ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਅੰਤਿਮ ਬਹਿਸ ਸੋਮਵਾਰ ਨੂੰ

ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਅੰਤਿਮ ਬਹਿਸ ਸੋਮਵਾਰ ਨੂੰ
ਦੋਸ਼ੀ ਡੈਰਕ ਸ਼ੌਵਿਨ

* ਦੋਸ਼ੀ ਡੈਰਕ ਸ਼ੌਵਿਨ ਨੇ ਆਪਣੇ ਬਚਾਅ ਲਈ ਕੁਝ ਕਹਿਣ ਤੋਂ ਕੀਤੀ ਨਾਂਹ

ਅੰਮ੍ਰਿਤਸਰ ਟਾਈਮਜ ਬਿਉਰੋ

ਸੈਕਰਾਮੈਂਟੋ:  (ਹੁਸਨ ਲੜੋਆ ਬੰਗਾ)- ਵਿਸ਼ਵ ਵਿਆਪੀ ਚਰਚਾ ਦਾ ਵਿਸ਼ਾ ਬਣੇ ਬਹੁਤ ਹੀ ਅਹਿਮ ਜਾਰਜ ਫਲਾਇਡ ਹੱਤਿਆ ਮਾਮਲੇ ਵਿਚ ਅੰਤਿਮ ਬਹਿਸ ਸੋਮਵਾਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਿਨੀਪੋਲਿਸ ਦੇ ਸਾਬਕਾ ਪੁਲਿਸ ਅਫਸਰ ਡੈਰਕ ਸ਼ੌਵਿਨ ਨੇ ਅਦਾਲਤ ਵਿਚ ਆਪਣੇ ਬਚਾਅ ਲਈ ਕੋਈ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਸੁਣਵਾਈ ਦੌਰਾਨ ਬਚਾਅ ਪੱਖ ਨੇ ਜਾਰਜ ਫਲਾਈਡ ਦੀ ਮੌਤ ਦਾ ਕਾਰਨ ਉਸ ਦੇ ਦਿੱਲ ਦੀ ਬਿਮਾਰੀ ਤੇ ਡਰੱਗ ਦੀ ਵਰਤੋਂ ਦਸਿਆ। ਦੂਸਰੇ ਪਾਸੇ ਇਸਤਗਾਸਾ ਧਿਰ ਨੇ ਕਿਹਾ ਕਿ ਫਲਾਈਡ ਦੀ ਮੌਤ ਉਸ ਦਾ ਸਾਹ ਬੰਦ ਹੋਣ ਕਾਰਨ ਹੋਈ।

ਡੈਰਕ ਸ਼ੌਵਿਨ ਨੇ ਫਲਾਈਡ ਦੀ ਧੌਣ ਨੂੰ 9 ਮਿੰਟ ਤੋਂ ਵਧ ਸਮਾਂ ਦਬਾਇਆ ਜਿਸ ਦੌਰਾਨ ਸਾਹ ਰੁਕਣ ਕਾਰਨ ਦਿੱਲ 'ਤੇ ਦਬਾਅ ਵਧ ਗਿਆ ਤੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਪਿਛਲੇ 11 ਦਿਨ ਹੋਈ ਸੁਣਵਾਈ ਦੌਰਾਨ 38 ਗਵਾਹੀਆਂ ਭੁਗਤੀਆਂ ਜਿਨਾਂ ਵਿਚ ਘਟਨਾ ਸਮੇਂ ਨੇੜਿਉਂ ਲੰਘ ਰਹੇ ਲੋਕ ਵੀ ਸ਼ਾਮਿਲ ਸਨ। ਸ਼ੁਰੂ ਵਿਚ ਅਦਾਲਤ ਵਿਚ ਮੌਕੇ ਉਪਰ ਇਕ ਛੋਟੀ ਉਮਰ ਦੇ ਰਾਹਗੀਰ ਵੱਲੋਂ ਬਣਾਈ ਵੀਡੀਓ ਤੇ ਆਸ ਪਾਸ ਦੇ ਸੀ ਸੀ ਟੀ ਵੀ ਕੈਮਰਿਆਂ ਦੀ ਵੀਡੀਓਜ ਵੀ  ਵੇਖੀਆਂ ਗਈਆਂ। ਇਸ ਮਾਮਲੇ ਵਿਚ ਬਹੁਤ ਛੇਤੀ ਫੈਸਲਾ ਆ ਜਾਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।