ਬਾਇਡਨ ਨੇ 'ਹੀਰੋਜ ਗਾਰਡਨ' ਬਣਾਉਣ ਸਮੇਤ ਸਾਬਕਾ ਰਾਸ਼ਟਰਪਤੀ ਟਰੰਪ ਵੱਲੋਂ ਕਈ ਮੁੱਦਿਆਂ 'ਤੇ ਜਾਰੀ ਆਦੇਸ਼ ਕੀਤੇ ਰੱਦ
* ਕਾਨੂੰਨੀ ਪ੍ਰਵਾਸੀਆਂ ਲਈ ਹੁਣ ਸਿਹਤ ਬੀਮਾ ਨਹੀਂ ਹੋਵੇਗਾ ਜਰੂਰੀ
ਸੈਕਰਾਮੈਂਟੋ 15 ਮਈ (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਜੋਅ ਬਾਇਡਨ ਨੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ''ਨੈਸ਼ਨਲ ਗਾਰਡਨ ਆਫ ਅਮੈਰੀਕਨ ਹੀਰੋਜ਼' ਬਣਾਉਣ ਸਮੇਤ ਹੋਰ ਕਈ ਮੁੱਦਿਆਂ 'ਤੇ ਜਾਰੀ ਕੀਤੇ ਸਰਕਾਰੀ ਆਦੇਸ਼ ਰੱਦ ਕਰ ਦਿੱਤੇ ਹਨ। ਸਾਬਕਾ ਰਾਸ਼ਟਰਪਤੀ ਟਰੰਪ ਦਾ 'ਨੈਸ਼ਨਲ ਗਾਰਡਨ ਆਫ ਅਮੈਰੀਕਨ ਹੀਰੋਜ਼' ਇਕ ਵਿਸ਼ੇਸ਼ ਪ੍ਰਾਜੈਕਟ ਸੀ ਜਿਸ ਵਿਚ ਅਮਰੀਕਾ ਦੇ ਗੌਰਵ ਨੂੰ ਵਿਖਾਇਆ ਜਾਣਾ ਸੀ ਤੇ ਦਸਿਆ ਜਾਣਾ ਸੀ ਕਿ ਸਾਡਾ ਦੇਸ਼ ਹੋਰਨਾਂ ਨਾਲੋਂ ਕਿਸ ਤਰਾਂ ਬੇਹਤਰ ਹੈ। ਟਰੰਪ ਨੇ ਕਿਹਾ ਸੀ ਇਹ ਗਾਰਡਨ ਸਾਡੇ ਹੀਰੋਆਂ, ਸਾਡੀਆਂ ਕਦਰਾਂ ਕੀਮਤਾਂ ਤੇ ਸਮੁੱਚੇ ਜੀਵਨ ਦੇ ਢੰਗ- ਤਰੀਕੇ ਨੂੰ ਮਿਟਾਉਣ ਦੀਆਂ ਹੋ ਰਹੀਆਂ ਕੋਸ਼ਿਸ਼ਾਂ ਦਾ ਜਵਾਬ ਹੋਵੇਗਾ। ਟਰੰਪ ਨੇ 2020 ਵਿਚ 'ਮਾਊਂਟ ਰਸ਼ਮੋਰ' ਅੱਗੇ ਇਹ ਗਾਰਡਨ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਹ ਆਸ ਕਰਦੇ ਹਨ ਕਿ ਇਹ ਗਾਰਡਨ ਆਜ਼ਾਦੀ ਦੀ 250 ਵੀਂ ਵਰੇ ਗੰਢ ਮੌਕੇ 4 ਜੁਲਾਈ 2026 ਨੂੰ ਆਮ ਜਨਤਾ ਲਈ ਖੋਲ ਦਿੱਤਾ ਜਾਵੇਗਾ।
ਬਾਇਡਨ ਨੇ ਸਾਬਕਾ ਰਾਸ਼ਟਪਤੀ ਵੱਲੋਂ ਜਾਰੀ ਉਹ ਆਦੇਸ਼ ਵੀ ਰੱਦ ਕਰ ਦਿੱਤਾ ਜਿਸ ਅਨੁਸਾਰ ਕਾਨੂੰਨੀ ਪ੍ਰਵਾਸੀਆਂ ਲਈ ਸਿਹਤ ਬੀਮਾ ਜਰੂਰੀ ਕਰ ਦਿੱਤਾ ਗਿਆ ਸੀ। ਬਾਇਡਨ ਨੇ ਕਿਹਾ ਹੈ ਕਿ ਉਨਾਂ ਪ੍ਰਵਾਸੀਆਂ ਜੋ ਵਿੱਤੀ ਸਾਧਨਾਂ ਦੀ ਘਾਟ ਕਾਰਨ ਸਿਹਤ ਬੀਮਾ ਨਹੀਂ ਖਰੀਦ ਸਕਦੇ, ਨੂੰ ਰੋਕਣਾ ਅਮਰੀਕਾ ਲਈ ਫਾਇਦੇਮੰਦ ਨਹੀਂ ਹੈ। ਰਾਸ਼ਟਰਪਤੀ ਨੇ ਹੋਰ ਜਿਹੜੇ ਟਰੰਪ ਵੱਲੋਂ ਜਾਰੀ ਆਦੇਸ਼ ਰੱਦ ਕੀਤੇ ਹਨ ਉਨਾਂ ਵਿਚ ਇਤਹਾਸਕ ਯਾਦਗਾਰਾਂ ਦੀ ਮਾਣਹਾਨੀ ਲਈ ਸਖਤ ਸਜਾਵਾਂ ਦੀ ਵਿਵਸਥਾ ਕਰਨਾ, ਸੋਸ਼ਲ ਮੀਡੀਆ ਕੰਪਨੀਆਂ ਵਿਰੁੱਧ ਕਾਨੂੰਨੀ ਕਾਰਵਾਈ ਨੂੰ ਆਸਾਨ ਬਣਾਉਣਾ, ਅਮਰੀਕੀ ਵਿਦੇਸ਼ ਸਹਾਇਤਾ ਉਪਰ ਲੋਗੋ ਸਮੇਤ ਟਰੇਡ ਮਾਰਕ ਲਾਉਣ ਜਿਸ ਤੋਂ ਪਤਾ ਲੱਗੇ ਕਿ ਇਹ ਅਮਰੀਕੀ ਟੈਕਸਦਾਤਾ ਦੁਆਰਾ ਦਿੱਤੀ ਗਈ ਹੈ ਤੇ ਸੰਘੀ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਅਪਰਾਧਕ ਜਵਾਬਦੇਹੀ ਨੂੰ ਘਟਾਉਣਾ ਸ਼ਾਮਿਲ ਹਨ।
Comments (0)