ਪੰਜਾਬ 'ਚ ਰਾਜਸੀ ਆਗੂਆਂ ਦੇ ਘਿਰਾਓ ਦੇ ਮੁੱਦੇ 'ਤੇ ਸਿਆਸੀ ਦਲ ਹੋਣ ਲੱਗੇ ਪੀੜਤ

ਪੰਜਾਬ 'ਚ ਰਾਜਸੀ ਆਗੂਆਂ ਦੇ ਘਿਰਾਓ ਦੇ ਮੁੱਦੇ 'ਤੇ ਸਿਆਸੀ ਦਲ ਹੋਣ ਲੱਗੇ ਪੀੜਤ

*ਮਾਲਵੇ ਦੇ ਪਿੰਡਾਂ ’ਚ ਸਿਆਸੀ ਆਗੂਆਂ ਖ਼ਿਲਾਫ਼ ਮਤੇ ਪਾਸ,ਖੇਤੀ ਕਾਨੂੰਨ ਰੱਦ ਹੋਣ ਤੱਕ ਬਾਈਕਾਟ ਜਾਰੀ ਰੱਖਣ ਦਾ ਫ਼ੈਸਲਾ 

 * ਲੌਂਗੋਵਾਲ ਦੇ ਬਰਸੀ ਸਮਾਗਮ ਮੌਕੇ ਸਿਆਸੀ ਆਗੂਆਂ ਦਾ ਕਿਸਾਨਾਂ ਵਲੋਂ ਜ਼ੋਰਦਾਰ ਵਿਰੋਧ 

  * ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਤੇ ਸਾਬਕਾ ਭਾਜਪਾ ਆਗੂ ਅਕਾਲੀ ਦਲ ਵਿਚ ਸ਼ਾਮਿਲ ਹੋਣ ਕਾਰਣ ਬਾਦਲ ਦਲ ਦੀ ਸਥਿਤੀ ਮਜਬੂਤ            

   ਵਿਸ਼ੇਸ਼ ਨਿਊਜ

ਬਘੇਲ ਸਿੰਘ ਧਾਲੀਵਾਲ ਪੱਤਰਕਾਰ   

 ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਆਉਣ ਨਾਲ ਸਿਆਸੀ ਸਮੀਕਰਨ ਬਦਲਣੇ ਸ਼ੁਰੂ ਹੋ ਗਏ ਹਨ। ਹੁਣ ਤੋਂ ਹੀ ਇਹ ਸੰਕੇਤ ਮਿਲ ਰਹੇ ਹਨ ਕਿ ਇਸ ਵਾਰ ਚੋਣਾਂ ਦਾ ਮਾਹੌਲ ਪਹਿਲਾਂ ਵਰਗਾ ਨਹੀਂ ਬਲਕਿ ਬਦਲਿਆ ਹੋਇਆ ਦਿਖਾਈ ਦੇਵੇਗਾ। ਪੰਜਾਬ ਵਿਚੋਂ ਸ਼ੁਰੂ ਹੋ ਕੇ ਦੇਸ਼ਵਿਆਪੀ ਬਣੇ ਕਿਸਾਨ ਅੰਦੋਲਨ ਦੇ ਸਿਆਸੀ ਅਸਰ ਦਾ ਪ੍ਰਭਾਵ ਇਸੇ ਤੋਂ ਦੇਖਿਆ ਜਾ ਸਕਦਾ ਹੈ ਕਿ ਇਸ ਕਾਰਨ ਅਕਾਲੀ-ਭਾਜਪਾ ਵਿਚਲੇ ਲੰਮੇ ਸਮੇਂ ਦੀ ਸਾਂਝ ਟੁੱਟ ਗਈ। ਬਸਪਾ  ਨਾਲ ਸਮਝੌਤਾ ਅਤੇ ਭਾਜਪਾ ਦੇ ਬਾਗ਼ੀਆਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਅਕਾਲੀ ਦਲ ਆਪਣੇ ਆਪ ਨੂੰ ਪੰਜਾਬ ਦੇ ਸਭ ਵਰਗਾਂ ਦੀ ਸ਼ਮੂਲੀਅਤ ਵਾਲੀ ਪਾਰਟੀ ਵਜੋਂ ਉਭਾਰਨਾ ਚਾਹੁੰਦਾ ਹੈ। ਭਾਜਪਾ ਪੰਜਾਬ ਦੀ ਸਿਆਸਤ ਵਿਚ ਹਾਸ਼ੀਏ ਉੱਤੇ ਹੈ। ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ ਸੁਖਜੀਤ ਕੌਰ ਸ਼ਾਹੀ, ਬੁਲਾਰੇ ਹਰਜੀਤ ਭੁੱਲਰ ਸਮੇਤ ਬਹੁਤ ਸਾਰੇ ਆਗੂ ਕਿਸਾਨ ਅੰਦੋਲਨ ਦੀ ਹਮਾਇਤ ਕਰਦਿਆਂ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ ਹਨ।ਕਾਂਗਰਸ ਪਾਰਟੀ ਚਾਰ ਸਾਲਾਂ ਦੀ ਸੱਤਾ ਹੰਢਾਉਣ ਤੋਂ ਬਾਅਦ ਅੰਦਰੂਨੀ ਖਿੱਚੋਤਾਣ ਦਾ ਸ਼ਿਕਾਰ ਹੈ।  ਆਪ ਪਾਰਟੀ ਪਹਿਲਾਂ ਦੀ ਤਰ੍ਹਾਂ ਹੋਰਾਂ ਪਾਰਟੀਆਂ ਵਿਚਲੇ ਨਾਰਾਜ਼ ਆਗੂਆਂ ਨੂੰ ਸ਼ਾਮਿਲ ਕਰਕੇ ਆਪਣਾ ਆਕਾਰ ਤੇ ਆਧਾਰ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਕਾਂਗਰਸ ਅੰਦਰਲੀ ਖਿੱਚੋਤਾਣ ਅਤੇ ਅਕਾਲੀ ਦਲ ਪ੍ਰਤੀ ਲੋਕਾਂ ਦੀ ਪੁਰਾਣੀ ਨਾਰਾਜ਼ਗੀ ਤੋਂ ਲਾਭ ਮਿਲਣ ਦੀ ਉਮੀਦ ਹੈ। ਮੁੱਦਿਆਂ ਦੀ ਸਿਆਸਤ ਫਿਲਹਾਲ ਗਾਇਬ ਹੈ। ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਇਹ ਖਿਆਲ ਵੀ ਉੱਭਰ ਰਿਹਾ ਹੈ ਕਿ ਜੇਕਰ ਕਿਸਾਨ ਅੰਦੋਲਨ ਵਿਚੋਂ ਕੋਈ ਨਵੀਂ ਧਿਰ ਸਾਹਮਣੇ ਆ ਜਾਵੇ ਤਾਂ ਸਿਆਸਤ ਦਾ ਰੰਗ ਬਦਲ ਸਕਦਾ ਹੈ। ਕਿਸਾਨ ਮੋਰਚੇ ਦੇ ਆਗੂਆਂ ਦਾ ਮੰਨਣਾ ਹੈ ਕਿ ਅੰਦੋਲਨ ਚਲਾਉਣਾ ਉਨ੍ਹਾਂ ਲਈ ਪਹਿਲੀ ਤਰਜੀਹ ਹੈ; ਇਸ ਲਈ ਮੋਰਚੇ ਦੀ ਕੀਮਤ ਉੱਤੇ ਚੋਣਾਂ ਲੜਨ ਦਾ ਕੋਈ ਮਤਲਬ ਨਹੀਂ ਹੈ। ਕਿਸਾਨ ਅੰਦੋਲਨ ਵੱਲੋਂ ਭਾਜਪਾ ਆਗੂਆਂ ਦਾ ਘਿਰਾਓ ਅਤੇ ਦੂਸਰੀਆ ਪਾਰਟੀਆਂ ਦੇ ਆਗੂਆਂ ਤੋਂ ਸਵਾਲ ਪੁੱਛਣ ਦਾ ਸੱਦਾ ਪਿੰਡਾਂ ਵਿਚ ਭਖਿਆ ਹੋਇਆ ਹੈ। ਕਾਂਗਰਸ ਸਾਹਮਣੇ 18 ਨੁਕਾਤੀ ਪ੍ਰੋਗਰਾਮ ਉੱਤੇ ਅਮਲ ਕਰਨ ਅਤੇ ਲੋਕਾਂ ਨੂੰ ਸਹਿਮਤ ਕਰਵਾਉਣ ਦੀ ਚੁਣੌਤੀ ਹੈ। ਅਕਾਲੀ-ਬਸਪਾ ਗੱਠਜੋੜ ਅਕਾਲੀਆਂ ਦੇ ਪੁਰਾਣੇ ਅਕਸ ਨੂੰ ਠੀਕ ਕਰਨ ਦੀ ਜ਼ੋਰ ਅਜ਼ਮਾਈ ਵਿਚ ਰੁੱਝਿਆ ਹੋਇਆ ਹੈ। ਪਾਰਟੀਆਂ ਦੇ ਵਿਚਾਰਧਾਰਕ ਆਧਾਰ ਕਮਜ਼ੋਰ ਹੋ ਚੁੱਕੇ ਹਨ। ਇਸੇ ਲਈ ਆਉਣ ਵਾਲੇ ਸਮੇਂ ਵਿਚ ਹੋਰ ਦਲਬਦਲੀਆਂ ਹੋਣ ਦੀ ਸੰਭਾਵਨਾ ਹੈ। 

  ਖੇਤੀ ਕਨੂੰਨਾਂ ਨੂੰ ਲੈ ਕੇ ਕਿਸਾਨ ਅੰਦੋਲਨ ਦੌਰਾਨ ਕੁਝ ਕਿਸਾਨ ਜਥੇਬੰਦੀਆਂ ਵਲੋਂ ਸਿਆਸੀ ਆਗੂਆਂ ਨੂੰ ਪੰਜਾਬ ਦੇ ਪਿੰਡਾਂ ਵਿਚ ਨਾ ਵੜਨ ਦੇਣ ਦੇ ਐਲਾਨ ਕਾਰਨ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ  ਜਾਮ ਹੋ ਕੇ ਰਹਿ ਗਈਆਂਂ ਹਨ। ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਸਨ੍ਹੇਰ ਜੀਰਾ , ਪਿੰਡ ਭਾਗੀਵਾਂਦਰ ,ਪਿੰਡ ਬਦਰਾ ਧਨੌਲਾ ਦੀ ਪੰਚਾਇਤ ਨੇ ਇੱਕ ਮਤੇ ਰਾਹੀਂ ਪਿੰਡ ’ਚ ਰਾਜਨੀਤਕ ਲੀਡਰਾਂ ਦੇ ਦਾਖ਼ਲੇ ’ਤੇ ਪਾਬੰਦੀ ਸਬੰਧੀ ਮਤਾ ਪਾਇਆ ਹੈ। ਪਿੰਡ ਰਾਏਸਰ ਮਹਿਲ ਕਲਾਂ ,ਪਿੰਡ ਨਾਈਵਾਲਾ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸਿਆਸੀ ਪਾਰਟੀਆਂ ਦਾ ਪਿੰਡ ’ਚ ਦਾਖਲਾ ਬੰਦ ਕਰਨ ਸਬੰਧੀ ਬੈਨਰ ਲਾਏ ਗਏ।   ਬੀਤੇ ਹਫਤੇ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਮੌਕੇ  2 ਮੁੱਖ ਰਾਜਨੀਤਕ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਨੂੰ ਕਿਸਾਨ ਜਥੇਬੰਦੀਆਂ ਦੇ ਕਰੜ੍ਹੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਪੰਜਾਬ ਸਰਕਾਰ ਵਲੋਂ ਲੌਂਗੋਵਾਲ ਦੀ ਅਨਾਜ ਮੰਡੀ ਵਿਖੇ ਕਰਵਾਏ ਸਮਾਗਮ ਦੇ ਮੁੱਖ ਮਹਿਮਾਨਾਂ ਵਜੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਵਿਜੈਇੰਦਰ ਸਿੰਗਲਾ ਨੂੰ ਸਮਾਗਮ ਵਾਲੀ ਥਾਂ ਪੁੱਜਣ ਤੋਂ ਪਹਿਲਾਂ ਕਿਸਾਨਾਂ ਨੇ ਕਾਲੀਆਂ ਝੰਡੀਆਂ ਤੇ ਮੁਰਦਾਬਾਦ ਦੇ ਜ਼ੋਰਦਾਰ ਨਾਅਰਿਆਂ ਰਾਹੀਂ ਰੋਸ ਪ੍ਰਗਟਾਇਆ । ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਕਿਸਾਨ ਮੰਡੀ ਵਾਲੇ ਸਰਕਾਰੀ ਸਮਾਗਮ ਵੱਲ ਵਧੇ ਜਿੱਥੇ ਪੁਲਿਸ ਨੇ ਰੋਕਾਂ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ । ਸਾਧੂ ਸਿੰਘ ਧਰਮਸੋਤ ਤਾਂ ਕੁਝ ਸਮਾਂ ਪਹਿਲਾਂ ਹੀ ਸਮਾਗਮ ਤੋਂ ਰਵਾਨਾ ਹੋ ਚੁੱਕੇ ਸਨ ਪਰ ਵਿਜੈਇੰਦਰ ਸਿੰਗਲਾ ਜਦ ਸਮਾਗਮ ਵਾਲੀ ਥਾਂ ਤੋਂ ਰਵਾਨਾ ਹੋਣ ਲੱਗੇ ਤਾਂ ਅਚਾਨਕ ਕਿਸਾਨਾਂ ਦਾ ਹਜੂਮ ਹੱਥਾਂ ਵਿਚ ਝੰਡੇ ਲੈ ਕੇ ਉਨ੍ਹਾਂ ਦੇ ਕਾਫ਼ਲੇ ਵੱਲ ਵਧ ਗਿਆ । ਸਿੰਗਲਾ ਦੇ ਕਾਫ਼ਲੇ ਨੂੰ ਇਕਦਮ ਤੇਜ਼ ਗੱਡੀਆਂ ਭਜਾ ਕੇ ਉਥੋਂ ਨਿਕਲਣਾ ਪਿਆ । ਅਨਾਜ ਮੰਡੀ ਤੋਂ ਕਿਸਾਨਾਂ ਦਾ ਇਕੱਠ ਜ਼ੋਰਦਾਰ ਨਾਅਰੇਬਾਜ਼ੀ ਕਰਦਾ ਸ਼੍ਰੋਮਣੀ ਅਕਾਲੀ ਦਲ (ਬ) ਦੇ ਸਮਾਗਮ ਵੱਲ ਵਧਿਆ । ਗੁਰਦੁਆਰਾ ਕੈਂਬੋਵਾਲ ਸਾਹਿਬ ਵਾਲੀ ਸੜਕ ਦਾ ਮੁੱਖ ਬੈਰੀਕੇਡ ਸਣੇ ਰਸਤੇ 'ਚ ਲੱਗੇ ਸਾਰੇ ਬੈਰੀਕੇਡਾਂ ਨੂੰ ਤੋੜਦਿਆਂ ਕਿਸਾਨ ਇਥੋਂ ਤਕਰੀਬਨ ਦੋ-ਢਾਈ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਗੁਰਦੁਆਰਾ ਕੈਬੋਂਵਾਲ ਸਾਹਿਬ ਦੇ ਮੁੱਖ ਗੇਟ ਤੱਕ ਪੁੱਜਣ ਵਿਚ ਸਫਲ ਰਹੇ ।  ਕਿਸਾਨ ਕਾਰਕੁੰਨਾਂ ਨੇ ਮੋਰਚਾ ਸੰਭਾਲਦਿਆਂ ਕਈ ਵੱਡੇ ਅਤੇ ਛੋਟੇ ਅਕਾਲੀ ਆਗੂਆਂ ਦਾ ਕੇਵਲ ਵਿਰੋਧ ਹੀ ਨਹੀਂ ਕੀਤਾ ਬਲਕਿ ਉਨ੍ਹਾਂ ਨੂੰ ਦੌੜਾ ਦਿਤਾ।

ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਜਦ ਗੁਰਦੁਆਰਾ ਸਾਹਿਬ ਕੈਂਬੋਵਾਲ ਨਜ਼ਦੀਕ ਸਮਾਗਮ 'ਚ ਸ਼ਿਰਕਤ ਕਰਨ ਆਏ ਤਾਂ ਕਿਸਾਨਾਂ ਦੇ  ਸਖ਼ਤ ਵਿਰੋਧ ਕਾਰਨ ਚੰਦੂਮਾਜਰਾ ਵਾਪਸ ਜਾਣ ਲਈ ਮਜਬੂਰ ਹੋਣਾ ਪਿਆ । ਇਸੇ ਤਰ੍ਹਾਂ ਇਕ ਪਾਇਲਟ ਗੱਡੀ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੀ ਸੁਰੱਖਿਆ ਲਈ ਤਾਇਨਾਤ ਸੀ, ਨੂੰ ਵੀ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ।  ਇਸ ਦੇ ਸ਼ੀਸ਼ੇ ਚੂਰ-ਚੂਰ ਹੋ ਗਏ ।ਸਮਾਗਮ ਲਈ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ  ਬਾਦਲ ਦਾ ਪ੍ਰੋਗਰਾਮ ਨਿਰਧਾਰਿਤ ਹੋ ਚੁੱਕਿਆ ਸੀ ਪਰ ਕਿਸਾਨਾਂ ਦਾ ਗੁੱਸਾ ਭਾਂਪਦਿਆਂ ਖੁਫੀਆਂ ਏਜੰਸੀਆਂ ਨੇ ਅਕਾਲੀ ਆਗੂ ਦੀ ਸੁਰੱਖਿਆ ਵਿਚ ਤੈਨਾਤ ਅਫ਼ਸਰਾਂ ਨੂੰ ਸੂਚਿਤ ਕੀਤਾ ਜਿਸ ਦੇ ਕਾਰਣ ਸੁਖਬੀਰ ਸਮਾਗਮ 'ਚ ਨਾ ਪੁੱਜੇ ।ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ  ਕਿਹਾ ਕਿ ਪਾਰਟੀ ਵਲੋਂ ਇਸ ਮੁੱਦੇ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ  ਆਗੂਆਂ ਨਾਲ ਗੱਲ ਕੀਤੀ ਜਾਵੇਗੀ  । ਸਿਆਸੀ ਆਗੂਆਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਕਿਸਾਨ ਜਥੇਬੰਦੀਆਂ ਨੂੰ ਆਪਣੇ ਇਸ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ।  ਵਰਨਣਯੋਗ ਹੈ ਕਿ ਇਸ ਫ਼ੈਸਲੇ ਕਾਰਨ ਭਾਜਪਾ ਦੇ ਨਾਲ-ਨਾਲ ਕਾਂਗਰਸ ,ਆਪ ਤੇ ਅਕਾਲੀ ਦਲ ਬਾਦਲ ਵੀ ਪ੍ਰਭਾਵਿਤ ਹੋ ਰਹੇ ਹਨ ।ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜਦ 32 ਕਿਸਾਨ ਜਥੇਬੰਦੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਫ਼ੈਸਲਾ ਕਰ ਰੱਖਿਆ ਹੈ ਕਿ ਇਹ ਕਿਸਾਨ ਮਾਰੂ ਕਾਨੂੂੰਨ ਬਣਾਉਣ ਵਾਲੀ ਭਾਜਪਾ ਦਾ ਹੀ ਵਿਰੋਧ ਕੀਤਾ ਜਾਵੇਗਾ ਤਾਂ ਇਨ੍ਹਾਂ ਜਥੇਬੰਦੀਆਂ ਨੂੰ ਇਸ ਫ਼ੈਸਲੇ 'ਤੇ ਪਹਿਰਾ ਦੇਣਾ ਚਾਹੀਦਾ ਹੈ ।  ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਕਾਂਗਰਸ ਨੇ ਹਮੇਸ਼ਾ ਕਿਸਾਨ ਪੱਖੀ ਗੱਲ ਕੀਤੀ ਹੈ ਅਤੇ ਉਹ ਖੁਦ ਵੀ ਦਿੱਲੀ ਸਰਹੱਦ 'ਤੇ ਚੱਲ ਰਹੇ ਕਿਸਾਨ ਮੋਰਚੇ ਵਿਚ ਜਾ ਕੇ ਆਏ ਹਨ । ਉਨ੍ਹਾਂ ਕਿਹਾ ਕਿ ਘਿਰਾਓ ਕਰਨ ਵਾਲਿਆਂ ਨੂੰ ਇਸ ਮੁੱਦੇ 'ਤੇ ਚਿੰਤਨ ਦੀ ਲੋੜ ਹੈ । ਸ਼੍ਰੋਮਣੀ ਅਕਾਲੀ ਦਲ (ਸ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਸਾਡਾ ਕਦੇ ਕਿਸੇ ਕਿਸਾਨ ਜਥੇਬੰਦੀ ਨੇ ਵਿਰੋਧ ਨਹੀਂ ਕੀਤਾ ,ਕਿਉਂਕਿ ਅਸੀਂ ਕਿਸਾਨ ਅੰਦੋਲਨ ਦੇ ਨਾਲ ਖੜ੍ਹੇ ਹਾਂ । ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੂੰ ਪਤਾ ਹੈ ਕਿ ਭਾਜਪਾ ਵਲੋਂ ਬਣਾਏ ਤਿੰਨ ਕਾਲੇ ਕਨੂੰਨਾਂ ਦਾ ਅਕਾਲੀ ਦਲ (ਬ) ਨੇ ਡਟ ਕੇ ਸਮਰਥਨ ਕੀਤਾ ਸੀ ਪਰ ਜਦ ਕਿਸਾਨਾਂ ਦਾ ਰੋਸ ਵੇਖਿਆ ਤਾਂ ਭਾਜਪਾ ਸਰਕਾਰ ਨਾਲੋਂ ਨਾਤਾ ਤੋੜ ਲਿਆ ਇਸ ਲਈ ਕਿਸਾਨ ਅਕਾਲੀ ਦਲ ਨੂੰ ਵੀ ਬਰਾਬਰ ਦਾ ਜਿੰਮੇਵਾਰ ਸਮਝ ਕੇ ਅਕਾਲੀ ਆਗੂਆਂ ਦਾ ਵਿਰੋਧ ਕਰ ਰਹੇ ਹਨ । ਇਸੇ ਤਰ੍ਹਾਂ ਕਾਂਗਰਸ ਨੇ ਵੀ ਕਿਸਾਨਾਂ ਪ੍ਰਤੀ ਆਪਣੀ ਸਹੀ ਜਿੰਮੇਵਾਰੀ ਨਹੀਂ ਨਿਭਾਈ । ਨਤੀਜੇ ਵਜੋਂ ਕਾਂਗਰਸੀ ਆਗੂਆਂ ਨੂੰ ਵੀ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।   

  ਭਾਜਪਾ ਦੇ ਸੂਬਾ ਕੁਆਰਡੀਨੇਟਰ ਜਤਿੰਦਰ ਕਾਲੜਾ ਨੇ ਕਿਹਾ ਕਿ ਅਕਾਲੀ ਦਲ, ਕਾਂਗਰਸ ਤੇ ਆਪ ਪਾਰਟੀ ਨੇ ਕਿਸਾਨਾਂ ਨੂੰ ਗੁਮਰਾਹ ਕਰ ਕੇ ਭਾਜਪਾ ਦੇ ਵਿਰੋਧ ਵਿਚ ਖੜ੍ਹਾ ਕੀਤਾ ਸੀ ਅੱਜ ਇਨ੍ਹਾਂ ਪਾਰਟੀਆਂ ਨੂੰ ਵੀ ਕਿਸਾਨ ਰੋਹ ਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ  ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਕੇਵਲ ਭਾਜਪਾ ਆਗੂਆਂ ਦਾ ਵਿਰੋਧ ਕਰਨ ਲਈ ਕਿਹਾ ਹੋਇਆ ਹੈ ਅਤੇ ਜੋ ਦੂਸਰੀਆਂ ਪਾਰਟੀਆਂ ਦੇ ਆਗੂਆਂ ਦਾ ਵਿਰੋਧ ਹੋ ਰਿਹਾ ਹੈ ਉਸ ਲਈ ਸਾਡੀ ਜਥੇਬੰਦੀ ਜਿੰਮੇਵਾਰ ਨਹੀਂ ਹੈ । 32 ਕਿਸਾਨ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਕਿਰਨਜੀਤ ਸਿੰਘ ਸੇਖੋਂ ਨੇ ਕਿਹਾ ਕਿ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਪੰਜਾਬ ਵਿਚ ਕੇਵਲ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਜੋ ਹੁਣ ਵਰਤਾਰਾ ਹੋ ਰਿਹਾ ਹੈ ਉਸ 'ਤੇ ਚਿੰਤਨ ਕਰਨ ਦੀ ਲੋੜ ਹੈ ।ਸਾਰੀਆਂ ਸਿਆਸੀਆਂ ਪਾਰਟੀਆਂ ਦੇ ਆਗੂਆਂ ਦਾ ਘਿਰਾਓ ਕਰ ਰਹੀ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਜਥੇਬੰਦੀ ਵਲੋਂ ਘਿਰਾਓ ਕੇਵਲ ਭਾਜਪਾ ਆਗੂਆਂ ਦਾ ਕੀਤਾ ਜਾਂਦਾ ਹੈ ਪਰ ਜਥੇਬੰਦੀ ਦੇ ਫ਼ੈਸਲੇ ਅਨੁਸਾਰ ਬਾਕੀ ਸਿਆਸੀ ਪਾਰਟੀਆਂ ਦੇ ਆਗੂਆਂ ਨੂੂੰ ਘੇਰ ਕੇ ਉਨ੍ਹਾਂ ਤੋਂ ਸਵਾਲ ਪੁੱਛੇ ਜਾਂਦੇ ਹਨ । ਜਦ ਉਨ੍ਹਾਂ ਦਾ ਧਿਆਨ ਕੱਲ੍ਹ ਲੌਂਗੋਵਾਲ ਵਿਚ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਬਰਸੀ ਸਮਾਰੋਹ 'ਚ ਸ਼ਾਮਿਲ ਹੋਣ ਲਈ ਗੁਰੂ ਘਰਾਂ ਵਿਚ ਜਾ ਰਹੇ ਆਗੂਆਂ ਦੇ ਹੋਏ ਘਿਰਾਓ ਵੱਲ ਦਿਵਾਇਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਲੋਕ ਧਾਰਮਿਕ ਸਮਾਗਮ 'ਚ ਨਹੀਂ ਸਨ ਆਏ ਸਗੋਂ ਆਪਣੀਆਂ ਸਿਆਸੀ ਰੋਟੀਆਂ ਸੇਕਣ ਆਏ ਸਨ ।

ਸੁਖਬੀਰ ਬਾਦਲ ਨੇ ਅਪਣਾਈ ਕੈਪਟਨ ਦੀ ਪਿਛਲੀਆਂ ਚੋਣਾਂ ਵਾਲੀ ਰਣਨੀਤੀ

 ਜਲੰਧਰ :ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਚੋਣਾਂ ’ਚ ਅਪਣਾਈ ਰਣਨੀਤੀ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ। ਛੇ ਮਹੀਨੇ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਆਪਣੀ ਰਣਨੀਤੀ ’ਚ ਬਦਲਾਅ ਕੀਤਾ ਹੈ। ਹੁਣ ਉਹ ਇਕ ਤਰਫਾ ਸੰਵਾਦ ਕਰਨ ਦੀ ਬਜਾਏ ਦੋਪਾਸੜ ਸੰਵਾਦ ਰਚਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਰਹੇ ਹਨ। ਇਸ ਤੋਂ ਪਹਿਲਾਂ ਉਹ ਸਿਰਫ ਰੈਲੀਆਂ ਕਰਕੇ ਆਪਣੀ ਗੱਲ ਕਹਿ ਕੇ ਚਲੇ ਜਾਂਦੇ ਸਨ.ਤਿੰਨ ਖੇਤੀ ਕਾਨੂੰਨਾਂ ਤੇ ਬਹਿਬਲ ਕਲਾਂ ਗੋਲ਼ੀ ਕਾਂਡ ਜਿਹੇ ਮਾਮਲਿਆਂ ਦੇ ਚੱਲਦੇ ਪਾਰਟੀ ਦੇ ਅਕਸ ਨੂੰ ਜੋ ਠੇਸ ਪੁੱਜੀ ਹੈ, ਉਸ ਨੂੰ ਸੁਖਬੀਰ ਨੇ ਠੀਕ ਕਰਨ ਦਾ ਬੀੜਾ ਉਠਾਇਆ ਹੈ। 100 ਦਿਨਾਂ ’ਚ 100 ਵਿਧਾਨ ਸਭਾ ਹਲਕਿਆਂ ’ਚ ਜਾ ਕੇ ਲੋਕਾਂ ਦੀ ਨਬਜ਼ ਪਛਾਣਨ ਦੀ ਮੁਹਿੰਮ ’ਚ ਸੁਖਬੀਰ ਨੂੰ ਕਿੰਨੀ ਸਫ਼ਲਤਾ ਮਿਲੇਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ । ਇਸ ਵਾਰ ਉਨ੍ਹਾਂ ਦੀ ਰਣਨੀਤੀ ਪ੍ਰਸ਼ਾਂਤ ਕਿਸ਼ੋਰ ਦੇ ਸਾਥੀ ਰਹੇ ਸੁਨੀਲ ਤਿਆਰ ਕਰ ਰਹੇ ਹਨ ਤੇ ਇਹ ਠੀਕ ਅਜਿਹੀ ਹੀ ਹੈ ਜਿਵੇਂ ਕਿ ਪਿਛਲੀਆਂ ਚੋਣਾਂ ’ਚ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਸ਼ਾਂਤ ਕਿਸ਼ੋਰ ਨੇ ਤਿਆਰ ਕੀਤੀ ਸੀ। 2017 ਦੀਆਂ ਚੋਣਾਂ ’ਚ ਪੀਕੇ ਨੇ ਕੈਪਟਨ ਲਈ ‘ਕੌਫੀ ਵਿਦ ਕੈਪਟਨ’ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ’ਚ ਜਗ੍ਹਾ-ਜਗ੍ਹਾ ਜਾ ਕੇ ਵੱਖ-ਵੱਖ ਵਰਗਾਂ ਦੇ ਵੱਖ-ਵੱਖ ਮੁੱਦਿਆਂ ’ਤੇ ਗੱਲ ਕਰਨੀ ਸੀ ਤੇ ਉਨ੍ਹਾਂ ਦੀ ਰਣਨੀਤੀ ਬਾਰੇ ਪੁੱਛਣਾ ਸੀ।ਸੁਖਬੀਰ ਬਾਦਲ ਲਈ ਉਨ੍ਹਾਂ ਦੇ ਰਣਨੀਤੀਕਾਰ ਨੇ ‘ਗੱਲ ਪੰਜਾਬ ਦੀ’ ਪ੍ਰੋਗਰਾਮ ਤਿਆਰ ਕੀਤਾ ਹੈ। ਇਸੇ ਤਰ੍ਹਾਂ ਕੈਪਟਨ ਦੇ ਜਗ੍ਹਾ-ਜਗ੍ਹਾ ਰੁਕ ਕੇ ਲੋਕਾਂ ਨਾਲ ਗੱਲਾਂ ਕਰਨ ਵਾਲੇ ਆਈਡੀਆ ਨੂੰ ਵੀ ਲਿਆ ਗਿਆ ਹੈ, ਜਿਸ ’ਚ ਬਦਲਾਅ ਸਿਰਫ਼ ਇੰਨਾ ਕੀਤਾ ਗਿਆ ਹੈ ਕਿ ਸੁਖਬੀਰ ਬਾਦਲ ਇਕ ਉਲੀਕੇ ਗਏ ਚੁਣਾਵੀ ਦੌਰੇ ਦੌਰਾਨ ਅਜਿਹਾ ਕਰ ਰਹੇ ਹਨ। ਪਿਛਲੇ ਦਿਨੀਂ ਗੁਰੂ ਹਰਸਹਾਏ ’ਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਤੀਨਿਧੀਆਂ ਨੇ ਉਨ੍ਹਾਂ ਦੇ ਕਾਫਲੇ ਨੂੰ ਰੋਕ ਕੇ ਤਿੱਖੇ ਸਵਾਲ ਪੁੱਛੇ।ਇਨ੍ਹਾਂ ’ਚ ਸਭ ਤੋਂ ਵੱਡਾ ਸਵਾਲ ਤਿੰਨ ਖੇਤੀ ਕਾਨੂੰਨਾਂ ’ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਬਨਿਟ ’ਚ ਮਨਜ਼ੂਰੀ ਦੇਣਾ, ਜਿਸ ਦੇ ਜਵਾਬ ’ਚ ਸੁਖਬੀਰ ਬਾਦਲ ਕਿਸਾਨਾਂ ਨੂੰ ਕਹਿੰਦੇ ਦਿਸ ਰਹੇ ਹਨ, ‘ਜਦੋਂ ਇਹ ਮਾਮਲਾ ਕੈਬਨਿਟ ’ਚ ਆਇਆ ਤਾਂ ਹਰਸਿਮਰਤ ਨੇ ਵਿਰੋਧ ਕੀਤਾ ਸੀ।  ਅਸੀਂ ਕਈ ਕਿਸਾਨ ਯੂਨੀਅਨਾਂ ਨਾਲ ਬੈਠਕਾਂ ਕੀਤੀਆਂ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਜਿਸ ਦੀ ਸੂਚੀ ਅਸੀਂ ਖੇਤੀ ਮੰਤਰੀ ਨਰਿੰਦਰ ਤੋਮਰ ਨੂੰ ਦਿੱਤੀ। ਉਨ੍ਹਾਂ ਨੂੰ ਕਿਹਾ ਕਿ ਇਸ ਨੂੰ ਨਵੀਂ ਬਣਨ ਵਾਲੇ ਕਾਨੂੰਨ ’ਚ ਸ਼ਾਮਲ ਕਰੋ। ਜਦੋਂ ਲੋਕ ਸਭਾ ’ਚ ਬਿੱਲ ਆਏ , ਉਦੋਂ ਵੀ ਅਸੀਂ ਪਹਿਲਾਂ ਨਰਿੰਦਰ ਤੋਮਰ ਤੇ ਫਿਰ ਅਮਿਤ ਸ਼ਾਹ ਨੂੰ ਮਿਲੇ। ਜਿਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੀਆਂ ਸੋਧਾਂ ਨੂੰ ਇਸ ’ਚ ਸ਼ਾਮਲ ਕੀਤਾ ਜਾਵੇਗਾ ਪਰ ਜਦੋਂ ਅਜਿਹਾ ਨਹੀਂ ਹੋਇਆ ਤਾਂ ਅਸੀਂ ਸਰਕਾਰ ਤੇ ਗਠਜੋੜ ’ਚੋਂ ਬਾਹਰ ਆ ਗਏ।’

ਭਾਜਪਾ ਦੀ ਛਡੀ ਛੁਰਲੀ ਪੰਜਾਬ 'ਚ ਬਣੇਗੀ ਸਾਡੀ ਸਰਕਾਰ, 117 ਸੀਟਾਂ ’ਤੇ ਉਤਾਰਾਂਗੇ  ਉਮੀਦਵਾਰ

ਬੀਜੇਪੀ ਨੂੰ ਅਜੇ ਵੀ ਭਰੋਸਾ ਹੈ ਕਿ ਪੰਜਾਬ ਵਿੱਚ ਅਗਲੀ ਸਰਕਾਰ ਭਗਵਾ ਪਾਰਟੀ ਦੀ ਹੀ ਬਣੇਗੀ। ਪਾਰਟੀ ਨੇ ਤਾਜ਼ਾ ਸਿਆਸੀ ਹਾਲਾਤ ਤੇ ਸਾਲ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਸਮੀਖਿਆ ਲਈ  ਚੰਡੀਗੜ੍ਹ ਵਿੱਚ ਕੀਤੀ ਕੋਰ ਕਮੇਟੀ ਦੀ ਵਿਸ਼ੇਸ਼ ਮੀਟਿੰਗ ਮਗਰੋਂ ਬੀਜੇਪੀ ਲੀਡਰਾਂ ਨੇ ਸਪਸ਼ਟ ਐਲਾਨ ਕੀਤਾ ਹੈ ਕਿ ਭਾਜਪਾ  ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀਆਂ 117 ਸੀਟਾਂ ’ਤੇ ਆਪਣੇ ਦਮ ’ਤੇ ਚੋਣ ਲੜੇਗੀ ਤੇ ਲੋਕਾਂ ਦੇ ਸਮਰਥਨ ਨਾਲ ਜਿੱਤ ਹਾਸਲ ਕਰਕੇ ਸੂਬੇ ਵਿੱਚ ਮਜ਼ਬੂਤ ਸਰਕਾਰ ਬਣਾਏਗੀ।ਇਸ ਦੇ ਨਾਲ ਹੀ ਬੀਜੇਪੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਬੀਜੇਪੀ ਸਰਕਾਰ ਆਉਣ ਤੋਂ ਬਾਅਦ 24 ਘੰਟੇ ਸਸਤੀ ਬਿਜਲੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੀ ਜਾਵੇਗੀ ਤੇ ਉਨ੍ਹਾਂ ਨੂੰ ਅੱਜ ਦੇ ਯੁੱਗ ਮੁਤਾਬਕ ਢਾਲਣ ਲਈ ਪ੍ਰੇਰਿਆ ਜਾਵੇਗਾ।ਇਸ ਮੀਟਿੰਗ ਵਿੱਚ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਸੰਗਠਨ ਦੇ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਸਾਬਕਾ ਮੰਤਰੀ ਮਦਨ ਮੋਹਨ ਮਿੱਤਲ, ਮਨੋਰੰਜਨ ਕਾਲੀਆ, ਸੁਰਜੀਤ ਕੁਮਾਰ ਜਿਆਣੀ, ਤੀਕਸ਼ਨ ਸੂਦ,  ਪ੍ਰੋ. ਰਜਿੰਦਰ ਭੰਡਾਰੀ ਆਦਿ ਹਾਜ਼ਰ ਸਨ।