ਨਿਊਯਾਰਕ ਦੇ ਮੇਅਰ ਵੱਲੋਂ ਭਾਰਤ ਨੂੰ ਵੈਂਟੀਲੇਟਰ ਤੇ ਹੋਰ ਡਾਕਟਰੀ ਸਮਾਨ ਭੇਜਣ ਦਾ ਐਲਾਨ

ਨਿਊਯਾਰਕ ਦੇ ਮੇਅਰ ਵੱਲੋਂ ਭਾਰਤ ਨੂੰ ਵੈਂਟੀਲੇਟਰ ਤੇ ਹੋਰ ਡਾਕਟਰੀ ਸਮਾਨ ਭੇਜਣ ਦਾ ਐਲਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)-ਨਿਊਯਾਰਕ ਸ਼ਹਿਰ ਦੇ ਮੇਅਰ ਬਿਲ ਡੇ ਬਲਾਸੀਓ ਨੇ ਐਲਾਨ ਕੀਤਾ ਹੈ ਕਿ ਕੋਵਿਡ-19 ਦੀ ਦੂਸਰੀ ਲਹਿਰ ਦਾ ਮੁਕਾਬਲਾ ਕਰ ਰਹੇ ਭਾਰਤ ਵਿਚ ਉਨਾਂ ਵੱਲੋਂ ਕੋਵਿਡ-19 ਟੈਸਟ ਕਿੱਟਾਂ, ਵੈਂਟੀਲੇਟਰ, ਬੀਪੈਪ ਮਸ਼ੀਨਾਂ, ਪਲੱਸ ਆਕਸਮੀਟਰ ਤੇ ਹੋਰ ਡਾਕਟਰੀ ਸਮਾਨ ਭਾਰਤ ਭੇਜਿਆ ਜਾਵੇਗਾ। ਹਾਲਾਂ ਕਿ ਮੇਅਰ ਨੇ ਭੇਜੇ ਜਾਣ  ਵਾਲੇ ਸਮਾਨ ਦੀ ਮਾਤਰਾ ਬਾਰੇ ਕੁਝ ਨਹੀਂ ਕਿਹਾ। ਉਨਾਂ ਕਿਹਾ ਕਿ ਹੁਣ ਸਾਡੇ ਲਈ ਭਾਰਤ ਦੀ ਸੰਕਟ ਦੀ ਘੜੀ ਵਿਚ ਮੱਦਦ ਕਰਨ ਦਾ ਸਮਾਂ ਹੈ ਤੇ ਅਸੀਂ ਦੱਸ ਦੇਣਾ ਚਹੁੰਦੇ ਹਾਂ ਕਿ ਕੋਵਿਡ-19 ਨਾਲ ਲੜਾਈ ਵਿਚ ਕੋਈ ਵੀ ਇਕੱਲਾ ਨਹੀਂ ਹੈ। ਉਨਾਂ ਕਿਹਾ ਕਿ ਅਸੀਂ ਭਾਰਤ ਲਈ ਅਹਿਮ ਮੈਡੀਕਲ ਸਮਾਨ ਭੇਜ ਰਹੇ ਹਾਂ। ਮੇਅਰ ਨੇ ਕਿਹਾ ਕਿ ਅਸੀਂ ਇਕਜੁੱਟ ਹੋ ਕੇ ਮਹਾਂਮਾਰੀ ਨੂੰ ਹਰਾ ਦੇਵਾਂਗੇ ਤੇ ਹਾਲਾਤ ਛੇਤੀ ਆਮ ਵਾਂਗ ਹੋ ਜਾਣਗੇ। ਇਸ ਮੌਕੇ ਭਾਰਤੀ ਮੂਲ ਦੇ ਅਮਰੀਕੀ ਸ਼ਹਿਰ ਦੇ ਸਿਹਤ ਕਮਿਸ਼ਨਰ ਦਵੇ ਚੋਕਸ਼ੀ ਨੇ ਕਿਹਾ ਕਿ ਸਾਡਾ ਸ਼ਹਿਰ ਹਜਾਰਾਂ ਭਾਰਤੀ ਮੂਲ ਦੇ ਅਮਰੀਕੀਆਂ ਦਾ ਘਰ ਹੈ ਤੇ ਸਾਡੇ ਦੇਸ਼ ਦਾ ਇਹ ਨੈਤਿਕ ਫਰਜ ਬਣਦਾ ਹੈ ਕਿ ਮਹਾਂਮਾਰੀ ਉਪਰ ਕਾਬੂ ਪਾਉਣ ਲਈ ਕੌਮਾਂਤਰੀ ਪੱਧਰ ਉਪਰ ਇਕਜੁੱਟਤਾ ਦਾ ਪ੍ਰਗਟਾਵਾ ਕਰੀਏ। ਉਨਾਂ ਨੇ ਵਾਈਟ ਹਾਊਸ ਨੂੰ ਅਪੀਲ ਕੀਤੀ ਕਿ ਕੋਵਿਡ-19 ਵੈਕਸੀਨ ਉਪਰ ਪੇਟੈਂਟ ਖਤਮ ਕਰਨ ਲਈ ਅਗਲੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਸਾਰੀਆਂ ਖੋਜਾਂ ਤੇ ਤਕਨੀਕ ਜਨਤਿਕ ਹੋਣੀ ਚਾਹੀਦੀ ਹੈ ਤੇ ਇਹ ਇਕ ਦੂਸਰੇ ਨਾਲ ਸਾਂਝੀਆਂ ਕੀਤੀਆਂ ਜਾਣ।