ਕੈਲੀਫੋਰਨੀਆ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਜਗਨਨਾਥ ਰੱਥ ਯਾਤਰਾ ਕੱਢੀ ਗਈ

ਕੈਲੀਫੋਰਨੀਆ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਜਗਨਨਾਥ ਰੱਥ ਯਾਤਰਾ ਕੱਢੀ ਗਈ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)ਕੈਲੀਫੋਰਨੀਆ ਵਿਚ ਨਾਇਲਜ ਫਰੀਮਾਂਟ ਮੰਦਰ ਤੋਂ ਭਗਵਾਨ ਜਗਨਨਾਥ ਰੱਥ ਯਾਤਰਾ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਕੱਢੀ ਗਈ ਜਿਸ ਵਿਚ ਸਨ ਫਰਾਂਸਿਸਕੋ ਬੇ ਏਰੀਆ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ। ਜਗਨਨਾਥ  ਸਭਿਆਚਾਰ ਤੇ ਸਿੱਖਿਆ ਸੈਂਟਰ ਵੱਲੋਂ ਅਯੋਜਿਤ ਕੀਤੀ ਗਈ ਇਹ ਪਹਿਲੀ ਜਗਨਾਨਾਥ ਰੱਥ ਯਾਤਰਾ ਸੀ। ਮੰਦਿਰ ਵੱਲੋਂ ਜਾਰੀ ਪ੍ਰੈਸ ਰਲੀਜ਼ ਅਨੁਸਾਰ ਖੁਲੇ ਮੈਦਾਨ ਵਿਚ ਹੋਏ ਇਕੱਠ ਵਿਚ 500 ਤੋਂ ਵਧ ਭਾਰਤੀ-ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਹਿੱਸਾ ਲਿਆ। ਯਾਤਰਾ ਤੋਂ ਪਹਿਲਾਂ ਮੰਦਿਰ ਦੇ ਪੁਜਾਰੀ ਵਿਸਵਾਮਜੀ ਵੱਲੋਂ ਵੰਦੇ ਮਾਤਰਮ ਦਾ ਗਾਇਣ ਕੀਤਾ ਗਿਆ। ਉਪਰੰਤ ਭਗਵਾਨ ਜਗਨਨਾਥ ਦੀ ਉਸਤਿਤ ਵਿਚ ਕੀਰਤਨ ਕੀਤਾ ਗਿਆ। ਇਸ ਮੌਕੇ ਭਗਵਾਨ ਜਗਨਨਾਥ ਦੇ ਭਗਤਾਂ ਨੇ ਨਾਚ ਕੀਤਾ ਤੇ ਗੀਤ-ਸੰਗੀਤ ਨਾਲ ਸ਼ਰਧਾਲੂਆਂ ਨੂੰ ਵੀ ਨੱਚਣ ਲਾ ਦਿੱਤਾ। ਇਸ ਤਰਾਂ ਲੱਗਦਾ ਸੀ ਜਿਵੇਂ ਭਾਰਤ ਦੇ ਕਿਸੇ ਸ਼ਹਿਰ ਵਿਚ ਸਮਾਗਮ ਹੋ ਰਿਹਾ ਹੋਵੇ। 24 ਫੁੱਟ ਉੱਚਾ ਰੱਥ ਵਿਸ਼ੇਸ਼ ਤੌਰ 'ਤੇ ਤਿਆਰ ਕੀਤਾ ਗਿਆ ਸੀ ਜਿਸ ਨੂੰ ਕਲਾਕ੍ਰਿਤਾਂ ਤੇ ਫੁੱਲਾਂ ਨਾਲ ਸਜਾਇਆ ਗਿਆ। ਰੱਥ ਯਾਤਰਾ ਵਿਚ ਸ਼ਾਮਿਲ ਹੋਏ ਲੋਕਾਂ ਨੇ ਮਾਸਕ ਵੀ ਪਾਏ ਹੋਏ ਸਨ ਹਾਲਾਂ ਕਿ ਕੁਝ ਲੋਕ ਮਾਸਕ ਤੋਂ ਬਿਨਾਂ ਵੀ ਨਜਰ ਆਏ।  ਰੱਥ ਯਾਤਰਾ ਵਿਚ ਹੋਰਨਾਂ ਤੋਂ ਇਲਾਵਾ ਫਰੀਮਾਂਟ ਦੇ ਮੇਅਰ ਲਿਲੀ ਮੀ, ਫਰੀਮਾਂਟ  ਦੇ ਕੌਂਸਲ ਮੈਂਬਰ ਰਾਜ ਸਲਵਾਨ, ਹੇਵਰਡ ਸ਼ਹਿਰ ਦੇ ਕੌਂਸਲ ਮੈਂਬਰ ਅਈਸ਼ਾ ਵਾਹਬ, ਡਿਪਟੀ ਕਂੌਸਲੇਟ ਜਨਰਲ ਰਾਜੇਸ਼ ਨਾਇਕ ਤੇ  ਗੁਜਰਾਤ ਕਲਚਰਲ ਐਸੋਸੀਏਸ਼ਨ ਦੇ  ਪ੍ਰਧਾਨ ਮਹੇਸ਼ ਪਟੇਲ ਵੀ ਸ਼ਾਮਲ ਹੋਏ। ਪ੍ਰਬੰਧਕਾਂ ਨੇ ਕਿਹਾ ਹੈ ਕਿ ਜਗਨਨਾਥ ਯਾਤਰਾ ਕੱਢਣ  ਦਾ ਮਕਸਦ ਭਾਰਤੀ ਸਭਿਆਚਾਰ ਨੂੰ ਪ੍ਰਫਲਿਤ ਕਰਨਾ ਹੈ ਤਾਂ ਜੋ ਮੌਜੂਦਾ ਤੇ ਆਉਣ ਵਾਲੀ ਪੀੜੀ ਆਪਣੀਆਂ ਮਾਨਤਾਵਾਂ ਤੇ ਵਿਰਸੇ ਨਾਲ ਜੁੜੀ ਰਹੇ।