ਜਨਮ ਦਿਨ ਪਾਰਟੀ ਮੌਕੇ ਔਰਤ ਦੇ ਪ੍ਰੇਮੀ  ਵੱਲੋਂ ਚਲਾਈ ਗੋਲੀ ਵਿੱਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ

ਜਨਮ ਦਿਨ ਪਾਰਟੀ ਮੌਕੇ ਔਰਤ ਦੇ ਪ੍ਰੇਮੀ  ਵੱਲੋਂ ਚਲਾਈ ਗੋਲੀ ਵਿੱਚ ਪ੍ਰੇਮਿਕਾ ਸਣੇ 6 ਮੌਤਾਂ, ਪ੍ਰੇਮੀ ਨੇ ਵੀ ਕੀਤੀ ਆਤਮ ਹੱਤਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਕੋਲੋਰਾਡੋ ਸਪਰਿੰਗ, ਕੋਲੋਰਾਡੋ ਵਿਚ ਇਕ ਸ਼ੱਕੀ ਵਿਅਕਤੀ ਵੱਲੋਂ ਕੀਤੀ ਗੋਲੀਬਾਰੀ ਵਿਚ 6 ਵਿਅਕਤੀ ਮਾਰੇ ਗਏ ਤੇ ਬਾਅਦ ਵਿਚ ਸ਼ੱਕੀ ਵਿਅਕਤੀ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਤੇ ਉਸ ਦੀ ਮੌਤ ਹੋ ਗਈ। ਇਕ ਮੋਬਾਈਲ ਹੋਮ ਪਾਰਕ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜੀ ਤਾਂ 6 ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਤੇ ਇਕ ਵਿਅਕਤੀ ਗੰਭੀਰ ਜਖਮੀ ਸੀ ਜੋ ਬਾਅਦ ਵਿਚ ਹਸਪਤਾਲ ਜਾ ਕੇ ਦਮ ਤੋੜ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮੋਬਾਈਲ ਹੋਮ ਪਾਰਟੀ ਵਿਚ ਇਕ ਜਨਮ ਦਿਨ ਪਾਰਟੀ ਚੱਲ ਰਹੀ ਸੀ। ਸ਼ੱਕੀ ਹਮਲਾਵਰ ਪਾਰਟੀ ਵਿਚ ਸ਼ਾਮਿਲ ਇਕ ਔਰਤ ਦਾ ਪ੍ਰੇਮੀ ਸੀ ਪਾਰਟੀ ਵਿਚ ਹੋਰ ਵੀ ਮਿੱਤਰ - ਦੋਸਤ , ਪਰਿਵਾਰਕ ਮੈਂਬਰ ਤੇ ਬੱਚੇ ਸ਼ਾਮਿਲ ਸਨ ਜੋ ਪਾਰਟੀ ਦਾ ਆਨੰਦ ਲੈ ਰਹੇ ਸਨ। ਇਸੇ ਦੌਰਾਨ ਪ੍ਰੇਮੀ ਅੰਦਰ ਦਾਖਲ ਹੋਇਆ ਤੇ ਉਸ ਨੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਆਪਣੀ ਦੋਸਤ  ਔਰਤ ਸਣੇ 6ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਪੁਲਿਸ ਅਨੁਸਾਰ ਘਟਨਾ ਵਿਚ ਕਿਸੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਪਰਿਵਾਰਕ ਮੈਂਬਰ ਫਰੈਡੀ ਮਾਰਕੁਏਜ਼ ਨੇ ਦਸਿਆ ਕਿ ਉਹ ਵੀ ਪਾਰਟੀ ਵਿਚ ਸ਼ਾਮਿਲ ਸੀ।

  ਮਾਰੇ ਗਏ ਸਾਰੇ ਵਿਅਕਤੀ ਇਕ ਹੀ ਪਰਿਵਾਰ ਨਾਲ ਸਬੰਧ ਰਖਦੇ ਹਨ ਜੋ ਮੇਰੀ ਪਤਨੀ ਤੇ ਸਾਲੇ ਦਾ ਜਨਮ ਦਿਨ ਮਨਾ ਰਹੇ ਸਨ। ਅਚਾਨਕ ਬਾਹਰੋਂ ਆਏ ਇਕ ਵਿਅਕਤੀ ਨੇ ਗੋਲੀਬਾਰੀ ਕਰਕੇ ਜਸ਼ਨਾਂ ਨੂੰ ਸੋਗ ਵਿਚ ਬਦਲ ਦਿੱਤਾ। ਉਸ ਨੇ ਦਸਿਆ ਕਿ ਉਸ ਦਾ ਪਰਿਵਾਰ ਪਾਰਟੀ ਵਿਚੋਂ ਜਲਦੀ ਗਿਆ ਸੀ ਕਿਉਂਕਿ ਉਸ ਦੀ ਪਤਨੀ ਨੇ ਅਗਲੇ ਦਿਨ ਛੇਤੀ ਕੰਮ 'ਤੇ ਜਾਣਾ ਸੀ। ਉਸ ਦੀ ਪਤਨੀ ਸਵੇਰੇ 4 ਵਜੇ ਕੰਮ 'ਤੇ ਜਾਣ ਲਈ ਉੱਠੀ ਤਾਂ ਘਟਨਾ ਬਾਰੇ ਪਤਾ ਲੱਗਾ। ਗੋਲੀਬਾਰੀ ਵਿਚ ਉਸ ਦੀ ਮਾਂ ਤੇ ਦੋ ਭਰਾਵਾਂ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਇਹ ਨਿਰਾ ਪਾਗਲਪਣ ਹੈ। ਮਾਂ ਦਿਵਸ 'ਤੇ ਅਜਿਹਾ ਵਾਪਰ ਜਾਣ ਬਾਰੇ ਅਸੀਂ ਕਦੀ ਸੋਚਿਆ ਵੀ ਨਹੀਂ ਸੀ। ਪੁਲਿਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ ਤੇ ਸ਼ੱਕੀ ਹਮਲਾਵਰ ਦੇ ਪਿਛੋਕੜ ਬਾਰੇ ਛਾਣਬੀਣ ਕੀਤੀ ਜਾ ਰਹੀ ਹੈ।