ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਨੂੰ ਦੱਸਿਆ ਕੈਨੇਡਾ ਦੇ ਇਤਿਹਾਸ ਦਾ 'ਕਾਲਾ ਅਧਿਆਏ'

ਟਰੂਡੋ ਨੇ ਕਾਮਾਗਾਟਾਮਾਰੂ ਘਟਨਾ ਨੂੰ ਦੱਸਿਆ ਕੈਨੇਡਾ ਦੇ ਇਤਿਹਾਸ ਦਾ 'ਕਾਲਾ ਅਧਿਆਏ'

*ਜਹਾਜ਼ ਵਿੱਚ ਸਵਾਰ ਲੋਕਾਂ ਨਾਲ ਹੋਇਆ ਨਿੰਦਣਯੋਗ ਵਿਵਹਾਰ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਦਿਨੀਂ ਕਾਮਾਗਾਟਾਮਾਰੂ ਦੀ ਦੁਖਦਾਈ ਘਟਨਾ ਨੂੰ ਦੇਸ਼ ਦੇ ਇਤਿਹਾਸ ਦਾ ਇੱਕ “ਕਾਲਾ ਅਧਿਆਏ” ਕਰਾਰ ਦਿੱਤਾ ਅਤੇ ਕੈਨੇਡੀਅਨਾਂ ਨੂੰ ਕਿਹਾ ਕਿ ਉਹ ਸਾਰਿਆਂ ਲਈ ਇੱਕ ਬਿਹਤਰ, ਨਿਰਪੱਖ ਅਤੇ ਵਧੇਰੇ ਸਮਾਵੇਸ਼ੀ ਦੇਸ਼ ਬਣਾਉਣ ਲਈ ਮਿਲ ਕੇ ਕੰਮ ਕਰਨ।” ਟਰੂਡੋ ਨੇ ਇਕ ਬਿਆਨ ਵਿਚ ਕਿਹਾ,''ਇੱਕ ਸੌ ਦਸ ਸਾਲ ਪਹਿਲਾਂ ਸਟੀਮਸ਼ਿਪ ਕਾਮਾਗਾਟਾ ਮਾਰੂ ਪ੍ਰਸ਼ਾਂਤ ਮਹਾਸਾਗਰ ਦੀ ਲੰਮੀ ਯਾਤਰਾ ਤੋਂ ਬਾਅਦ ਵੈਨਕੂਵਰ ਦੀ ਬੰਦਰਗਾਹ 'ਤੇ ਪਹੁੰਚਿਆ ਸੀ, ਜਿਸ 'ਤੇ ਸਵਾਰ 376 ਲੋਕ - ਪੰਜਾਬੀ ਮੂਲ ਦੇ ਸਿੱਖ, ਮੁਸਲਮਾਨ ਅਤੇ ਹਿੰਦੂ - ਕੈਨੇਡਾ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਤਿਆਰ ਸਨ ਪਰ ਨਵੇਂ ਆਉਣ ਵਾਲਿਆਂ ਨੂੰ ਕੈਨੇਡਾ ਨੇ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਟਰੂਡੋ ਨੇ ਕਿਹਾ ਕਿ ਜਾਪਾਨੀ ਸਟੀਮਸ਼ਿਪ ਕਾਮਾਗਾਟਾਮਾਰੂ ਦੇ ਯਾਤਰੀਆਂ ਨੂੰ 1914 ਵਿੱਚ ਭੋਜਨ, ਪਾਣੀ ਜਾਂ ਮੈਡੀਕਲ ਦੇਖਭਾਲ ਦੇ ਬਿਨਾਂ ਦੋ ਮਹੀਨਿਆਂ ਤੱਕ ਹਿਰਾਸਤ ਵਿਚ ਰੱਖਿਆ ਗਿਆ ਸੀ। ਫਿਰ ਅਖੀਰ ਵਿਚ ਕਾਮਾਗਾਟਾ ਮਾਰੂ ਨੂੰ ਭਾਰਤ ਵਾਪਸ ਜਾਣ ਲਈ ਮਜ਼ਬੂਰ ਹੋਣਾ ਪਿਆ।ਹਾਂਗਕਾਂਗ ਤੋਂ ਵੈਨਕੂਵਰ ਤੱਕ ਅਤੇ ਵਾਪਸੀ ਉੱਤੇ 29 ਸਤੰਬਰ 1914 ਨੂੰ ਕੋਲਕਾਤਾ ਦੇ ਬਜਬਜ ਘਾਟ ਉੱਤੇ ਵਾਪਸ ਪਰਤਦੇ ਜਹਾਜ਼ ਦੇ ਯਾਤਰੀਆਂ ਨੂੰ ਜ਼ਬਰੀ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਵਿਰੋਧ ਹੋਣ ਉੱਤੇ ਗੋਲੀਬਾਰੀ ਕਰ ਦਿੱਤੀ ਗਈ।ਜਿਸ ਵਿੱਚ 20 ਜਣਿਆਂ ਦੀ ਮੌਤ ਹੋਈ ਅਤੇ ਵੱਡੀ ਗਿਣਤੀ ਯਾਤਰੀ ਜਖ਼ਮੀ ਹੋਏ। ਇਸ ਤੋਂ ਬਾਅਦ ਵੀ ਕਈ ਸਾਲ ਤੱਕ ਇਸ ਨਾਲ ਜੁੜੇ ਲੋਕਾਂ ਨੂੰ ਤਸੀਹੇ ਅਤੇ ਜੇਲ੍ਹਾਂ ਕੱਟਣੀਆਂ ਪਈਆਂ। ਟਰੂਡੋ ਨੇ ਕਿਹਾ."ਇਹ ਦੁਖਦਾਈ ਘਟਨਾ ਸਾਡੇ ਦੇਸ਼ ਦੇ ਇਤਿਹਾਸ ਵਿੱਚ ਇੱਕ ਕਾਲਾ ਅਧਿਆਏ ਹੈ। ਅੱਠ ਸਾਲ ਪਹਿਲਾਂ ਕਾਮਾਗਾਟਾਮਾਰੂ ਦੇ ਯਾਤਰੀਆਂ ਨਾਲ ਜੋ ਹੋਇਆ ਉਸ ਲਈ ਕੈਨੇਡਾ ਦੀ ਸਰਕਾਰ ਤਰਫੋਂ ਮੁਆਫ਼ੀ ਮੰਗੀ ਗਈ ਸੀ।'' 

 

ਉਸ ਨੇ ਕਿਹਾ ਕਿ ਜਹਾਜ਼ ਵਿੱਚ ਸਵਾਰ ਲੋਕਾਂ ਨਾਲ ਨਿੰਦਣਯੋਗ ਵਿਵਹਾਰ ਉਸ ਸਮੇਂ ਦੇ ਕੈਨੇਡਾ ਦੇ ਨਸਲਵਾਦੀ ਅਤੇ ਪੱਖਪਾਤੀ ਕਾਨੂੰਨਾਂ ਨੂੰ ਦਰਸਾਉਂਦਾ ਹੈ ਅਤੇ "ਸਾਨੂੰ ਇਸ ਘਟਨਾ ਨੂੰ ਕਦੇ ਵੀ ਦੁਹਰਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ"। ਟਰੂਡੋ ਨੇ ਕਿਹਾ,''ਇਸ ਘਟਨਾ ਦੇ ਯਾਦਗਾਰ ਦੁਖਦਾਈ ਦਿਨ ਕੈਨੇਡੀਅਨ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਸਾਰਿਆਂ ਨਾਲ ਸਨਮਾਨ ਨਾਲ ਪੇਸ਼ ਆਉਣ ਦੀ ਮਹੱਤਤਾ 'ਤੇ ਵਿਚਾਰ ਕਰਨਾ ਚਾਹੀਦਾ ਹੈ। ਇਸ ਦੁਖਾਂਤ ਤੋਂ ਬਾਅਦ ਦੇ ਸਾਲਾਂ ਵਿੱਚ ਇੱਕ ਦੇਸ਼ ਦੇ ਰੂਪ ਵਿੱਚ ਅਸੀਂ ਸਾਰੇ ਪਿਛੋਕੜ ਵਾਲੇ ਲੋਕਾਂ ਲਈ ਇੱਕ ਹੋਰ ਸਮਾਵੇਸ਼ੀ, ਸੁਆਗਤ ਕਰਨ ਵਾਲੇ ਸਮਾਜ ਦੀ ਸਿਰਜਣਾ ਵੱਲ ਇੱਕ ਕਦਮ ਚੁੱਕਿਆ ਹੈ। ਅਤੇ ਸਾਡੀ ਨਸਲਵਾਦ ਵਿਰੋਧੀ ਰਣਨੀਤੀ ਵਰਗੀਆਂ ਪਹਿਲਕਦਮੀਆਂ ਰਾਹੀਂ ਅਸੀਂ ਰੁਕਾਵਟਾਂ ਨੂੰ ਦੂਰ ਕਰ ਰਹੇ ਹਾਂ ਤਾਂ ਜੋ ਕੈਨੇਡਾ ਵਿੱਚ ਹਰ ਕੋਈ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕੇ।” 

ਉਸ ਨੇ ਕਿਹਾ,“ਅੱਜ, ਅਸੀਂ ਕਾਮਾਗਾਟਾਮਾਰੂ ਕਾਂਡ ਵਿੱਚ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹਾਂ ਅਤੇ ਉਨ੍ਹਾਂ ਦਾ ਸਨਮਾਨ ਕਰਦੇ ਹਾਂ। ਜਿਵੇਂ ਕਿ ਅਸੀਂ ਪੀੜਤਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਮੈਂ ਸਾਰੇ ਕੈਨੇਡੀਅਨਾਂ ਨੂੰ ਉਹਨਾਂ ਅਨਮੋਲ ਯੋਗਦਾਨਾਂ ਬਾਰੇ ਹੋਰ ਜਾਣਨ ਲਈ ਉਤਸ਼ਾਹਿਤ ਕਰਦਾ ਹਾਂ ਜੋ ਦੱਖਣੀ ਏਸ਼ੀਆਈ ਭਾਈਚਾਰੇ ਦੇ ਮੈਂਬਰਾਂ ਨੇ ਕੈਨੇਡਾ ਲਈ ਕੀਤੇ ਹਨ ਅਤੇ ਕਰਦੇ ਰਹਿਣਗੇ। ”

ਕੀ ਕਹਿੰਦੇ ਹਨ ਇਤਿਹਾਸਕਾਰ

ਡਾ. ਪੂਰਨ ਸਿੰਘ ਗਿੱਲ  ਕੈਨੇਡਾ ਦੱਸਦੇ ਹਨ ਕਿ ਇਸ ਤੋਂ ਬਾਅਦ ਇਸ ਜਹਾਜ਼ ਦੇ ਸੰਚਾਲਕ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੂੰ 7 ਸਾਲ ਰੂਪੋਸ਼ ਰਹਿਣਾ ਪਿਆ ਤੇ ਫਿਰ ਪੰਜ ਸਾਲ ਜੇਲ੍ਹ ਜਾਣਾ ਪਿਆ।"

ਜਦੋਂ ਬਾਬਾ ਗੁਰਦਿੱਤ ਸਿੰਘ ਨੇ ਕੀਤਾ ਖ਼ੁਦ ਨੂੰ ਪੁਲਿਸ ਹਵਾਲੇ

ਡਾ. ਗਿੱਲ ਦੱਸਦੇ ਹਨ, "ਪੁਲਿਸ ਇਸ ਜਹਾਜ਼ ਵਿੱਚ ਵਾਪਸ ਆਏ ਮੁਸਾਫ਼ਰਾਂ ਦਾ ਗ਼ਦਰ ਪਾਰਟੀ ਨਾਲ ਸਬੰਧ ਜੋੜਦੀ ਸੀ। ਇਹ ਸੱਚ ਹੈ ਕਿ ਇਹ ਸਾਰੀ ਬੇਇਨਸਾਫ਼ੀ ਦੇਖ ਕੇ ਬਾਬਾ ਗੁਰਦਿੱਤ ਸਿੰਘ ਦਾ ਗ਼ਦਰ ਪਾਰਟੀ ਵੱਲ ਝੁਕਾਅ ਹੋਇਆ ਸੀ।"

ਕੌਣ ਸਨ ਗੁਰਦਿੱਤ ਸਿੰਘ ਸਰਹਾਲੀ

 4 ਅਪ੍ਰੈਲ 1914 ਤੋਂ 29 ਸਤੰਬਰ 1914 ਤੱਕ ਦਾ ਪੂਰਾ ਘਟਨਾਕ੍ਰਮ ਜੋ ਕਾਮਾਗਾਟਾ ਮਾਰੂ ਜਹਾਜ਼ ਦੁਆਲੇ ਘੁੰਮਦਾ ਹੈ, ਉਸ ਦੇ ਮੁੱਖ ਧੁਰਾ ਗੁਰਦਿੱਤ ਸਿੰਘ ਸਰਹਾਲੀ ਸਨ।ਉਨ੍ਹਾਂ ਦਾ ਜਨਮ 1859 ਵਿੱਚ ਤਰਨਤਾਰਨ ਦੇ ਸਰਹਾਲੀ ਪਿੰਡ ਵਿੱਚ ਹੋਇਆ, ਇਸੇ ਲਈ ਉਨ੍ਹਾਂ ਦੇ ਨਾਂ ਨਾਲ ਸਰਹਾਲੀ ਸ਼ਬਦ ਜੁੜ ਗਿਆ।ਉਨ੍ਹਾਂ ਦੇ ਪਿਤਾ ਹੁਕਮ ਸਿੰਘ ਮਲਾਇਆ ਵਿੱਚ ਬਰਤਾਨਵੀਂ ਫੌਜ ਵਿੱਚ ਨੌਕਰੀ ਕਰਦੇ ਹਨ। ਜਦਕਿ ਉਨ੍ਹਾਂ ਦੇ ਦਾਦਾ ਨੇ ਵੀ ਅੰਗਰੇਜ਼ਾਂ ਦੀ ਸਿੱਖ ਰੈਜਮੈਂਟ ਵਿੱਚ ਵੀ ਨੌਕਰੀ ਕੀਤੀ ਸੀ।ਗੁਰਦਿੱਤ ਸਿੰਘ ਦੇ ਚਾਚਾ ਅਜੀਤ ਸਿੰਘ ਹਾਂਗਕਾਂਗ ਦੀ ਲੜਾਈ 'ਚ ਮਾਰੇ ਗਏ ਸਨ।

ਉਹ ਰਸਮੀ ਸਕੂਲ ਨਹੀਂ ਗਏ ਸਨ, ਉਨ੍ਹਾਂ ਘਰ ਵਿੱਚ ਹੀ ਗੁਰਮੁਖੀ ਪੜ੍ਹਨੀ ਤੇ ਲਿਖਣੀ ਸਿੱਖੀ। ਉਹ ਆਪਣੀ ਪਤਨੀ ਗੁਲਾਬ ਕੌਰ ਨਾਲ ਕਾਰੋਬਾਰ ਲਈ ਹਾਂਗਕਾਂਗ ਚਲੇ ਗਏ ਸਨ।ਭਾਵੇਂ ਉਨ੍ਹਾਂ ਦਾ ਜਨਮ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ ਸੀ ਪਰ ਉਹ ਮਲਾਇਆ, ਸਿੰਘਾਪੁਰ ਅਤੇ ਹਾਂਗਕਾਂਗ ਇਲ਼ਾਕੇ ਦੇ ਕਾਰੋਬਾਰੀ ਬਣ ਗਏ ਸਨ।ਉਨ੍ਹਾਂ ਨੂੰ ਕਿਸੇ ਕਾਨੂੰਨੀ ਪੈਰਵੀ ਦੇ ਸਿਲਸਿਲੇ ਵਿੱਚ ਹਾਂਗਕਾਂਗ ਦੇ ਗੁਰਦੁਆਰੇ ਵਿੱਚ ਆਉਣਾ ਪਿਆ ਸੀ।

ਇੱਥੇ ਉਨ੍ਹਾਂ ਦੀ ਮੁਲਾਕਾਤ ਹਾਂਗਕਾਂਗ ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਭਗਵਾਨ ਸਿੰਘ ਨਾਲ ਹੋਈ। ਗਿਆਨੀ ਭਗਵਾਨ ਸਿੰਘ ਬਹੁਤ ਹੀ ਇਨਕਲਾਬੀ ਵਿਚਾਰਾਂ ਦੇ ਧਾਰਨੀ ਸਨ।ਉਹ ਗ਼ਦਰ ਪਾਰਟੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਸਨ, ਇੱਥੇ ਗ਼ਦਰ ਪਾਰਟੀ ਦਾ ਗ਼ਦਰ ਅਖ਼ਬਾਰ ਪੜ੍ਹ ਕੇ ਸੁਣਾਇਆ ਜਾਂਦਾ ਸੀ।ਹਾਂਗਕਾਂਗ ਵਿੱਚ ਭਾਰਤੀ ਰਸਾਲੇ ਨਾਲ ਸਬੰਧਤ ਫੌਜੀ ਵੀ ਇਸ ਗੁਰਦੁਆਰੇ ਵਿੱਚ ਆਉਂਦੇ ਸਨ, ਉਹ ਵੀ ਗਦਰ ਅਖ਼ਬਾਰ ਪਹਿਲਾਂ ਸੁਣਦੇ ਸਨ। ਇਸ ਕਾਰਨ ਉਨ੍ਹਾਂ ਦੇ ਗੁਰਦੁਆਰੇ ਆਉਣ ਉੱਤੇ ਪਾਬੰਦੀ ਲਗਾ ਦਿੱਤੀ ਗਈ।

ਸਰਕਾਰ ਨੇ ਕਾਮਾਗਾਟਾ ਮਾਰੂ ਘਟਨਾਕ੍ਰਮ ਦੀ ਜਾਂਚ ਲਈ ਇੱਕ ਜਾਂਚ ਕਮੇਟੀ ਬਿਠਾਈ, ਜਿਸ ਨੇ ਗੁਰਦਿੱਤ ਸਿੰਘ ਨੂੰ ਇਸਦਾ ਮੁੱਖ ਮੁਲਜ਼ਮ ਮੰਨਿਆ।ਬਾਬਾ ਗੁਰਦਿੱਤ ਸਿੰਘ ਨੇ ਬਰਤਾਨਵੀ ਬਸਤੀਵਾਦ ਦੀ ਬੇਇਨਸਾਫ਼ੀ ਨੂੰ ਉਸ ਵੇਲੇ ਵੰਗਾਰਿਆ ਜਦੋਂ ਇਸ ਦੀ ਮਹਿਮਾ ਦਾ ਸੂਰਜ ਸਿਖ਼ਰਾਂ 'ਤੇ ਚਮਕਦਾ ਸੀ। ਇਹ ਦਲੇਰੀ ਉਸ ਵੇਲੇ ਕੇ ਕਿਸੇ ਹੋਰ ਰਾਸ਼ਟਰੀ ਨੇਤਾ ਨੇ ਨਹੀਂ ਦਿਖਾਈ ਸੀ।"ਸਰਕਾਰੀ ਇਲਜ਼ਾਮਾਂ ਦੇ ਜਵਾਬ ਵਿੱਚ ਗੁਰਦਿੱਤ ਸਿੰਘ ਨੇ ਇੱਕ ਕਿਤਾਬ ਵੀ ਲਿਖੀ।ਕੈਨੇਡਾ ਅਤੇ ਬਰਤਾਨਵੀ ਸਰਕਾਰ ਦੀ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫ਼ਰਾਂ ਨਾਲ ਬੇਇਨਸਾਫ਼ੀ ਦੀ ਦਾਸਤਾਨ ਨੂੰ ਬਾਬਾ ਗੁਰਦਿੱਤ ਸਿੰਘ ਨੇ 'ਜ਼ੁਲਮੀ ਕਥਾ' ਨਾਮ ਦੀ ਪੁਸਤਕ ਵਿੱਚ ਦਰਜ ਕੀਤਾ ਹੈ।