ਕੈਲੀਫੋਰਨੀਆ ਵਿਚ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਖਤਰਨਾਕ ਡਰੱਗ ਬ੍ਰਾਮਦ, ਦੋ ਵਿਰੁੱਧ ਮਾਮਲਾ ਦਰਜ, ਜੇਲ ਭੇਜੇ

ਕੈਲੀਫੋਰਨੀਆ ਵਿਚ ਪੁਲਿਸ ਵੱਲੋਂ ਭਾਰੀ ਮਾਤਰਾ ਵਿਚ ਖਤਰਨਾਕ ਡਰੱਗ ਬ੍ਰਾਮਦ, ਦੋ ਵਿਰੁੱਧ ਮਾਮਲਾ ਦਰਜ, ਜੇਲ ਭੇਜੇ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੀ ਪੁਲਿਸ ਨੇ ਤਕਰੀਬਨ 21 ਕਿਲੋ ਬਹੁਤ ਹੀ ਖਤਰਨਾਕ ਸਿੰਥੈਟਿਕ ਡਰੱਗ ਸਮੇਤ ਹੋਰ ਕਈ ਤਰਾਂ ਦੇ ਨਸ਼ੀਲੇ ਪਦਾਰਥ ਬਰਾਮਦ ਕਰਕੇ ਦੋ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।  ਰਿਵਰਸਾਈਡ ਡਿਸਟ੍ਰਿਕਟ ਦਫਤਰ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਿਸ ਨੇ ਪੈਰਿਸ ਸ਼ਹਿਰ ਦੇ ਇਕ ਘਰ ਵਿਚ ਮਾਰੇ ਛਾਪੇ ਦੌਰਾਨ 21 ਕਿਲੋਗ੍ਰਾਮ  ਕਾਰਫੈਨਟਾਨਿਲ, ਤਕਰੀਬਨ 4 ਕਿਲੋ ਕੋਕੀਨ ਤੇ 1 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕਰਨ ਉਪਰੰਤ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਐਂਡਰਸ ਜੇਸਸ ਮੋਰਾਲਸ (30) ਤੇ 27 ਸਾਲ ਦੇ ਕ੍ਰਿਸਟਾਈਨ ਪੋਨਸ ਵਜੋਂ ਹੋਈ ਹੈ ਜੋ ਦੱਖਣੀ ਕੈਲੀਫੋਰਨੀਆ ਦੇ ਵਸਨੀਕ ਹਨ। ਪੁਲਿਸ ਅਨੁਸਾਰ ਛਾਪਾ ਮਾਰਨ ਸਮੇ ਕੋਈ ਵੀ ਵਿਅਕਤੀ ਘਰ ਵਿਚ ਮੌਜੂਦ ਨਹੀਂ ਸੀ ਪਰੰਤੂ ਬਾਅਦ ਵਿਚ ਦੋਸ਼ੀਆਂ ਨੂੰ  ਕਾਬੂ ਕਰ ਲਿਆ ਗਿਆ। ਡਰੱਗ ਇਨਫੋਰਸਮੈਂਟ ਐਡਮਨਿਸਟ੍ਰੇਸ਼ਨ (ਡੀ ਈ ਏ) ਅਨੁਸਾਰ ਕਾਰਫੈਨਟਾਨਿਲ ਸਿੰਥੈਟਿਕ ਨਸ਼ੀਲਾ ਪਦਾਰਥ ਹੈ ਜਿਸ ਦੀ ਵਰਤੋਂ ਤਸਕਰ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤਦੇ ਹਨ। ਇਹ ਪਦਾਰਥ ਮਾਰਫਿਨ ਦੀ ਤੁਲਨਾ ਵਿਚ 10 ਹਜਾਰ ਗੁਣਾ ਜਿਆਦਾ ਸਮਰੱਥਾ ਰਖਦਾ ਹੈ ਤੇ ਫੈਂਟਾਨਾਇਲ ਦੀ ਤੁਲਨਾ ਵਿਚ 100 ਗੁਣਾਂ ਜਿਆਦਾ ਜ਼ਹਿਰੀਲਾ ਹੈ। ਡੀ ਈ ਏ ਅਨੁਸਾਰ ਕਿਸੇ ਵਿਅਕਤੀ ਦੀ ਜਾਨ ਲੈਣ ਲਈ 2 ਮਿਲੀਗ੍ਰਾਮ ਫੈਂਟਾਨਾਇਲ ਹੀ ਕਾਫੀ ਹੁੰਦੀ ਹੈ। ਜੇਕਰ ਇਸ ਪਦਾਰਥ ਨੂੰ ਛੂਹ ਹੀ ਲਿਆ ਜਾਵੇ ਤਾਂ ਵੀ ਇਹ ਮਨੁੱਖ ਉਪਰ ਅਸਰ ਕਰ ਜਾਂਦਾ ਹੈ। ਪੁਲਿਸ ਨੇ ਕਿਹਾ ਹੈ ਕਿ ਬਰਾਮਦ 21 ਕਿਲੋਗ੍ਰਾਮ ਕਾਰਫੈਨਟਾਨਿਲ 5 ਕਰੋੜ ਲੋਕਾਂ ਨੂੰ ਮਾਰਨ ਲਈ ਕਾਫੀ ਹੈ। ਮੋਰਾਲਸ ਤੇ ਪੋਨਸ ਜੋ ਇਸ ਸਮੇ ਜੇਲ ਵਿਚ ਹਨ, ਨੇ ਆਪਣੇ ਆਪ ਨੂੰ ਨਿਰਦੋਸ਼ ਦਸਿਆ ਹੈ। ਉਨਾਂ ਦੀ ਜਮਾਨਤ ਨਹੀਂ ਹੋਈ ਹੈ। ਅਦਾਲਤ ਵਿਚ ਅਗਲੀ ਸੁਣਵਾਈ 9 ਨਵੰਬਰ ਨੂੰ ਹੋਵੇਗੀ।