ਯੂਬਾ ਸਟਰ ਕਾਉਂਟੀ ਤੋਂ ਕਰਮਦੀਪ ਸਿੰਘ ਬੈਂਸ ਸੁਪਰਵਾਈਜ਼ਰ ਬੋਰਡ ਦਾ ਚੇਅਰਮੈਨ ਬਣੇ

ਯੂਬਾ ਸਟਰ ਕਾਉਂਟੀ ਤੋਂ ਕਰਮਦੀਪ ਸਿੰਘ ਬੈਂਸ ਸੁਪਰਵਾਈਜ਼ਰ ਬੋਰਡ ਦਾ ਚੇਅਰਮੈਨ ਬਣੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ) -  ਸਟਰ ਕਾਉਂਟੀ ਡਿਸਟ੍ਰਿਕਟ 4  'ਚ ਕਰਮਦੀਪ ਸਿੰਘ ਬੈਂਸ ਨੂੰ ਸੁਪਰਵਾਈਜ਼ਰ ਬੋਰਡ ਦਾ ਚੇਅਰਮੈਨ ਨਿਯੁਕਤ  ਕੀਤਾ ਗਿਆ ਹੈ, ਇਹ ਪਹਿਲੇ ਸਿੱਖ ਹਨ ਜਿਹਨਾਂ ਨੂੰ ਇਸ ਅਹੁਦੇ ਲਈ ਚੁਣਿਆ ਗਿਆ ਹੈ। ਕਰਮਦੀਪ ਸਿੰਘ ਬੈਂਸ , ਸਵਰਗੀ ਭਾਈ ਦੀਦਾਰ ਸਿੰਘ ਬੈਂਸ ਦੇ ਸਪੁੱਤਰ ਜਿਹਨਾਂ ਨੂੰ ਕੌਮ ਪੰਥਕ ਸੇਵਾ ਕਰਕੇ ਜਾਣਦੀ ਹੈ। ਉਹ ਯੂਬਾ ਸਿਟੀ ਗੁਰਦੂਆਰਾ ਸਾਹਿਬ ਅਤੇ ਗੁਰਗੱਦੀ ਦਿਵਸ ਦੇ ਨਗਰ ਕੀਰਤਨ ਦੇ ਮੋਢੀਆਂ ਵਜੋਂ ਵੀ ਜਾਣੇ ਜਾਂਦੇ ਸਨ।ਕਰਮ ਸਿੰਘ ਬੈਂਸ ਨੇ ਪਹਿਲਾਂ ਸਟਰ ਕਾਉਂਟੀ ਬੋਰਡ ਆਫ਼ ਐਜੂਕੇਸ਼ਨ ਲਈ ਇੱਕ ਟਰੱਸਟੀ ਵਜੋਂ ਸੇਵਾ ਸ਼ੁਰੂ ਕੀਤੀ ਸੀ। ਵਰਤਮਾਨ ਸਮੇਂ ਵਿੱਚ 13ਵੀਂ ਜ਼ਿਲ੍ਹਾ ਐਗਰੀਕਲਚਰਲ ਐਸੋਸੀਏਸ਼ਨ ਲਈ ਗਵਰਨਰ ਦੁਆਰਾ ਨਿਯੁਕਤ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਕਰਮਦੀਪ ਸਿੰਘ ਬੈਂਸ ਨੂੰ ਜ਼ਿਲ੍ਹਾ 4 ਅਤੇ ਸਟਰ ਕਾਉਂਟੀ ਦੇ ਨਿਵਾਸੀਆਂ ਦੀ ਸੇਵਾ ਕਰਨ 'ਤੇ ਮਾਣ ਹੈ ਅਤੇ ਆਪਣੇ ਹਲਕੇ ਦੀ ਆਵਾਜ਼ ਨੂੰ ਬੁਲੰਦ ਕਰਨ ਅਤੇ ਸਮੱਸਿਆਵਾਂ ਦੇ ਹੱਲ ਕਰਨ ਵਿੱਚ ਦ੍ਰਿੜ ਵਿਸ਼ਵਾਸ ਰੱਖਦਾ ਹੈ ।

ਇਕ ਸਾਬਤ ਸੂਰਤ ਸਿੱਖ ਹੋਣ ਦੇ ਬਾਵਜੂਦ ਵੀ ਕਰਮਦੀਪ ਸਿੰਘ ਬੈਂਸ ਇਹ ਚੋਣ ਭਾਰੀ ਬਹੁਮਤ ਨਾਲ ਜਿੱਤੇ ਸਨ, ਜਿਸ ਦੀ ਇਲਾਕੇ ਵਿਚ ਕਾਫੀ ਚਰਚਾ ਸੀ। ਉਨ੍ਹਾਂ ਨੂੰ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਮੌਕੇ ਭਾਰੀ ਗਿਣਤੀ ਵਿਚ ਦੂਰੋਂ-ਨੇੜਿਓਂ ਜਿਥੇ ਲੋਕਾਂ ਨੇ ਸ਼ਿਰਕਤ ਕੀਤੀ ਉਥੇ ਹੁਣੇ ਜਿਹੇ ਚੁਣੀ ਗਈ ਅਸੈਂਬਲੀ ਮੈਂਬਰ ਜਸਮੀਤ ਕੌਰ ਬੈਂਸ, ਐਲਕ ਗਰੋਵ ਮੇਅਰ ਬੌਬੀ ਸਿੰਘ ਐਲਨ, ਯੂਬਾ ਸਿਟੀ ਦੇ ਸਾਬਕਾ ਮੇਅਰ ਕਸ਼ਮੀਰ ਗਿੱਲ, ਗੁਰਜਤਿੰਦਰ ਸਿੰਘ ਰੰਧਾਵਾ ਕਮਿਸ਼ਨਰ, ਪੁਲਿਸ ਚੀਫ, ਫਾਇਰ ਫਾਈਟਰ ਚੀਫ ਤੋਂ ਇਲਾਵਾ ਹੋਰ ਵੀ ਮਹਿਕਮਿਆਂ ਦੇ ਅਧਿਕਾਰੀ ਵੀ ਪਹੁੰਚੇ ਹੋਏ ਸਨ। ਇਸ ਮੌਕੇ ਕਰਮ ਸਿੰਘ ਬੈਂਸ ਨੇ ਸਮੂਹ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ‘ਤੇ ਵੱਡੀ ਜ਼ਿੰਮੇਵਾਰੀ ਆਣ ਪਈ ਹੈ, ਉਹ ਇਸ ਨੂੰ ਨਿਭਾਉਣ ਲਈ ਵਚਨਬੱਧ ਰਹਿਣਗੇ। ਇਸ ਮੌਕੇ ਬੈਂਸ ਪਰਿਵਾਰ ਦੇ ਪਰਿਵਾਰਕ ਮੈਂਬਰ ਵੀ ਹਾਜਿਰ ਸਨ।