ਇੰਡਿਆਨਾਪੋਲਿਸ ਵਿਚ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਮਾਰੇ ਗਏ 4 ਪੰਜਾਬੀਆਂ ਦੀ ਹੋਈ ਪਹਿਚਾਣ।

ਇੰਡਿਆਨਾਪੋਲਿਸ ਵਿਚ ਹੋਈ ਅੰਧਾਧੁੰਦ ਗੋਲੀਬਾਰੀ ਵਿੱਚ ਮਾਰੇ ਗਏ 4 ਪੰਜਾਬੀਆਂ ਦੀ ਹੋਈ ਪਹਿਚਾਣ।

ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ: (ਹੁਸਨ ਲੜੋਆ ਬੰਗਾ) ਬੀਤੀ ਰਾਤ ਇੰਡਿਆਨਾਪੋਲਿਸ ਵਿਚ ਸਥਿੱਤੀ ਫੈਡੇਕਸ ਦੇ ਅਦਾਰੇ ਵਿਚ ਇਕ ਵਿਅਕਤੀ ਵੱਲੋਂ ਕੀਤੀ ਅੰਧਾਧੁੰਦ ਗੋਲੀਬਾਰੀ ਵਿਚ 8 ਵਿਅਕਤੀ ਮਾਰ ਦਿੱਤੇ ਗਏ ਸਨ ਤੇ ਅਨੇਕਾਂ ਹੋਰ ਜਖਮੀ ਹੋ ਗਏ ਸਨ। ਮਾਰੇ ਗਏ ਵਿਅਕਤੀਆਂ ਵਿਚ ਘੱਟੋ ਘੱਟ 4 ਪੰਜਾਬੀ ਹਨ। ਇਨਾਂ ਵਿਚ ਅਮਰਜੀਤ ਜੌਹਲ (66), ਜਸਵਿੰਦਰ ਕੌਰ (64), ਅਮਰਜੀਤ ਸੇਖੋਂ (48) ਤੇ ਜਸਵਿੰਦਰ ਸਿੰਘ (68) ਸ਼ਾਮਿਲ ਹਨ। ਬਾਕੀ ਮ੍ਰਿਤਕਾਂ ਦੀ ਪਛਾਣ ਕਰਲੀ ਸਮਿੱਥ (19), ਸਮਾਰੀਆ ਬਲੈਕਵੈਲ (19), ਮੈਥੀਊ ਆਰ ਅਲੈਗਜੈਂਡਰ (32) ਤੇ ਜੌਹਨ ਵੀਸਰਟ (74) ਵਜੋਂ ਹੋਈ ਹੈ। ਮਾਰੇ ਗਏ ਸਾਰੇ ਪੰਜਾਬੀ ਸਿੱਖ ਪਰਿਵਾਰਾਂ ਨਾਲ ਸਬੰਧ ਰਖਦੇ ਸਨ।  ਪੁਲਿਸ ਨੇ ਹਮਲਾਵਰ ਦੀ ਪਛਾਣ 19 ਸਾਲਾ ਵਿਅਕਤੀ ਵਜੋਂ ਕੀਤੀ ਹੈ ਜੋ ਫੈਡੇਕਸ ਦਾ ਸਾਬਕਾ ਮੁਲਾਜ਼ਮ ਸੀ। ਹਮਲਾਵਰ ਵੀ ਬਾਅਦ ਵਿਚ ਖੁਦਕੁੱਸ਼ੀ ਕਰ ਗਿਆ। ਮਾਰੇ ਗਏ ਵਿਅਕਤੀਆਂ ਦੀ ਉਮਰ 19 ਤੋਂ 74 ਸਾਲ ਦਰਮਿਆਨ ਹੈ। ਇੰਡਿਆਨਾਪੋਲਿਸ ਦੇ ਡਿਪਟੀ ਪੁਲਿਸ ਮੁੱਖੀ ਕਰੈਗ ਮੈਕਾਰਟ ਨੇ ਪੱਤਰਕਾਰਾਂ ਨੂੰ ਦਸਿਆ ਕਿ ਸ਼ੱਕੀ ਹਮਲਾਵਰ ਨੇ ਫੈਡੇਕਸ ਅਦਾਰੇ ਦੇ ਅੰਦਰ ਤੇ ਬਾਹਰ ਗੋਲੀਆਂ ਚਲਾਈਆਂ। ਉਸ ਦੀ ਪਛਾਣ ਬਰੈਨਡਨ ਹੋਲ ਵਜੋਂ ਹੋਈ ਹੈ ਜੋ ਇੰਡਿਆਨਾ ਦਾ ਰਹਿਣ ਵਾਲਾ ਸੀ। ਉਨਾਂ ਦੱਸਿਆ ਕਿ ਫੈਡੇਕਸ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੋਲ ਨੇ 2020 ਵਿਚ ਫੈਡੇਕਸ ਵਿਚ ਕੰਮ ਕੀਤਾ ਸੀ। ਮੈਕਾਰਟ ਨੇ ਕਿਹਾ ਕਿ ਗੋਲੀਬਾਰੀ ਦੇ ਮਕਸਦ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ। ਮੈਕਾਰਟ ਅਨੁਸਾਰ 4 ਵਿਅਕਤੀਆਂ ਦੀ ਮੌਤ ਫੈਡੈਕਸ ਦੇ ਅੰਦਰ ਤੇ 4 ਜਣਿਆਂ ਦੀ ਮੌਤ ਫੈਡੇਕਸ ਦੇ ਬਾਹਰਵਾਰ ਹੋਈ। ਪੁਲਿਸ ਦਾ ਵਿਸ਼ਵਾਸ਼ ਹੈ ਕਿ ਸ਼ੱਕੀ ਹਮਲਾਵਰ ਦੀ ਮੌਤ ਖੁਦਕੁੱਸ਼ੀ ਕਾਰਨ ਹੋਈ। ਮੇਅਰ ਜੋਅ ਹੋਗਸੈਟ ਨੇ ਘਟਨਾ ਉਪਰ ਅਫਸੋਸ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। ਉਨਾਂ ਕਿਹਾ ਹੈ ਕਿ ਜੋ ਕੁਝ ਵਾਪਰਿਆ ਹੈ, ਉਸ ਦੀ ਕਿਸੇ ਨੇ ਵੀ ਆਸ ਨਹੀਂ ਕੀਤੀ ਸੀ। ਸਥਾਨਕ ਪੰਜਾਬੀ ਬਾਈਚਾਰਾ ਇਸ ਘਟਨਾਂ ਤੋਂ ਅਤਿਅੰਤ ਪੀੜਤ ਹੈ ਤੇ ਨਿਤ ਦਿਨ ਹੋ ਰਹਿਆਂ ਘਟਨਾਵਾਂ ਤੋਂ ਚਿੰਤਿਤ ਹੈ।