ਮਾਨਸਿਕ ਬਿਮਾਰੀ ਤੋਂ ਪੀੜਤ ਅਦਾਕਾਰ ਜੌਹਨੀ ਕਰਾਅਫੋਰਡ ਦੀ ਕੋਰੋਨਾ ਨੇ ਲਈ ਜਾਨ

ਮਾਨਸਿਕ ਬਿਮਾਰੀ ਤੋਂ ਪੀੜਤ ਅਦਾਕਾਰ ਜੌਹਨੀ ਕਰਾਅਫੋਰਡ ਦੀ ਕੋਰੋਨਾ ਨੇ ਲਈ ਜਾਨ
ਕੈਪਸ਼ਨ ਜੌਹਨੀ ਕਰਾਅਫੋਰਡ ਦੀ ਫਾਇਲ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)- ' ਰਾਈਫਲਮੈਨ' ਵਿਚ ਮਾਰਕ ਮੈਕੇਨ ਨਾਮੀ ਬੱਚੇ ਦੀ ਨਿਭਾਈ ਭੂਮਿਕਾ ਤੋਂ ਪ੍ਰਸਿੱਧ ਹੋਏ ਅਦਾਕਾਰ ਜੌਹਨੀ ਕਰਾਅਫੋਰਡ ਦੀ ਮੌਤ ਹੋ ਗਈ। ਹਾਲਾਂ ਕਿ ਉਹ ਮਾਨਸਿਕ ਬਿਮਾਰੀ ਤੋਂ ਵੀ ਪੀੜਤ ਸਨ ਪਰ ਉਸ ਦੀ ਮੌਤ ਕੋਰੋਨਾ ਕਾਰਨ ਹੋਈ ਦੱਸੀ ਜਾ ਰਹੀ ਹੈ। ਉਹ 75 ਸਾਲ ਦੇ ਸਨ। ਅਦਾਕਾਰ ਦੀ ਵੈੱਬ ਸਾਈਟ ਅਨੁਸਾਰ ਉਸ ਦੀ ਮੌਤ ਸਮੇ ਉਸ ਦੀ ਪਤਨੀ ਕੋਲ ਸੀ। ਕਰਾਫੋਰਡ ਬੀ ਸੀ ਲੜੀਵਾਰ ' ਰਾਈਫਲਮੈਨ' ਵਿਚ ਨਿਭਾਈ ਬੱਚੇ ਦੀ ਭੂਮਿਕਾ ਤੋਂ ਬਾਅਦ ਚਰਚਾ ਵਿਚ ਆਏ ਸਨ। ਇਸ ਭੂਮਿਕਾ ਕਾਰਨ ਉਹ ਲੜੀਵਾਰ ਨਾਟਕ ਵਰਗ ਵਿੱਚ ਸਰਬੋਤਮ ਸਹਾਇਕ ਕਲਾਕਾਰ ਵਜੋਂ ਐਮੀ ਪੁਰਸਕਾਰ ਲਈ ਨਾਮਜ਼ਦ ਹੋਏ ਸਨ। 1950 ਵਿਆਂ ਵਿਚ ਜੌਹਨੀ ਨੇ ' ਲੌਂਗ ਰੇਂਜਰ', ਕਾਊਂਟ ਆਫ ਮੋਨਟ ਕ੍ਰਿਸਟੋ ਤੇ ' ਲੋਰੇਟਾ ਯੰਗ ਸ਼ੋਅ' ਸਮੇਤ ਅਨੇਕਾਂ ਟੀ ਵੀ ਲੜੀਵਾਰਾਂ ਵਿਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ।

ਇਸ ਤੋਂ ਇਲਾਵਾ ਇਕ ਗਾਇਕ ਵਜੋਂ ਵੀ ਜੌਹਨੀ ਨੇ ਸਰੋਤਿਆਂ ਦੇ ਦਿਲਾਂ ਉਪਰ ਆਪਣੀ ਛਾਪ  ਛੱਡੀ। 1952 ਵਿਚ ਉਸ ਵੱਲੋਂ ਗਾਇਆ ਗੀਤ 'ਕਿੰਡੀ' ਬਰਥਡੇਅ' ਬਹੁਤ ਪ੍ਰਸਿੱਧ ਹੋਇਆ ਸੀ। ਉਸ ਨੇ 2004 ਵਿਚ 'ਹੈਲਬਵਾਏ' ਫਿਲਮ ਵਿਚ ' ਈਜ਼ੀ ਕਮ ਈਜ਼ੀ ਗੋ' ਗੀਤ ਗਾ ਕੇ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਸੀ। ਮਨੋਰੰਜਨ ਜਗਤ ਦੀਆਂ ਪ੍ਰਸਿੱਧ ਸਖਸ਼ੀਅਤਾਂ ਨੇ ਜੌਹਨੀ ਕਰਾਅਫੋਰਡ ਦੀ ਮੌਤ ਉਪਰ ਅਫਸੋਸ ਪ੍ਰਗਟ ਕੀਤਾ ਹੈ। 'ਹੈਪੀ ਡੇਜ਼' ਅਦਾਕਾਰ ਸਕਾਟ ਬੇਓ ਨੇ ਕਿਹਾ ਹੈ ' ਮੇਰਾ ਮਿੱਤਰ ਜੌਹਨੀ ਕਰਾਫੋਰਡ ਨਹੀਂ ਰਿਹਾ। ਮੈ ਉਸ ਦੀ ਪਤਨੀ ਚਾਰਲੋਟ ਦੇ ਦੁੱਖ ਵਿਚ ਸ਼ਰੀਕ ਹਾਂ। ਜੌਹਨੀ ਅਸਲ ਕੌਅ ਬਵਾਏ ਸੀ। ਉਹ ਹਮੇਸ਼ਾਂ ਮੇਰੇ ਚੇਤਿਆਂ ਵਿਚ ਰਹੇਗਾ।' ਅਦਾਕਾਰ ਬਰੂਸ ਬਾਕਸਲੀਟਨਰ ਨੇ ਕਿਹਾ ਹੈ 'ਜੌਹਨੀ ਇਕ ਬਹੁਤ ਹੀ ਦਿਆਲੂ ਕਿਸਮ ਦਾ ਇਨਸਾਨ ਸੀ। ਮੈ ਉਸ ਦੇ ਮੂੰਹ ਵਿਚੋਂ ਕਦੀ ਵੀ ਗਲਤ ਸ਼ਬਦ ਨਹੀਂ ਸੁਣਿਆ। ਉਹ ਮੇਰੇ ਲਈ ਪ੍ਰੇਰਨਾ ਸੀ ਤੇ 80 ਵਿਆਂ ਤੋਂ ਮੇਰਾ ਮਿੱਤਰ ਸੀ।''