ਦੱਖਣੀ ਕੈਲੀਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਸੈਂਕੜੇ ਏਕੜਾਂ ਵਿਚ ਫੈਲੀ

ਦੱਖਣੀ ਕੈਲੀਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਸੈਂਕੜੇ ਏਕੜਾਂ ਵਿਚ ਫੈਲੀ
ਇਕ ਹੈਲੀਕਾਪਟਰ ਰਾਹੀਂ ਪਾਣੀ ਪਾ ਕੇ ਅੱਗ ਬੁਝਾਉਣ ਦੀ ਹੋ ਰਹੀ ਕੋਸ਼ਿਸ਼

 * ਹਜਾਰਾਂ ਲੋਕ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਹੋਏ ਮਜਬੂਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)ਲਾਸ ਏਂਜਲਸ ਕਾਊਂਟੀ ਨੇੜੇ ਦੱਖਣੀ ਕੈਲੀਫੋਰਨੀਆ ਵਿਚ ਝਾੜੀਆਂ ਨੂੰ ਲੱਗੀ ਅੱਗ ਹਜਾਰਾਂ ਏਕੜ ਵਿਚ ਫੈਲ ਗਈ ਜਿਸ ਕਾਰਨ ਅਧਿਕਾਰੀਆਂ ਨੇ ਇਸ ਖੇਤਰ ਵਿਚ ਰਹਿੰਦੇ ਹਜਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ। ਲਾਸ ਏਂਜਲਸ ਕਾਊਂਟੀ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਅੱਗ ਕਿਸੇ ਸ਼ਰਾਰਤੀ ਅਨਸਰ ਨੇ ਜਾਣ ਬੁਝਕੇ ਲਾਈ ਹੈ ਹਾਲਾਂ ਕਿ ਇਹ ਮਾਮਲ ਜਾਂਚ ਅਧੀਨ ਹੈ। ਅਧਿਕਾਰੀਆਂ ਅਨੁਸਾਰ ਟੌਪੰਗਾ ਕੇਨਯੋਨ ਨੇੜੇ ਪਾਲੀਸੇਡਜ ਖੇਤਰ ਵਿਚੋਂ ਤਕਰੀਬਨ 1000 ਲੋਕਾਂ ਨੂੰ ਕੱਢਿਆ ਗਿਆ ਹੈ। ਦੁਪਹਿਰ ਬਾਅਦ ਹਵਾਵਾਂ ਚੱਲਣ ਤੇ ਗਰਮ ਮੌਸਮ ਕਾਰਨ ਅੱਗ 1300 ਏਕੜ ਤੋਂ ਵਧ ਖੇਤਰ ਵਿਚ ਫੈਲ ਗਈ ਹਾਲਾਂ ਕਿ ਰਾਤ ਨੂੰ ਮੌਸਮ ਵਿਚ ਸਿੱਲ ਵਧ ਜਾਣ ਕਾਰਨ ਅੱਗ ਅੱਗੇ ਫੈਲਣ ਤੋਂ ਰੁਕ ਗਈ। ਲਾਸ ਏਂਜਲਸ ਕਾਊਂਟੀ ਦੇ ਅਧਿਕਾਰੀਆਂ ਅਨੁਸਾਰ ਹਵਾਵਾਂ ਕਾਰਨ ਅੱਗ ਉਤਰ ਪੱਛਮੀ ਖੇਤਰ ਦੇ ਘਰਾਂ ਲਈ ਖਤਰਾ ਪੈਦਾ ਕਰ ਸਕਦੀ ਹੈ ਤੇ ਸੰਘਣੇ ਪਹਾੜੀ ਖੇਤਰ ਦਾ ਜੰਗਲ ਸੜ ਸਕਦਾ ਹੈ ਜੋ ਬਿਲਕੁਲ ਸੁੱਕਾ ਹੈ। ਅੱਗ ਬੁਝਾਊਣ ਵਿਚ ਹੈਲੀਕਾਪਟਰ ਮੱਦਦ ਕਰ ਰਹੇ ਹਨ ਤੇ ਹੈਲੀਕਾਪਟਰਾਂ ਰਾਹੀਂ ਅੱਗ ਉਪਰ ਪਾਣੀ ਪਾਇਆ ਜਾ ਰਿਹਾ ਹੈ। ਕਾਊਂਟੀ ਦੇ ਸ਼ੈਰਿਫ ਵਿਭਾਗ ਦੇ ਬੁਲਾਰੇ ਮਾਰਗਰਟ ਸਟੀਵਰਟ  ਅਨੁਸਾਰ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਸੇ ਸ਼ੱਕੀ ਨੂੰ ਖੇਤਰ ਵਿਚ ਵੇਖਿਆ ਗਿਆ ਹੈ ਜਿਸ ਵੱਲੋਂ ਅੱਗ ਲਾਈ ਹੋ ਸਕਦੀ ਹੈ ਪਰੰਤੂ ਇਸ ਸਬੰਧੀ ਠੋਸ ਸਬੂਤ ਨਹੀਂ ਮਿਲੇ।