6 ਸਾਲਾ ਬੱਚੇ ਦੀ ਮੌਤ ਦੇ ਮਾਮਲੇ ਵਿਚ ਗ੍ਰਿਫਤਾਰ ਜੋੜੇ ਵਿਰੁੱਧ ਹੱਤਿਆ ਦੇ ਦੋਸ਼ ਆਇਦ
* ਚਲਦੀ ਕਾਰ ਉਪਰ ਚਲਾਈ ਗੋਲੀ ਨਾਲ ਹੋਈ ਸੀ ਬੱਚੇ ਦੀ ਮੌਤ
ਅੰਮ੍ਰਿਤਸਰ ਟਾਈਮਜ਼ ਬਿਉਰੋ
ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) ਕੈਲੀਫੋਰਨੀਆ ਫਰੀਵੇਅ ਉਪਰ ਚਲਦੀ ਕਾਰ ਉਪਰ ਚਲਾਈ ਗੋਲੀ ਨਾਲ ਮਾਰੇ ਗਏ 6 ਸਾਲ ਦੇ ਬੱਚੇ ਏਡਨ ਲੀਓਸ ਦੇ ਮਾਮਲੇ ਵਿਚ ਗ੍ਰਿਫਤਾਰ ਵਿਅਕਤੀ 24 ਸਾਲਾ ਐਨਥਨੀ ਐਰਿਜ਼ ਵਿਰੁੁੱਧ ਹਤਿਆ ਦੇ ਦੋਸ਼ ਆਇਦ ਕੀਤੇ ਗਏ ਹਨ ਜਦ ਕਿ ਉਸ ਦੀ ਦੋਸਤ ਕੁੜੀ 23 ਸਾਲਾ ਵਾਇਨ ਲੀ ਨੂੰ ਸਹਿ ਦੋਸ਼ੀ ਬਣਾਇਆ ਗਿਆ ਹੈ। ਲੀ ਵਿਰੁੱਧ ਗੈਰਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਵੀ ਲਾਏ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਗੋਲੀ ਐਰਿਜ਼ ਨੇ ਚਲਾਈ ਜਦ ਕਿ ਵਾਇਨ ਲੀ ਕਾਰ ਚਲਾ ਰਹੀ ਸੀ। ਔਰੇਂਜ ਕਾਊਂਟੀ ਦੇ ਡਿਸਟ੍ਰਿਕਟ ਅਟਾਰਨੀ ਟੌਡ ਸਪਿਟਜ਼ਰ ਨੇ ਕਿਹਾ ਹੈ ਕਿ ਦੋਨਾਂ ਵਿਰੁੱਧ ਆਇਦ ਕੀਤੇ ਗਏ ਦੋਸ਼ਾਂ ਨਾਲ ਉਹ ਮੁਕੰਮਲ ਰੂਪ ਵਿਚ ਸਹਿਮਤ ਹਨ। ਗ੍ਰਿਫਤਾਰ ਜੋੜੇ ਨੂੰ ਔਰੇਂਜ ਕਾਊਂਟੀ ਜੇਲ ਵਿਚ ਰਖਿਆ ਗਿਆ ਹੈ ਤੇ ਇਨਾਂ ਨੂੰ 18 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜੱਜ ਨੇ ਐਰਿਜ਼ ਦੀ ਜ਼ਮਾਨਤ ਲਈ 20 ਲੱਖ ਡਾਲਰ ਤੇ ਲੀ ਦੀ ਜ਼ਮਾਨਤ ਲਈ 5 ਲੱਖ ਡਾਲਰ ਰਾਸ਼ੀ ਤੈਅ ਕੀਤੀ ਹੈ। ਇਨਾਂ ਦੋਨਾਂ ਨੂੰ ਤਕਰੀਬਨ ਦੋ ਹਫਤਿਆਂ ਦੀ ਨੱਠ ਭੱਜ ਤੇ ਜਾਂਚ ਉਪਰੰਤ ਐਤਵਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਦੋਸ਼ੀ ਪਾਏ ਜਾਣ 'ਤੇ ਐਰਿਜ਼ ਨੂੰ 40 ਸਾਲ ਜੇਲ ਦੀ ਸਜ਼ਾ ਤੇ ਲੀ ਨੂੰ 3 ਸਾਲ ਜੇਲ ਹੋ ਸਕਦੀ ਹੈ। ਇਨਾਂ ਦੋਨਾਂ ਦੀ ਗ੍ਰਿਫਤਾਰੀ ਲਈ 5 ਲੱਖ ਡਾਲਰ ਦਾ ਇਨਾਮ ਵੀ ਰਖਿਆ ਗਿਆ ਸੀ। ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਇਨਾਮ ਕਿਸ ਨੂੰ ਦਿੱਤਾ ਜਾਵੇਗਾ ਕਿਉਂਕਿ ਇਨਾਮ ਦੀ ਰਾਸ਼ੀ ਐਲਾਨਣ ਉਪਰੰਤ ਬਹੁਤ ਸਾਰੇ ਲੋਕਾਂ ਨੇ ਪੁਲਿਸ ਨੂੰ ਸੰਭਾਵੀ ਦੋਸ਼ੀਆਂ ਬਾਰੇ ਜਾਣਕਾਰੀ ਦਿੱਤੀ ਸੀ। ਇਥੇ ਜਿਕਰਯੋਗ ਹੈ ਕਿ ਏਡਨ ਦੀ ਪਿਛਲੇ ਮਹੀਨੇ 21 ਮਈ ਨੂੰ ਉਸ ਸਮੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਸੀ ਜਦੋਂ ਉਸ ਦੀ ਮਾਂ ਉਸ ਨੂੰ ਆਪਣੀ ਕਾਰ ਵਿਚ ਸਕੂਲ ਛੱਡਣ ਜਾ ਰਹੀ ਸੀ। ਦੋਸ਼ੀ ਵੱਲੋਂ ਕਾਰ ਉਪਰ ਗੋਲੀ ਚਲਾਈ ਗਈ ਜੋ ਸਿੱਧੀ ਪਿੱਛਲੀ ਸੀਟ ਉਪਰ ਬੈਠੇ ਬੱਚੇ ਦੇ ਢਿੱਡ ਵਿਚ ਜਾ ਵੱਜੀ ਤੇ ਉਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਸੀ।
Comments (0)