ਅਮਰੀਕਾ ’ਚ ਕੋਰੋਨਾ ਵੈਕਸੀਨ ਲਗਵਾਉਣ ’ਚ ਮਰਦਾਂ ਤੋਂ ਅਗੇ ਮੋਹਰੀ ਨੇ ਬੀਬੀਆਂ

ਅਮਰੀਕਾ ’ਚ ਕੋਰੋਨਾ ਵੈਕਸੀਨ ਲਗਵਾਉਣ ’ਚ ਮਰਦਾਂ ਤੋਂ ਅਗੇ ਮੋਹਰੀ ਨੇ ਬੀਬੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਿਊਯਾਰਕ: ਕੋਰੋਨਾ ਦੀ ਲਾਗ ਕਾਰਨ ਅਮਰੀਕਾ ’ਚ ਔਰਤਾਂ ਤੋਂ ਜ਼ਿਆਦਾ ਮਰਦਾਂ ਦੀਆਂ ਮੌਤਾਂ ਹੋਈਆਂ। ਕੋਰੋਨਾ ਦੀ ਲਾਗ ਨਾਲ 13 ਮਰਦਾਂ ਦੀ ਜਾਨ ਗਈ ਤਾਂ ਉਨ੍ਹਾਂ ਦੀ ਤੁਲਨਾ ’ਚ 10 ਔਰਤਾਂ ਦੀ ਮੌਤ ਹੋਈ। ਯੂਨੀਵਰਸਿਟੀ ਕਾਲਜ ਲੰਡਨ ਨੇ ਇਹ ਜਾਣਕਾਰੀ ਇਕ ਪ੍ਰੋਜੈਕਟ ਤਹਿਤ ਇਕੱਠੀ ਕੀਤੀ ਹੈ। ਹਾਲਾਂਕਿ ਅਮਰੀਕਾ ’ਚ 3 ਵੈਕਸੀਨਾਂ ਨੂੰ ਮਿਲੀ ਮਨਜ਼ੂਰੀ ਤੋਂ ਬਾਅਦ ਮੌਤਾਂ ਦਾ ਜੋਖ਼ਮ ਬਹੁਤ ਹੱਦ ਤਕ ਘਟਣ ’ਚ ਸਫਲਤਾ ਮਿਲੀ ਹੈ। ਇਸ ਦੇ ਬਾਵਜੂਦ ਅਮਰੀਕੀ ਮਰਦਾਂ ’ਚ ਵੈਕਸੀਨ ਲਗਵਾਉਣ ਦੀ ਦਿਲਚਸਪੀ ਨਹੀਂ ਦਿਸਦੀ। ਅਮਰੀਕੀ ਸੀ. ਡੀ. ਸੀ. ਦੇ ਮੁਤਾਬਕ 3 ਮਈ ਤਕ ਸਿਰਫ 38.5 ਫੀਸਦੀ ਮਰਦਾਂ ਨੇ ਹੀ ਵੈਕਸੀਨ ਲਗਵਾਈ, ਜਦਕਿ ਕੁਲ ਔਰਤਾਂ ’ਚੋਂ 43.3 ਫੀਸਦੀ ਨੇ ਸੁਰੱਖਿਆ ਕਵਚ ਅਪਣਾਇਆ।

ਜਾਨ ਹਾਪਕਿੰਸ ਯੂਨੀਵਰਸਿਟੀ ਦੀ ਰਿਸਰਚ ਸਾਇੰਟਿਸਟ ਰੋਜ਼ ਮੈਰੀ ਮਾਰਗਨ ਤੇ ਵਾਂਡਰਬਿਲਟ ਯੂਨੀਵਰਸਿਟੀ ’ਚ ਮੈੱਨਜ਼ ਹੈਲਥ ਰਿਸਰਚ ਸੈਂਟਰ ਦੇ ਮੁਖੀ ਡੈਰੇਕ ਗ੍ਰਿਫਿਥ ਦਾ ਕਹਿਣਾ ਹੈ ਕਿ ਅਮਰੀਕਾ ’ਚ ਔਰਤਾਂ ਮਰਦਾਂ ਤੋਂ ਔਸਤ 5 ਸਾਲ ਜ਼ਿਆਦਾ ਜਿਊਂਦੀਆਂ ਹਨ। ਉਥੇ ਹੀ ਦੇਸ਼ ਦੀ 65 ਤੋਂ ਵੱਧ ਆਬਾਦੀ ਦਾ 55 ਫੀਸਦੀ ਹਿੱਸਾ ਇਨ੍ਹਾਂ ਦਾ ਹੀ ਹੈ। ਇਸ ਲਈ ਇਨ੍ਹਾਂ ਨੂੰ ਵੈਕਸੀਨ ਦਾ ਮੌਕਾ ਪਹਿਲਾਂ ਮਿਲ ਗਿਆ ਹੈ। ਫਰੰਟਲਾਈਨ ਵਰਕਰਾਂ ’ਚ ਵੀ ਵੱਡੀ ਗਿਣਤੀ ਔਰਤਾਂ ਦੀ ਹੈ। ਇਸ ਲਈ ਇਨ੍ਹਾਂ ਨੂੰ ਪਹਿਲ ਮਿਲੀ। 2019 ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਹੈਲਥਕੇਅਰ ਦੀਆਂ 76 ਫੀਸਦੀ ਨੌਕਰੀਆਂ ਔਰਤਾਂ ਕੋਲ ਸਨ। ਮਾਹਿਰਾਂ ਮੁਤਾਬਕ ਸਿਹਤ ਨੂੰ ਲੈ ਕੇ ਮਰਦਾਂ ਦੀ ਤੁਲਨਾ ’ਚ ਔਰਤਾਂ ਜ਼ਿਆਦਾ ਜਾਗਰੂਕ ਹਨ। 2019-20 ਦੇ ਇੰਫਲੂਐਂਜਾ ਸੀਜ਼ਨ ’ਚ 52 ਫੀਸਦੀ ਔਰਤਾਂ ਨੇ ਫਲੂ ਦੀ ਵੈਕਸੀਨ ਲਗਵਾਈ, ਜਦਕਿ ਸਿਰਫ 44 ਫੀਸਦੀ ਮਰਦਾਂ ਨੇ ਹੀ ਅਜਿਹਾ ਕੀਤਾ।

ਮਾਰਗਨ ਦੇ ਮੁਤਾਬਕ ਪਰਿਵਾਰ ਦੇ ਮੈਂਬਰਾਂ ਦੀ ਦੇਖਭਾਲ ਨੂੰ ਲੈ ਕੇ ਔਰਤਾਂ ਜ਼ਿਆਦਾ ਜਾਗਰੂਕ ਹੁੰਦੀਆਂ ਹਨ। ਘੱਟ ਉਮਰ ਤੋਂ ਹੀ ਉਨ੍ਹਾਂ ਨੂੰ ਪ੍ਰਜਣਨ ਸਬੰਧੀ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਵੱਡੇ ਹੋਣ ’ਤੇ ਬੱਚਿਆਂ ਤੇ ਬਜ਼ੁਰਗਾਂ ਦੀ ਦੇਖਭਾਲ ਜ਼ਿਆਦਾ ਉਨ੍ਹਾਂ ਨੇ ਹੀ ਕਰਨੀ ਹੁੰਦੀ ਹੈ। ਇਸ ਲਈ ਉਹ ਇਸ ਨੂੰ ਬਿਹਤਰ ਸਮਝਦੀਆਂ ਹਨ।  ਇਸ ਗੱਲ ਨੂੰ ਲੈ ਕੇ ਚਿੰਤਿਤ ਰਹਿੰਦੀਆਂ ਨੇ ਔਰਤਾਂ ਮਾਹਿਰਾਂ ਦਾ ਕਹਿਣਾ ਹੈ ਕਿ ਔਰਤਾਂ ਪਰਿਵਾਰ ’ਚ ਕਿਸੇ ਜਾਂ ਖੁਦ ਦੇ ਬੀਮਾਰ ਹੋਣ ਨੂੰ ਲੈ ਕੇ ਜ਼ਿਆਦਾ ਚਿੰਤਿਤ ਰਹਿੰਦੀਆਂ ਹਨ। ਇਕ ਪੋਲ ਦੇ ਅਨੁਸਾਰ ਰਿਪਬਲਿਕਨ ਸਮਰਥਕ 57 ਫੀਸਦੀ ਔਰਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੈਕਸੀਨ ਲੱਗੀ ਹੈ ਜਾਂ ਲੱਗਣ ਵਾਲੀ ਹੈ। ਕੇ. ਐੱਫ. ਐੱਫ. ਸਰਵੇ ਦੇ ਅਨੁਸਾਰ 73 ਫੀਸਦੀ ਔਰਤਾਂ ਘਰ ਦੇ ਮੈਂਬਰਾਂ ਨੂੰ ਕੋਰੋਨਾ ਹੋਣ ਦੀ ਸੰਭਾਵਨਾ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀਆਂ ਹਨ ਪਰ ਮਰਦਾਂ ’ਚ 58 ਫੀਸਦੀ ਨੇ ਹੀ ਇਸ ’ਤੇ ਚਿੰਤਾ ਜਤਾਈ।