ਕੋਰੋਨਾ ਦੀ ਸੰਭਾਵਤ ਦਵਾਈ ਭਾਰਤ ਤੋਂ ਅਮਰੀਕਾ ਭੇਜਣ ਦਾ ਮਾਮਲਾ ਉਲਝਿਆ: ਟਰੰਪ ਦੀ ਮੋਦੀ ਨੂੰ ਧਮਕੀ

ਕੋਰੋਨਾ ਦੀ ਸੰਭਾਵਤ ਦਵਾਈ ਭਾਰਤ ਤੋਂ ਅਮਰੀਕਾ ਭੇਜਣ ਦਾ ਮਾਮਲਾ ਉਲਝਿਆ: ਟਰੰਪ ਦੀ ਮੋਦੀ ਨੂੰ ਧਮਕੀ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਧਮਕੀ ਭਰੇ ਲਹਿਜ਼ੇ 'ਚ ਕਿਹਾ ਹੈ ਕਿ ਜੇ ਉਹਨਾਂ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੀਤੀ ਨਿਜੀ ਬੇਨਤੀ ਮਗਰੋਂ ਵੀ ਭਾਰਤ ਅਮਰੀਕਾ ਨੂੰ ਮਲੇਰੀਆ ਵਿਰੋਧੀ ਦਵਾਈ ਹਾਈਡਰੋਕਸੀਕਲੋਰੋਕੁਈਨ ਨਹੀਂ ਭੇਜਦਾ ਤਾਂ ਅਮਰੀਕਾ ਇਸ ਦਾ ਸਖਤ ਜਵਾਬ ਦਵੇਗਾ।

ਇਕ ਪੱਤਰਕਾਰ ਵੱਲੋਂ ਸਵਾਲ ਪੁੱਛਣ 'ਤੇ ਜਵਾਬ ਵਿਚ ਟਰੰਪ ਨੇ ਕਿਹਾ ਕਿ ਉਹਨਾਂ ਦੇ ਨਵੀਂ ਦਿੱਲੀ ਨਾਲ ਵਧੀਆ ਸਬੰਧ ਹਨ ਤੇ ਪਿਛਲੇ ਲੰਬੇ ਸਮੇਂ ਤੋਂ ਭਾਰਤ ਨੇ ਵਪਾਰ ਵਿਚ ਅਮਰੀਕਾ ਕੋਲੋਂ ਬਹੁਤ ਲਾਹਾ ਵੀ ਖੱਟਿਆ ਹੈ ਤੇ ਜੇ ਹੁਣ ਭਾਰਤ ਇਹ ਦਵਾਈ ਨਹੀਂ ਭੇਜੇਗਾ ਤਾਂ ਇਸਦਾ ਜਵਾਬ ਦਿੱਤਾ ਜਾਵੇਗਾ। 

ਟਰੰਪ ਨੇ ਕਿਹਾ, "ਹਾਂ, ਮੈਨੂੰ ਹੈਰਾਨੀ ਹੋਵੇਗੀ ਜੇ ਉਹਨਾਂ ਦਾ ਇਹ ਫੈਂਸਲਾ ਹੋਇਆ। ਉਹਨਾਂ ਨੂੰ ਮੈਨੂੰ ਇਹ ਦਸਣਾ ਚਾਹੀਦਾ ਹੈ। ਮੈਂ ਉਹਨਾਂ ਨਾਲ ਐਤਵਾਰ ਸਵੇਰੇ ਗੱਲ ਕੀਤੀ ਸੀ, ਫੋਨ ਕੀਤਾ ਤੇ ਮੈਂ ਕਿਹਾ ਕਿ ਸਾਡੀ ਸਪਲਾਈ ਕੱਢਣ ਦੀ ਪ੍ਰਵਾਨਗੀ ਦੇਣ ਦੇ ਫੈਂਸਲੇ ਦੀ ਮੈਂ ਤਰੀਫ ਕਰਦਾ ਹਾਂ। ਜੇ ਉਹ ਇਹ ਨਹੀਂ ਆਉਣ ਦੇਣਗੇ, ਤਾਂ ਵੀ ਕੋਈ ਗੱਲ ਨਹੀਂ, ਪਰ ਇਹ ਤੈਅ ਹੈ ਕਿ ਇਸਦਾ ਜਵਾਬ ਦਿੱਤਾ ਜਾਵੇਗਾ। ਦਿੱਤਾ ਵੀ ਕਿਉਂ ਨਾ ਜਾਵੇ?"

ਜ਼ਿਕਰਯੋਗ ਹੈ ਕਿ ਇਸ ਦਵਾਈ ਨੂੰ ਕੋਰੋਨਾਵਾਇਰਸ ਦਾ ਇਕ ਇਲਾਜ ਮੰਨਿਆ ਜਾ ਰਿਹਾ ਹੈ ਜਦਕਿ ਇਸ ਦੀ ਫਿਲਹਾਲ ਕੋਈ ਪੱਕੀ ਪੁਸ਼ਟੀ ਨਹੀਂ ਹੋਈ ਹੈ। ਅਮਰੀਕਾ ਵਿਚ ਕੋਰੋਨਾਵਾਇਰਸ ਦੇ ਇਲਾਜ ਲਈ ਇਸ ਦਵਾਈ ਦੀ ਵਰਤੋਂ 'ਤੇ ਸਰਕਾਰ ਅੰਦਰ ਹੀ ਦੋ ਧਿਰਾਂ ਬਣ ਗਈਆਂ ਹਨ ਤੇ ਤਿੱਖੀ ਬਹਿਸ ਹੋ ਰਹੀ ਹੈ। ਪਰ ਟਰੰਪ ਵਾਰ ਵਾਰ ਇਸ ਦਵਾਈ ਦੀ ਵਰਤੋਂ ਸਬੰਧੀ ਬਿਆਨ ਦੇ ਚੁੱਕੇ ਹਨ। ਭਾਰਤ ਵਿਚ ਵੀ ਕੋਰੋਨਾਵਾਇਰਸ ਮਰੀਜ਼ਾਂ ਨੂੰ ਇਹ ਦਵਾਈ ਦੇਣ ਲਈ ਕਹਿ ਦਿੱਤਾ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।