ਉੱਤਰ ਕੋਰੀਆ ਦੀ ਧਰਤੀ 'ਤੇ ਪੈਰ ਰੱਖਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਟਰੰਪ; ਕਿਮ ਜੋਂਗ-ਉਨ ਨਾਲ ਕੀਤੀ ਮੁਲਾਕਾਤ

ਉੱਤਰ ਕੋਰੀਆ ਦੀ ਧਰਤੀ 'ਤੇ ਪੈਰ ਰੱਖਣ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣੇ ਟਰੰਪ; ਕਿਮ ਜੋਂਗ-ਉਨ ਨਾਲ ਕੀਤੀ ਮੁਲਾਕਾਤ
ਮੁਲਾਕਾਤ ਦੌਰਾਨ ਟਰੰਪ ਅਤੇ ਕਿਮ

ਚੰਡੀਗੜ੍ਹ: ਚੀਨੀ ਰਾਸ਼ਟਰਪਤੀ ਨਾਲ ਜਪਾਨ ਵਿੱਚ ਵਾਪਰਕ ਸੰਧੀ ਵੱਲ ਹੱਥ ਵਧਾਉਣ ਦੇ ਇਸ਼ਾਰੇ ਦੇਣ ਮਗਰੋਂ ਅਮਰੀਕੀ ਰਾਸ਼ਟਰਪਤੀ ਨੇ ਏਸ਼ੀਆ ਵਿੱਚ ਅਮਰੀਕਾ ਲਈ ਦੂਜੀ ਵੱਡੀ ਚੁਣੌਤੀ ਮੰਨੇ ਜਾਂਦੇ ਮੁਲਕ ਉੱਤਰੀ ਕੋਰੀਆ ਦੇ ਮੁੱਖ ਆਗੂ ਕਿਮ ਜੋਂਗ-ਉਨ ਨਾਲ ਅਚਨਚੇਤ ਮੁਲਾਕਾਤ ਕਰਕੇ ਵਿਸ਼ਵ ਰਾਜਨੀਤੀ ਵਿੱਚ ਨਵੀਂ ਗੱਲਬਾਤ ਛੇੜ ਦਿੱਤੀ ਹੈ। ਅੱਜ ਦੀ ਇਹ ਗੱਲਬਾਤ ਇੱਕ ਹੋਰ ਪੱਖ ਤੋਂ ਇਤਿਹਾਸਕ ਬਣ ਗਈ ਕਿਉਂਕਿ ਡੋਲਾਨਡ ਟਰੰਪ ਬਤੌਰ ਰਾਸ਼ਟਰਪਤੀ ਅਮਰੀਕਾ ਪਹਿਲੇ ਵਿਅਕਤੀ ਬਣ ਗਏ ਜਿਹਨਾਂ ਉੱਤਰ ਕੋਰੀਆ ਦੀ ਧਰਤੀ 'ਤੇ ਪੈਰ ਰੱਖਿਆ। 

ਕਈ ਸਾਲ ਤੋਂ ਲੜ ਰਹੇ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਦਰਮਿਆਨ ਫੌਜ ਰਹਿਤ ਖੇਤਰ ਵਿੱਚ ਦੱਖਣੀ ਕੋਰੀਆ ਦੀ ਸਰਹੱਦ ਟੱਪਦਿਆਂ ਟਰੰਪ ਸਥਾਨਕ ਸਮੇਂ ਮੁਤਾਬਿਕ ਦੁਪਹਿਰ ਦੇ 03:46 'ਤੇ ਉੱਤਰ ਕੋਰੀਆ ਦੇ ਖੇਤਰ ਵਿੱਚ ਦਾਖਲ ਹੋਏ। ਟਰੰਪ ਸਰਹੱਦ ਤੋਂ ਕੁੱਝ ਅੰਦਰ ਤੱਕ ਕਿਮ ਜੋਂਗ-ਉਨ ਨਾਲ ਗਏ ਤੇ ਤਸਵੀਰਾਂ ਖਿਚਵਾਈਆਂ।

ਇਸ ਮੌਕੇ ਟਰੰਪ ਦੀ ਇਸ ਫੇਰੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਕਿਮ ਨੇ ਦੋਭਾਸ਼ੀਏ ਰਾਹੀਂ ਟਰੰਪ ਨੂੰ ਕਿਹਾ ਕਿ ਉਹਨਾਂ ਨੂੰ ਦੁਬਾਰਾ ਉੱਤਰੀ ਕੋਰੀਆ ਵਿੱਚ ਆਇਆ ਦੇਖ ਕੇ ਉਹਨਾਂ ਨੂੰ ਖੁਸ਼ੀ ਹੋਵੇਗੀ। ਉਹਨਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ, "ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਤੁਹਾਨੂੰ ਇਸ ਥਾਂ ਮਿਲਾਂਗਾ।"

ਟਰੰਪ ਨੇ ਆਪਣੇ ਹੀ ਜਾਣੇ-ਪਛਾਣੇ ਲਹਿਜੇ ਵਿੱਚ ਕਿਮ ਨੂੰ ਜਵਾਨ ਦਿੰਦਿਆਂ ਕਿਹਾ, "ਬਿੱਗ ਮੋਮੈਂਟ, ਬਿੱਗ ਮੋਮੈਂਟ (ਇਹ ਬਹੁੱਤ ਵੱਡੀ ਘੜੀ ਹੈ)"।


(ਵੀਡੀਓ ਧੰਨਵਾਦ ਸਹਿਤ "ਨਿਊ ਯਾਰਕ ਟਾਈਮਜ਼" ਤੋਂ ਲਈ ਗਈ ਹੈ)

ਲਗਭਗ ਇੱਕ ਮਿੰਟ ਤੱਕ ਉੱਥੇ ਰੁਕਣ ਮਗਰੋਂ ਟਰੰਪ ਕਿਮ ਸਮੇਤ ਦੱਖਣੀ ਕੋਰੀਆ ਦੇ ਖੇਤਰ ਵਿੱਚ ਵਾਪਿਸ ਪਰਤ ਆਏ ਜਿੱਥੇ ਇੱਕ ਬੰਦ ਕਮਰੇ ਵਿੱਚ ਲੰਬੀ ਗੱਲਬਾਤ ਤੋਂ ਪਹਿਲਾਂ ਦੋਵਾਂ ਆਗੂਆਂ ਨੇ ਪੱਤਰਕਾਰਾਂ ਨੂੰ ਵੀ ਸੰਬੋਧਨ ਕੀਤਾ। ਇਸ ਬੰਦ ਕਮਰਾ ਗੱਲਬਾਤ ਵਿੱਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਵੀ ਸ਼ਾਮਿਲ ਸਨ। ਟਰੰਪ ਨੇ ਦੱਸਿਆ ਕਿ ਉਹਨਾਂ ਕਿਮ ਨੂੰ ਵਾਈਟ ਹਾਊਸ ਆਉਣ ਦਾ ਸੱਦਾ ਦਿੱਤਾ ਹੈ। 

ਦੋਵਾਂ ਆਗੂਆਂ ਨੇ ਇਸ ਮੁਲਾਕਾਤ 'ਤੇ ਖੁਸ਼ੀ ਪ੍ਰਗਟ ਕਰਦਿਆਂ ਬਿਆਨ ਦਿੱਤੇ ਕਿ ਇੱਕ ਚੰਗੇ ਭਵਿੱਖ ਲਈ ਇਸ ਦੋਸਤੀ ਨੂੰ ਹੋਰ ਮਜ਼ਬੂਤ ਕਰਨਗੇ। 

ਦੱਸ ਦਈਏ ਕਿ ਜਪਾਨ ਵਿੱਚ ਜੀ-20 ਸਮਿੱਟ ਤੋਂ ਬਾਅਦ ਦੱਖਣੀ ਕੋਰੀਆ ਪਹੁੰਚੇ ਟਰੰਪ ਨੇ ਟਵਿੱਟਰ ਰਾਹੀਂ ਕਿਮ ਨੂੰ ਮਿਲਣ ਦਾ ਸੱਦਾ ਦਿੱਤਾ ਸੀ ਜਿਸਨੂੰ ਕਿਮ ਨੇ ਪ੍ਰਵਾਨ ਕੀਤਾ ਸੀ। ਜਿਸ ਥਾਂ 'ਤੇ ਇਹ ਮੁਲਾਕਾਤ ਹੋਈ ਉਸ ਥਾਂ ਵੱਡੀ ਗਿਣਤੀ ਵਿੱਚ ਉੱਤਰ ਕੋਰੀਆ ਅਤੇ ਦੱਖਣ ਕੋਰੀਆਂ ਦੀਆਂ ਫੌਜਾਂ ਦੀ ਤੈਨਾਤੀ ਹੈ 'ਤੇ ਪਿਛਲੇ 66 ਸਾਲਾਂ ਤੋਂ ਲਗਾਤਾਰ ਉੱਥੇ ਦੋਵਾਂ ਫੌਜਾਂ ਦਰਮਿਆਨ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ। 

ਦੋਵਾਂ ਆਗੂਆਂ ਨੇ ਗੱਲਬਾਤ ਵਿੱਚ ਆਈ ਖੜੌਤ ਨੂੰ ਤੋੜਨ ਦਾ ਫੈਂਸਲਾ ਕੀਤਾ ਹੈ ਤੇ ਅਗਲੇ ਕੁੱਝ ਹਫਤਿਆਂ ਵਿੱਚ ਇਹ ਰੁੱਕੀ ਗੱਲਬਾਤ ਫੇਰ ਸ਼ੁਰੂ ਹੋਣ ਦੀ ਆਸ ਪ੍ਰਗਟ ਕੀਤੀ ਹੈ। 

ਦੱਸ ਦਈਏ ਕਿ ਅਮਰੀਕਾ ਉੱਤਰੀ ਕੋਰੀਆਂ ਦੇ ਪਰਮਾਣੂ ਪਰੋਗਰਾਮ 'ਤੇ ਰੋਕ ਲਾਉਣੀ ਚਾਹੁੰਦਾ ਹੈ ਜਿਸ ਲਈ ਉਸ ਨੇ ਉੱਤਰ ਕੋਰੀਆ 'ਤੇ ਕਈ ਪਾਬੰਦੀਆਂ ਲਾਈਆਂ ਹਨ। ਦੱਖਣ ਕੋਰੀਆ ਅਮਰੀਕਾ ਦਾ ਭਾਈਵਾਲ ਹੈ ਤੇ ਉੱਤਰ ਕੋਰੀਆ ਨਾਲ ਉਸਦਾ ਲੰਬੇ ਸਮੇਂ ਤੋਂ ਟਕਰਾਅ ਚੱਲ ਰਿਹਾ ਹੈ। ਦੱਖਣ ਕੋਰੀਆ ਕੋਰੀਅਨ ਖੇਤਰ ਵਿੱਚ ਅਮਰੀਕਾ ਦਾ ਵੱਡਾ ਫੌਜੀ ਟਿਕਾਣਾ ਵੀ ਹੈ। ਉੱਤਰ ਕੋਰੀਆ ਅਤੇ ਅਮਰੀਕਾ ਦੀ ਇਹ ਗੱਲਬਾਤ ਭਵਿੱਖ ਵਿੱਚ ਕਿਸੇ ਸੰਧੀ ਤੱਕ ਪਹੁੰਚਦੀ ਹੈ ਜਾ ਨਹੀਂ ਇਹ ਤਾਂ ਸਮੇਂ ਦੇ ਵਸ ਹੈ ਪਰ ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਚੀਨ ਅਤੇ ਉੱਤਰ ਕੋਰੀਆ ਨਾਲ ਕੂਟਨੀਤਕ ਪੱਧਰ 'ਤੇ ਮਿਲਾਏ ਜਾ ਰਹੇ ਹੱਥਾਂ ਵੱਲ ਸਾਰੀ ਦੁਨੀਆ ਦੇ ਰਾਜਨੀਤਕ ਮਾਹਿਰਾਂ ਦੀਆਂ ਅੱਖਾਂ ਲੱਗੀਆਂ ਹੋਈਆਂ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ