ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੀ ਦਿੱਲ ਦੀ ਬਿਮਾਰੀ ਕਾਰਨ ਹੋਈ ਮੌਤ

ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੀ ਦਿੱਲ ਦੀ ਬਿਮਾਰੀ ਕਾਰਨ ਹੋਈ ਮੌਤ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਇਗੋਰ ਵੋਵਕੋਵਿਨਸਕੀ ਨਾਮੀ ਅਮਰਕੀਨ ਜੋ ਅਮਰੀਕਾ ਦਾ ਸਭ ਤੋਂ ਲੰਬਾ ਵਿਅਕਤੀ ਸੀ, ਦੀ ਦਿੱਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ। ਇਗੋਰ ਵੋਵਕੋਵਿਨਸਕੀ ਦਾ ਕੱਦ 7 ਫੁੱਟ 8 ਇੰਚ ਸੀ ਤੇ ਉਸ ਦੀ ਉਮਰ 38 ਸਾਲ ਦੀ ਸੀ। ਮੂਲ ਰੂਪ ਵਿਚ ਉਸ ਦਾ ਸਬੰਧ ਯੁਕਰੇਨ ਨਾਲ ਸੀ। ਵੋਵਕੋਵਿਨਸਕੀ ਦੀ ਮਾਂ ਸਵੈਤਲਾਨਾ ਨੇ ਉਸ ਦੀ ਮੌਤ ਬਾਰੇ ਜਾਣਕਾਰੀ ਫੇਸਬੁੱਕ ਉਪਰ ਦਿੱਤੀ । ਉਸ ਨੇ ਦੱਸਿਆ ਕਿ ਉਸ ਨੇ ਆਖਰੀ ਸਾਹ ਮਾਯੋ ਕਲੀਨਕ ਰੋਚੈਸਟਰ, ਮਿਨੀਸੋਟਾ ਵਿਚ ਲਏ। ਉਸ ਸਮੇ ਮਾਂ ਤੋਂ ਇਲਾਵਾ ਉਸ ਦਾ ਵੱਡਾ ਭਰਾ ਓਲੇਹ ਵੀ ਮੌਜੂਦ ਸੀ। ਮਾਂ ਨੇ ਫੇਸਬੁੱਕ ਉਪਰ ਪਾਈ ਪੋਸਟ ਵਿਚ ਦੱਸਿਆ ਕਿ ਉਸ ਦੇ ਆਖਰੀ ਰਾਤ ਦੇ ਖਾਣੇ ਵਿਚ ਕੀਵ ਕੇਕ ਤੇ ਫੈਂਟਾ ਸ਼ਾਮਿਲ ਸੀ। 1989 ਵਿਚ ਵੋਵਕੋਵਿਨਸਕੀ ਯੁਕਰੇਨ ਤੋਂ ਤਕਰੀਬਨ 7 ਸਾਲ ਦੀ ਉਮਰ ਵਿਚ ਆਪਣਾ ਇਲਾਜ਼ ਕਰਵਾਉਣ ਲਈ ਅਮਰੀਕਾ ਆਇਆ ਸੀ। ਓਦੋਂ ਤੋਂ ਹੀ ਉਹ ਰੋਚੈਸਟਰ ਵਿਚ ਰਹਿ ਰਿਹਾ ਸੀ। ਉਸ ਦੇ ਦਿਮਾਗ ਦੇ ਹੇਠਾਂ ਤੇ ਨੱਕ ਦੇ ਉਪਰ ਚਮੜੀ ਦੇ ਅੰਦਰ ਗਿਲਟੀ ਸੀ ਜੋ ਉਸ ਦੇ ਅਸਧਾਰਨ ਵਿਕਾਸ ਦਾ ਕਾਰਨ ਬਣੀ। ਜਦੋਂ ਉਹ 27 ਸਾਲ ਦਾ ਸੀ ਤਾਂ ਉਸ ਦਾ ਨਾਂ ਗਿਨੀਜ਼ ਵਰਲਡ ਰਿਕਾਰਡ ਬੁੱਕ ਵਿਚ ਅਮਰੀਕਾ ਦੇ ਸਭ ਤੋਂ ਲੰਬੇ ਵਿਅਕਤੀ ਦੇ ਤੌਰ 'ਤੇ ਦਰਜ ਹੋਇਆ ਸੀ। 2009 ਵਿਚ ਉਸ ਨੇ ਅਮਰੀਕੀਆਂ ਦਾ ਧਿਆਨ ਉਸ ਵੇਲੇ ਖਿੱਚਿਆ ਸੀ ਜਦੋਂ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਆਪਣੀ ਚੋਣ ਮੁਹਿੰਮ ਦੌਰਾਨ ਉਸ ਨੂੰ ਟੀ ਸ਼ਰਟ ਪਹਿਨੇ ਹੋਏ ਵੇਖਿਆ ਸੀ ਜਿਸ ਉਪਰ ਲਿਖਿਆ ਹੋਇਆ ਸੀ '' ਵਿਸ਼ਵ ਦਾ ਸਭ ਤੋਂ ਵੱਡਾ ਉਬਾਮਾ ਦਾ ਸਮਰਥਕ''।

 

ਕੈਪਸ਼ਨ: ਇਗੋਰ ਵੋਵਕੋਵਿਨਸਕੀ ਦੀ ਇਕ ਪੁਰਾਣੀ ਤਸਵੀਰ ਜਿਸ ਵਿਚ ਉਹ ਇਕ ਪੱਤਰਕਾਰ ਨਾਲ ਬੈਠਾ ਨਜਰ ਆ ਰਿਹਾ ਹੈ