ਕਸ਼ਮੀਰੀ ਵਿਦਿਆਰਥੀਆਂ ਨੂੰ ਹਿੰਸਕ ਭੀੜਾਂ ਤੋਂ ਮੋਦੀ ਨੇ ਨਹੀਂ, ਸਿੱਖਾਂ ਨੇ ਬਚਾਇਆ ਸੀ: ਉਮਰ ਅਬਦੁੱਲ੍ਹਾ

ਕਸ਼ਮੀਰੀ ਵਿਦਿਆਰਥੀਆਂ ਨੂੰ ਹਿੰਸਕ ਭੀੜਾਂ ਤੋਂ ਮੋਦੀ ਨੇ ਨਹੀਂ, ਸਿੱਖਾਂ ਨੇ ਬਚਾਇਆ ਸੀ: ਉਮਰ ਅਬਦੁੱਲ੍ਹਾ

ਸ਼੍ਰੀਨਗਰ: ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਕ ਕਾਨਫਰੰਸ ਪਾਰਟੀ ਦੇ ਆਗੂ ਉਮਰ ਅਬਦੁੱਲ੍ਹਾ ਨੇ ਬਾਰਮੁੱਲ੍ਹਾ ਵਿਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੰਮੂ ਅਤੇ ਹੋਰਨਾਂ ਥਾਵਾਂ ’ਤੇ ਕਸ਼ਮੀਰੀ ਵਿਦਿਆਰਥੀਆਂ ਨੂੰ ਭੀੜਾਂ ਦੀ ਹਿੰਸਾ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਹੀਂ, ਸਗੋਂ ਸਿੱਖਾਂ ਨੇ ਬਚਾਇਆ ਸੀ।

ਉਮਰ ਅਬਦੁੱਲ੍ਹਾ ਨੇ ਪਾਰਟੀ ਕਾਰਕੁੰਨਾਂ ਤੇ ਸਮਰਥਕਾਂ ਦੇ ਇਕੱਠ ਵਿਚ ਕਿਹਾ ਕਿ ਜੰਮੂ ਤੇ ਹੋਰਨਾਂ ਸੂਬਿਆਂ ਵਿੱਚ ਸੱਜੇ–ਪੱਖੀ ਅੱਤਵਾਦੀਆਂ ਦੇ ਹਮਲਿਆਂ ਤੋਂ ਵਿਦਿਆਰਥੀਆਂ ਨੂੰ ਬਚਾਉਣਾ ਮੋਦੀ ਸਰਕਾਰ ਦੀ ਜ਼ਿੰਮੇਵਾਰੀ ਸੀ। ਪਰ ਮੰਦੇਭਾਗੀਂ, ਜਿੱਥੇ ਕਿਤੇ ਵੀ ਕਦੇ ਕੋਈ ਹਿੰਸਾ ਵਾਪਰਦੀ ਹੈ, ਉੱਥੇ ਮੋਦੀ ਸਰਕਾਰ ਦਾ ਕਿਤੇ ਨਾਮੋ–ਨਿਸ਼ਾਨ ਵੀ ਨਹੀਂ ਹੁੰਦਾ।’

ਉਮਰ ਅਬਦੁੱਲ੍ਹਾ ਨੇ ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਆਗੂ ਮਹਿਬੂਬਾ ਮੁਫ਼ਤੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਰਾਜ ਦੌਰਾਨ ਲੋਕਾਂ ਨੂੰ ਗੋਲੀਆਂ ਅਤੇ ਪਲਾਸਟਿਕ ਦੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਤੇ ਹੁਣ ਉਹੀ ਉਨ੍ਹਾਂ ਹੀ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ।

ਨੈਸ਼ਨਲ ਕਾਨਫ਼ਰੰਸ ਦੇ ਸੀਨੀਅਰ ਆਗੂ ਅਲੀ ਮੁਹੰਮਦ ਸਾਗਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਨੈਸ਼ਨਲ ਕਾਨਫ਼਼ਰੰਸ ਦੇ ਕਾਰਕੁੰਨ ‘ਅਸਲ ਮੁਜਾਹਿਦੀਨ’ ਭਾਵ ਅਸਲ–ਯੋਧੇ ਹਨ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪੀਡੀਪੀ ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਵੀ ਆਪਣੇ ਪਾਰਟੀ ਕਾਰਕੁੰਨਾਂ ਨੂੰ ‘ਅਸਲ ਮੁਜਾਹਿਦੀਨ’ ਦੱਸਿਆ ਸੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ