ਗੁਰਦਾਸਪੁਰ ਜੇਲ੍ਹ 'ਚੋਂ ਰਿਹਾਅ ਹੋਏ ਭਾਈ ਭੁਪਿੰਦਰ ਸਿੰਘ ਛੇ ਜੂਨ, ਪੰਥਕ ਜਥੇਬੰਦੀਆਂ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ ਟਾਈਮਜ਼ ਬਿਉਰੋ
ਅੰਮ੍ਰਿਤਸਰ, : ਸਿੱਖ ਧਰਮ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲਣ ਵਾਲੇ ਅਖੌਤੀ ਸ਼ਿਵ ਸੈਨਿਕ ਸੁਧੀਰ ਸੂਰੀ ਨੂੰ ਠੋਕਵਾਂ ਜਵਾਬ ਦੇਣ ਵਾਲੇ ਜੁਝਾਰੂ ਸਿੱਖ ਭਾਈ ਭੁਪਿੰਦਰ ਸਿੰਘ ਛੇ ਜੂਨ ਗੁਰਦਾਸਪੁਰ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਭਾਈ ਭੁਪਿੰਦਰ ਸਿੰਘ ਦੀ ਜ਼ਮਾਨਤ ਮਨਜ਼ੂਰ ਹੋਣ ਤੋਂ ਬਾਅਦ ਜਦ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਉਹ ਗੁਰਦਾਸਪੁਰ ਜੇਲ੍ਹ ਵਿੱਚੋਂ ਰਿਹਾਅ ਹੋਏ ਤਾਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖ ਸੇਵਾਦਾਰ ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਵਿੰਦਰ ਸਿੰਘ ਮੁਕੇਰੀਆਂ, ਸਿੱਖ ਤਾਲਮੇਲ ਕਮੇਟੀ ਦੇ ਆਗੂ ਭਾਈ ਹਰਪ੍ਰੀਤ ਸਿੰਘ ਨੀਟੂ ਵੱਲੋਂ ਭਾਈ ਭੁਪਿੰਦਰ ਸਿੰਘ ਛੇ ਜੂਨ ਦਾ ਸ਼ਾਨਦਾਰ ਸਵਾਗਤ ਅਤੇ ਸਿਰੋਪਿਆਂ, ਦੁਸ਼ਾਲਿਆਂ ਤੇ ਫੁੱਲਾਂ ਦੀ ਵਰਖਾ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਬਲਬੀਰ ਸਿੰਘ ਮੁੱਛਲ, ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਭਾਈ ਹਰਪ੍ਰੀਤ ਸਿੰਘ ਨੀਟੂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ ਜਿਨ੍ਹਾਂ ਨੇ ਰਿਹਾਈ ਕਰਵਾਉਣ ਵਿੱਚ ਯੋਗਦਾਨ ਪਾਇਆ ਅਤੇ ਹਰ ਪੱਖੋਂ ਆਵਾਜ਼ ਬੁਲੰਦ ਕੀਤੀ। ਫ਼ੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਦੱਸਿਆ ਕਿ ਜਥਾ ਸਿਰਲੱਥ ਖ਼ਾਲਸਾ ਦੇ ਭਾਈ ਕੁਲਦੀਪ ਸਿੰਘ ਬਿੱਟੂ ਵੱਲੋਂ ਭਾਈ ਭੁਪਿੰਦਰ ਸਿੰਘ ਦੀ ਜ਼ਮਾਨਤ ਭਰੀ ਗਈ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਵੱਲੋਂ ਵਕੀਲ ਜਸਬੀਰ ਸਿੰਘ ਜੰਮੂ ਨੇ ਕੇਸ ਦੀ ਪੈਰਵਾਈ ਬੜੇ ਸੁਚੱਜੇ ਢੰਗ ਨਾਲ ਕੀਤੀ। ਇਸ ਮੌਕੇ ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਗੁਰੂ ਸਾਹਿਬਾਨਾਂ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ੍ਰੀ ਦਰਬਾਰ ਸਾਹਿਬ ਅਤੇ ਸਿੱਖ ਧਰਮ ਖ਼ਿਲਾਫ਼ ਇੱਕ ਵੀ ਸ਼ਬਦ ਸਹਿਣ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਗਾਂਹ ਵੀ ਕਿਸੇ ਨੇ ਸਾਡੇ ਧਰਮ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਠੋਕਵਾਂ ਜਵਾਬ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਉਹ ਜੇਲ੍ਹਾਂ, ਥਾਣਿਆਂ ਤੇ ਪਰਚਿਆਂ ਤੋਂ ਨਹੀਂ ਡਰਦੇ, ਸਗੋਂ ਇਹ ਤਾਂ ਸੂਰਮਿਆਂ ਦੇ ਹਿੱਸੇ ਆਇਆ ਹੈ ਤੇ ਮਰਦਾਂ ਦਾ ਸ਼ਿੰਗਾਰ ਹੈ। ਭਾਈ ਭੁਪਿੰਦਰ ਸਿੰਘ ਨੇ ਕਿਹਾ ਕਿ ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ, ਲੇਕਿਨ ਆਪਣਾ ਧਰਮ ਸਾਨੂੰ ਜਾਨੋਂ ਪਿਆਰਾ ਹੈ। ਉਹਨਾਂ ਕਿਹਾ ਕਿ ਸੂਰੀ ਵਰਗੇ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਪ੍ਰਸ਼ਾਸਨ ਪੱਕੇ ਤੌਰ ਉੱਤੇ ਨੱਥ ਪਾਵੇ, ਨਹੀਂ ਤਾਂ ਇਸ ਦੀ ਬਕਵਾਸ ਦਾ ਜਵਾਬ ਦੇਣ ਲਈ ਅਸੀਂ ਆਪਣਾ ਫ਼ਰਜ ਨਿਭਾਉਂਦੇ ਰਹਾਂਗੇ। ਇਸ ਮੌਕੇ ਭਾਈ ਪਰਮਿੰਦਰ ਸਿੰਘ ਖ਼ਾਲਸਾ, ਭਾਈ ਮਨਦੀਪ ਸਿੰਘ ਖ਼ਾਲਸਾ, ਭਾਈ ਗੁਰਸ਼ਰਨਜੀਤ ਸਿੰਘ ਛੰਨਾ, ਭਾਈ ਸਤਵਿੰਦਰ ਸਿੰਘ ਨਿਹੰਗ, ਭਾਈ ਸੁਖਦੇਵ ਸਿੰਘ ਹਰੀਆਂ, ਬੀਬੀ ਮਨਿੰਦਰ ਕੌਰ, ਭਾਈ ਬਲਬੀਰ ਸਿੰਘ, ਭਾਈ ਮਨਦੀਪ ਸਿੰਘ ਗੁਰਦਾਸਪੁਰ, ਭਾਈ ਮਨਜੀਤ ਸਿੰਘ ਡੱਲਾ, ਭਾਈ ਜਸ਼ਨਦੀਪ ਸਿੰਘ, ਭਾਈ ਕੁਲਦੀਪ ਸਿੰਘ ਬਿੱਟੂ ਆਦਿ ਹਾਜ਼ਰ ਸਨ।
Comments (0)