਕਾ ਤੋਂ ਆਉਣ ਵਾਲੇ ਪ੍ਰਵਾਸੀਆਂ ਨੂੰ ਰੋਕਣਾ ਚਹੁੰਦਾ ਸੀ। ਚਿਸ਼ਤੀ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਈਡਨ ਨੇ ਸਾਬਕਾ ਰਾਸ਼ਟਰਪਤੀ ਦਾ 'ਥਰਡ ਕੰਟਰੀ ਰੂਲ' ਮੁਅੱਤਲ ਕਰ ਦਿੱਤਾ ਜਿਸ ਤਹਿਤ ਸ਼ਰਨ ਦੇ ਦਾਅਵਿਆਂ ਦੇ ਨਿਪਟਾਰੇ ਤੱਕ ਪ੍ਰਵਾਸੀਆਂ ਨੂੰ ਮੈਕਸੀਕੋ ਵਿਚ ਰਹਿਣਾ ਪੈਣਾ ਸੀ।