ਅਮਰੀਕੀਆਂ ਨੂੰ ਮੁੜ ਲਾਈ ਜਾਵੇਗੀ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ ਵੈਕਸੀਨ

ਅਮਰੀਕੀਆਂ ਨੂੰ ਮੁੜ ਲਾਈ ਜਾਵੇਗੀ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ ਵੈਕਸੀਨ

 * ਐਫ ਡੀ ਤੇ ਸੀ ਡੀ ਸੀ ਨੇ ਦਿੱਤੀ ਹਰੀ ਝੰਡੀ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ)-ਖੂਨ ਜਮ ਜਾਣ ਦੀਆਂ ਸ਼ਿਕਾਇਤਾਂ ਉਪਰੰਤ ਜੌਹਨਸਨ ਐਂਡ ਜੌਹਨਸਨ ਦੀ ਕੋਵਿਡ ਵੈਕਸੀਨ ਲਾਉਣ ਉਪਰ ਲਾਈ ਰੋਕ ਹਟਾ ਲਈ ਗਈ ਹੈ। 11 ਦਿਨ ਪਹਿਲਾਂ ਲੱਗੀ ਪਾਬੰਦੀ ਨੂੰ ਖਤਮ ਕਰਦਿਆਂ 'ਫੂਡ ਐਂਡ ਡਰੱਗ ਅਡਮਨਿਸਟ੍ਰੇਸ਼ਨ  ਅਤੇ ਸੈਂਟਰ ਫਾਰ ਡਸੀਜ ਕੰਟਰੋਲ'' ਨੇ ਕਿਹਾ ਹੈ ਕਿ ਤਕਰੀਬਨ 80 ਲੱਖ ਲੋਕਾਂ ਜਿਨਾਂ ਦੇ ਜੌਹਨਸਨ ਐਂਡ ਜੌਹਨਸਨ ਦਾ ਕੋਵਿਡ ਟੀਕਾ ਲਾਇਆ ਗਿਆ ਸੀ ਵਿਚੋਂ 15 ਲੋਕਾਂ ਉਪਰ ਬੁਰਾ ਅਸਰ ਵੇਖਣ ਨੂੰ ਮਿਲਿਆ ਹੈ ਜਿਨਾਂ ਵਿਚੋਂ 3 ਵਿਅਕਤੀਆਂ ਦੀ ਮੌਤ ਹੋਈ ਹੈ, ਇਸ ਆਧਾਰ 'ਤੇ ਇਕ ਬਹੁਤ ਹੀ ਪ੍ਰਭਾਵੀ ਵੈਕਸੀਨ ਦੀ ਵਰਤੋਂ ਬੰਦ ਕੀਤੇ ਜਾਣ ਨੂੰ ਉਚਿੱਤ ਨਹੀਂ ਠਹਿਰਾਇਆ ਜਾ ਸਕਦਾ। ਫੂਡ ਐਂਡ ਡਰੱਗ ਅਡਮਨਿਸਟ੍ਰੇਸ਼ਨ ਤੇ ਸੈਂਟਰ ਫਾਰ ਡਸੀਜ ਕੰਟਰੋਲ ਦੇ ਅਧਿਕਾਰੀਆਂ ਨੇ ਸਾਂਝੇ ਪੱਤਰਕਾਰ ਸੰਮੇਲਣ ਵਿਚ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਨਵੇਂ ਸਿਰੇ ਤੋਂ ਲੋਕਾਂ ਨੂੰ ਲਾਉਣ ਦਾ ਐਲਾਨ ਕੀਤਾ। ਪ੍ਰੈਸ ਕਾਨਫਰੰਸ ਤੋਂ ਪਹਿਲਾਂ ਸੈਂਟਰ ਫਾਰ ਡਸੀਜ ਕੰਟਰੋਲ ਦੀ ਸਲਾਹਕਾਰ ਕਮੇਟੀ ਨੇ ਵੈਕਸੀਨ ਦੀ ਵਰਤੋਂ ਕਰਨ ਦੇ ਹੱਕ ਵਿਚ ਵੋਟਾਂ ਪਾਈਆਂ। ਅਧਿਕਾਰੀਆਂ ਨੇ ਕਿਹਾ ਕਿ ਵੈਕਸੀਨ ਲਾਉਣ ਵੇਲੇ ਹਰੇਕ ਵਿਅਕਤੀ ਨੂੰ ਇਸ ਦੇ ਬਹੁਤ ਹੀ ਘੱਟ ਬੁਰੇ ਅਸਰ ਬਾਰੇ ਦਸਿਆ ਜਾਵੇਗਾ ਤੇ ਕੋਵਿਡ ਤੋਂ ਬਚਾਅ ਲਈ ਇਸ ਦੇ ਪ੍ਰਭਾਵੀ ਹੋਣ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਲਾਹਕਾਰ ਕਮੇਟੀ ਦੇ ਮੈਂਬਰ ਡਾ ਗਰੇਸ ਲੀ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਬਾਰੇ ਲੋਕਾਂ ਨੂੰ ਨਿਰੰਤਰ ਜਾਗਰੂਕ ਕਰਨ ਦੀ ਲੋੜ ਹੈ। ਸਾਨੂੰ ਸਪੱਸ਼ਟ ਸਿਫਾਰਿਸ਼ਾਂ ਨਾਲ ਲੋਕਾਂ ਕੋਲ ਜਾਣਾ ਚਾਹੀਦਾ ਹੈ। ਡਾ ਹੈਨਰੀ ਬਰਨਸਟੀਨ ਨੇ ਕਿਹਾ ਕਿ ਸੁਰੱਖਿਆ ਚਿੰਤਾ ਦੇ ਮੱਦੇਨਜਰ ਰੋਕ ਲਾਉਣੀ ਜਾਇਜ ਸੀ ਪਰੰਤੂ ਹੁਣ ਇਸ ਨੂੰ ਦੁਬਾਰਾ ਸ਼ੁਰੂ ਕਰਨ ਦਾ ਸਮਾਂ ਹੈ। ਲੋਕਾਂ ਨੂੰ ਇਹ ਦੱਸਣਾ ਜਰੂਰੀ ਹੈ ਕਿ ਇਹ ਵੈਕਸੀਨ ਬਹੁਤ ਹੀ ਅਸਰਦਾਰ ਹੈ ਜੋ ਕੋਵਿਡ-19 ਤੋਂ ਉਨਾਂ ਦਾ ਬਚਾਅ ਕਰੇਗੀ।