ਬਰਤਾਨਵੀ ਫੌਜੀ ਸਿੱਖ ਅਫ਼ਸਰ ਪ੍ਰੀਤ ਚੰਦੀ ਨਵਾਂ ਇਤਿਹਾਸ ਸਥਾਪਤ ਕਰਨ ਲਈ ਤਿਆਰ

ਬਰਤਾਨਵੀ ਫੌਜੀ ਸਿੱਖ ਅਫ਼ਸਰ ਪ੍ਰੀਤ ਚੰਦੀ ਨਵਾਂ ਇਤਿਹਾਸ ਸਥਾਪਤ ਕਰਨ ਲਈ ਤਿਆਰ

75 ਦਿਨਾਂ ’ਵਿਚ ਕਰੇਗੀ ਅੰਟਾਰਕਟਿਕਾ ਦੀ 1100 ਮੀਲ ਯਾਤਰਾ                                       

ਅੰਮ੍ਰਿਤਸਰ ਟਾਈਮਜ਼

ਲੰਡਨ: 'ਪੋਲਰ ਪ੍ਰੀਤ' ਦੇ ਨਾਂ ਨਾਲ ਮਸ਼ਹੂਰ ਬਰਤਾਨਵੀ ਫ਼ੌਜ ਦੀ ਸਿੱਖ ਅਫ਼ਸਰ ਕੈਪਟਨ ਪ੍ਰੀਤ ਚੰਦੀ ਸਾਊਥ ਪੋਲ ਇਕੱਲੀ ਯਾਤਰਾ ਕਰ ਕੇ ਇਤਿਹਾਸ ਸਿਰਜਣ ਤੋਂ ਬਾਅਦ ਹੁਣ ਇਕ ਨਵਾਂ ਕੀਰਤੀਮਾਨ ਸਥਾਪਤ ਕਰਨ ਲਈ ਤਿਆਰ ਹੈ। ਉਹ ਹੁਣ ਅੰਟਾਰਕਟਿਕਾ ਦੀ ਯਾਤਰਾ ਕਰੇਗੀ। ਪ੍ਰੀਤ ਬਿਨਾ ਕਿਸੇ ਦੇ ਸਾਥ ਅਤੇ ਮਦਦ ਤੋਂ ਮਨਫ਼ੀ 50 ਡਿਗਰੀ ਸੈਲਸੀਅਸ ਤਾਪਮਾਨ ਵਿਚਾਲੇ 1,100 ਮੀਲ ਤੋਂ ਵੱਧ ਟਰੈਕਿੰਗ ਕਰ ਕੇ ਆਪਣੀ ਯਾਤਰਾ ਮੁਕੰਮਲ ਕਰੇਗੀ। ਵਿਸ਼ੇਸ਼ ਗੱਲ ਇਹ ਹੈ ਕਿ ਜੇਕਰ ਉਹ ਸਫ਼ਲ ਹੁੰਦੀ ਹੈ ਤਾਂ ਅਜਿਹਾ ਕਰਨ ਵਾਲੀ ਉਹ ਪਹਿਲੀ ਬੀਬੀ ਹੋਵੇਗੀ।

ਇਸ ਦੀ ਜਾਣਕਾਰੀ ਬਰਤਾਨਵੀ ਫ਼ੌਜ ਵੱਲੋਂ ਆਪਣੀ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਗਈ ਹੈ। ਮਨਫ਼ੀ 50 ਡਿਗਰੀ ਤਾਪਮਾਨ ਦੇ ਨਾਲ-ਨਾਲ ਪ੍ਰੀਤ ਚੰਦੀ ਲਈ ਇਕ ਹੋਰ ਵੱਡੀ ਚੁਣੌਤੀ ਹੋਵੇਗਾ ਉਸ ਦਾ 120 ਕਿੱਲੋ ਵਜ਼ਨੀ ਕਿੱਟ ਅਤੇ ਹੋਰ ਲੋੜਿੰਦਾ ਸਾਮਾਨ। 33 ਸਾਲਾ ਪ੍ਰੀਤ ਲਈ ਇਹ ਵਜ਼ਨ ਚੁੱਕ ਕੇ ਲੰਬਾ ਸਫ਼ਰ ਤੈਅ ਕਰਨਾ ਚੁਣੌਤੀਪੂਰਨ ਹੋਵੇਗਾ। ਹਾਲਾਂਕਿ ਪ੍ਰੀਤ ਜਨਵਰੀ ਵਿਚ ਸਾਊਥ ਪੋਲ ਦੀ ਯਾਤਰਾ ਕਰ ਕੇ ਇਤਿਹਾਸ ਸਿਰਜ ਚੁੱਕੀ ਹੈ। ਉਹ ਉੱਥੇ ਇਕੱਲੀ ਅਤੇ ਬਿਨਾ ਕਿਸੇ ਸਹਾਇਤਾ ਦੇ ਪੁੱਜਣ ਵਾਲੀ ਪਹਿਲੀ ਗੈਰ-ਗੋਰੀ ਔਰਤ ਸੀ। ਉਸ ਨੇ ਇਹ ਯਾਤਰਾ 40 ਦਿਨਾ ਵਿਚ ਪੂਰੀ ਕੀਤੀ ਸੀ।

ਕੈਪਟਨ ਪ੍ਰੀਤ ਚੰਦੀ ਦਾ ਕਹਿਣਾ ਹੈ ਕਿ 700 ਮੀਲ ਦੀ ਯਾਤਰਾ ਕਰਨ ਤੋਂ ਬਾਅਦ ਉਸ ਨੂੰ ਭਰੋਸਾ ਹੈ ਕਿ ਉਹ 1100 ਮੀਲ ਦੀ ਇਹ ਯਾਤਰਾ ਵੀ ਜ਼ਰੂਰ ਪੂਰੀ ਕਰ ਲਵੇਗੀ। ਉਸ ਦਾ ਕਹਿਣਾ ਹੈ ਕਿ ਉਹ ਸ਼ੁਰੂਆਤ ਵਿਚ ਆਪਣੀ ਰਫ਼ਤਾਰ ਘੱਟ ਰੱਖੇਗੀ ਕਿਉਂਕਿ ਉਸ ਦੀ ਕਿੱਟ ਆਦਿ ਦਾ ਭਾਰ ਸ਼ੁਰੂਆਤ ਵਿਚ ਜ਼ਿਆਦਾ ਰਹੇਗਾ। ਪ੍ਰੀਤ ਚੰਦੀ ਲਈ ਨਿਰਧਾਰਿਤ ਸਮੇਂ ਸਿਰ ਵਾਪਸ ਆਉਣਾ ਵੀ ਜ਼ਰੂਰੀ ਹੋਵੇਗਾ ਤਾਂ ਜੋ ਉਹ ਇਤਿਹਾਸ ਵਿਚ ਆਪਣਾ ਨਾਮ ਦਰਜ ਕਰਵਾ ਸਕੇ।