ਟੀਕਾਕਰਣ ਤੋਂ ਰਹਿ ਗਈ ਅਮਰੀਕਾ ਦੀ ਇਕ ਤਿਹਾਈ ਅਬਾਦੀ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇ- ਜੋਅ ਬਾਇਡਨ

ਟੀਕਾਕਰਣ ਤੋਂ ਰਹਿ ਗਈ ਅਮਰੀਕਾ ਦੀ ਇਕ ਤਿਹਾਈ ਅਬਾਦੀ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇ- ਜੋਅ ਬਾਇਡਨ

* 67% ਆਬਾਦੀ ਦੇ ਘੱਟੋ ਘੱਟ ਇਕ ਟੀਕਾ ਲੱਗਾ ਤੇ 55% ਆਬਾਦੀ ਦਾ ਹੋਇਆ ਮੁਕੰਮਲ ਟੀਕਾਕਰਣ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ :(ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋ ਬਾਇਡਨ ਨੇ ਕੋਵਿਡ-19 ਟੀਕਾਕਰਣ ਵਿਚ ਹੋਈ ਪ੍ਰਗਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਟੀਕਾਕਰਣ ਤੋਂ ਰਹਿ  ਗਏ ਇਕ ਤਿਹਾਈ ਅਮਰੀਕੀਆਂ ਵੱਲ ਧਿਆਨ ਕੇਂਦ੍ਰਿਤ ਕੀਤਾ ਜਾਵੇ। 4 ਜੁਲਾਈ ਤੱਕ 70% ਆਬਾਦੀ ਦੇ ਘੱਟੋ ਘੱਟ ਇਕ ਟੀਕਾ ਲਾਉਣ ਦਾ ਟੀਚਾ ਰਖਿਆ ਗਿਆ ਸੀ ਜਦ ਕਿ ਇਹ ਟੀਚਾ ਥੋਹੜਾ ਘੱਟ 67% ਪੂਰਾ ਹੋਇਆ ਹੈ। ਰਾਸ਼ਟਰਪਤੀ ਨੇ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਮਿਲੀ ਸਫਲਤਾ ਉਪਰ ਖੁਸ਼ੀ ਪ੍ਰਗਟ ਕੀਤੀ ਪਰ ਨਾਲ ਹੀ ਅੱਤ ਖਤਰਨਾਕ ਡੈਲਟਾ ਵਾਇਰਸ  ਦੇ ਖਤਰੇ ਤੋਂ ਸੁਚੇਤ ਰਹਿਣ ਲਈ ਕਿਹਾ। ਉਨਾਂ ਕਿਹਾ ਕਿ ਵੈਕਸੀਨੇਸ਼ਨ ਕੋਸ਼ਿਸ਼ਾਂ ਨੂੰ ਹੋਰ ਤੇਜ ਕੀਤਾ ਜਾਵੇ ਤੇ ਰਹਿ ਗਏ ਲੋਕਾਂ ਨੂੰ ਟੀਕਾਕਰਣ ਲਈ ਮਨਾਇਆ ਜਾਵੇ। ਰਾਸ਼ਟਰਪਤੀ ਨੇ ਕਿਹਾ ਕਿ ਹਰ ਘਰ ਤੇ ਵਿਅਕਤੀ ਤੱਕ ਪਹੁੰਚ ਕੀਤੀ ਜਾਵੇ। ਉਨਾਂ ਕਿਹਾ ਕਿ ਡਾਕਟਰ ਲੋਕਾਂ ਨੂੰ ਬੱਚਿਆਂ ਦੇ ਟੀਕਾਕਰਣ ਲਈ ਉਤਸ਼ਾਹਿਤ ਕਰਨ ਖਾਸ ਕਰਕੇ ਬੱਚਿਆਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਇਹ ਕੰਮ ਕਾਰਗਰ ਢੰਗ ਨਾਲ ਕਰ ਸਕਦੇ ਹਨ। ਉਨਾਂ ਨੇ ਮੋਬਾਇਲ ਕਲੀਨਿਕਾਂ ਤੇ ਵੈਕਸੀਨੇਸ਼ਨ ਥਾਵਾਂ ਵਧਾਉਣ ਲਈ ਕਿਹਾ। ਰਾਸ਼ਟਰਪਤੀ ਨੇ ਕਿਹਾ ਕਿ ਇਸ ਹਫਤੇ ਦੇ ਅੰਤ ਤੱਕ 16 ਕਰੋੜ ਅਮਰੀਕੀਆਂ ਦਾ ਮੁਕੰਮਲ ਟੀਕਾਕਰਣ ਹੋ ਜਾਣ ਦੀ ਆਸ ਹੈ ਜੋ ਕੁਲ ਯੋਗ ਆਬਾਦੀ ਦਾ 55% ਤੋਂ ਵਧ ਬਣਦੇ ਹਨ। ਉਨਾਂ ਕਿਹਾ ਕਿ ਅਸੀਂ ਆਪਣੇ ਇਤਿਹਾਸ ਦੇ ਇਕ ਬਹੁਤ ਹੀ ਬੁਰੇ ਸਾਲ  ਤੋਂ ਉਭਰੇ ਹਾਂ । ਹੁਣ ਸਾਨੂੰ ਲਾਪਰਵਾਹ ਨਹੀਂ ਹੋਣਾ ਚਾਹੀਦਾ ਤੇ ਅਸੀਂ ਟੀਕਾਕਰਣ ਕਰਵਾ ਕੇ ਆਪਣੇ ਆਪ ਨੂੰ, ਪਰਿਵਾਰ ਤੇ ਹੋਰ ਲੋਕਾਂ ਨੂੰ ਸੁਰੱਖਿਅਤ ਕਰ ਸਕਦੇ ਹਾਂ।

 ਇਸੇ ਦੌਰਾਨ ਸੈਂਟਰ ਫਾਰ ਡਸੀਜ਼ ਕੰਟਰੋਲ (ਸੀ ਡੀ ਸੀ) ਨੇ ਕਿਹਾ ਹੈ ਕਿ ਇਸ ਸਮੇ ਡੈਲਟਾ ਵਾਇਰਸ ਬਹੁਤ ਖਤਰਨਾਕ ਰੂਪ ਧਾਰ ਕਰ ਰਿਹਾ ਹੈ ਤੇ ਨਵੇਂ ਮਰੀਜ਼ਾਂ ਵਿਚੋਂ 52% ਇਸ ਵਾਇਰਸ ਤੋਂ ਪੀੜਤ ਹਨ। ਜੌਹਨਜ ਹੋਪਕਿਨਜ ਯੁਨੀਵਰਸਿਟੀ ਦੇ ਅਨੁਸਾਰ ਅਮਰੀਕਾ ਵਿਚ ਕੋਵਿਡ ਕਾਰਨ ਹੁਣ ਤੱਕ 6,05,800 ਮੌਤਾਂ ਹੋ ਚੁੱਕੀਆਂ ਹਨ।