ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਬਾਰੇ ਇਨਸਾਫ ਕਰਨ ਤੋਂ ਟਾਲਾ ਵਟਦੀਆਂ ਰਹੀਆਂ ਸਤਾ ਪਖੀ ਧਿਰਾਂ
![ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਤੇ ਬਰਗਾੜੀ ਬਾਰੇ ਇਨਸਾਫ ਕਰਨ ਤੋਂ ਟਾਲਾ ਵਟਦੀਆਂ ਰਹੀਆਂ ਸਤਾ ਪਖੀ ਧਿਰਾਂ](https://www.amritsartimes.com/uploads/images/image_750x_66518f17c3b01.jpg)
*ਲੋਕ ਸਭਾ ਵਿਚ ਕਿਸੇ ਧਿਰ ਨੇ ਇਹ ਮੁਦਾ ਨਾ ਉਭਾਰਿਆ
*ਹਨੀਪ੍ਰੀਤ ਉਪਰ ਹਾਲੇ ਤਕ ਕਾਰਵਾਈ ਲਈ ਪ੍ਰਸ਼ਾਸਨ ਚੁਪ ਕਿਉਂ?
ਲੋਕ ਸਭਾ ਚੋਣਾਂ ਦੌਰਾਨ ਫ਼ਰੀਦਕੋਟ ਸੰਸਦੀ ਹਲਕੇ ਦਾ ਕਸਬਾ ਬਰਗਾੜੀ ਵੀ ਬੇਅਦਬੀ ਦੀ ਚੀਸ ਝੱਲ ਰਿਹਾ ਹੈ ਪਰ ਕਿਸੇ ਵੀ ਸਿਆਸੀ ਧਿਰ ਨੇ ਇਹ ਮੁਦਾ ਨਹੀਂ ਉਭਾਰਿਆ।ਚਾਹੇ ਪੰਜਾਬ ਦੀ ਸਤਾ ਉਪਰ ਅਕਾਲੀ ,ਕਾਂਗਰਸ ਤੇ ਭਾਜਪਾ ਰਹੀ ਹੈ ਪਰ ਕਿਸੇ ਵੀ ਸਤਾ ਪਖੀ ਧਿਰ ਨੇ ਸਿਖ ਪੰਥ ਨਾਲ ਇਨਸਾਫ ਨਹੀਂ ਕੀਤਾ।
ਦੁਨੀਆ ਭਰ ਵਿਚ ਬਰਗਾੜੀ ਉਸ ਵੇਲੇ ਚਰਚਾ ਵਿਚ ਆਇਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।ਬਰਗਾੜੀ ਦੇ ਗੁਰੂ ਘਰ ਨੇੜੇ 12 ਅਕਤੂਬਰ, 2015 ਨੂੰ ਗੁਰੂ ਗ੍ਰੰਥ ਸਾਹਿਬ ਦੇ 110 ਅੰਗ ਖਿੱਲਰੇ ਹੋਏ ਮਿਲੇ ਸਨ। ਇਸ ਤੋਂ ਪਹਿਲਾਂ ਨੇੜਲੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰੂ ਘਰ ਵਿੱਚੋਂ ਪਹਿਲੀ ਜੂਨ, 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਗਏ ਸਨ।
ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਸਰਕਾਰ ਸਮੇਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ, ਜਿਸ ਕਰ ਕੇ ਉਨ੍ਹਾਂ ਦੇ ਹੱਥੋਂ ਸਰਕਾਰ ਹੀ ਨਿਕਲ ਗਈ। ਬੇਅਦਬੀ ਮਾਮਲਿਆਂ ਵਿੱਚ ਇਨਸਾਫ਼ ਦਿਵਾਉਣ ਦੇ ਭਰੋਸੇ ਨਾਲ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਹਕੂਮਤ ਦਿੱਤੀ ਸੀ ਪਰ ਕਾਂਗਰਸ ਸਰਕਾਰ ਨੇ ਵੀ ਲੋਕਾਂ ਦਾ ਵਿਸ਼ਵਾਸ ਤੋੜ ਦਿੱਤਾ। ਹਾਲੇ ਵੀ ਬੇਅਦਬੀ ਮਾਮਲਿਆਂ ਦਾ ਨਿਆਂ ਕਿਸੇ ਤਣ-ਪੱਤਣ ਨਹੀਂ ਲੱਗਿਆ ਹੈ। ਬਰਗਾੜੀ ਦੇ ਲੋਕ ਜਿਹੜੇ ਪਹਿਲਾਂ ਅਕਾਲੀ ਦਲ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਦੇ ਸਨ, ਉਨ੍ਹਾਂ ਦੀ ਨਜ਼ਰਾਂ ’ਚ ਹੁਣ ਸਭ ਇੱਕ ਹਨ। ਉਨ੍ਹਾਂ ਦੀ ਮੌਜੂਦਾ ਹਕੂਮਤ ਤੋਂ ਵੀ ਤਸੱਲੀ ਨਹੀਂ ਹੈ।
ਜਿਸ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿੱਲਰੇ ਮਿਲੇ ਸਨ, ਉਸ ਦੇ ਨੇੜੇ ਹੀ ਸੱਥ ਵਿੱਚ ਬੈਠੇ ਲੋਕਾਂ ਨੇ ਹਰ ਸਿਆਸੀ ਪਾਰਟੀ ’ਤੇ ਨਿਸ਼ਾਨਾ ਸੇਧਿਆ। ਬਰਗਾੜੀ ਦਾ ਜਗਸੀਰ ਸਿੰਘ ਕਹਿੰਦਾ ਹੈ ਕਿ ਅਕਾਲੀਆਂ ਨੇ ਸਿਰਸੇ ਵਾਲੇ ਨੂੰ ਮੁਆਫ਼ੀ ਦਿੱਤੀ ਅਤੇ ਅਮਰਿੰਦਰ ਸਰਕਾਰ ਨੇ ਨਿਆਂ ਦਾ ਵਾਅਦਾ ਕਰ ਕੇ ਧੋਖਾ ਕੀਤਾ। ਉਹ ਆਖਦਾ ਹੈ ਕਿ ਹਾਲੇ ਵੀ ਕੋਈ ਪਤਾ ਨਹੀਂ ਕਿ ਇਨਸਾਫ਼ ਮਿਲੇਗਾ ਜਾਂ ਨਹੀਂ। ਲੋਕ ਸਭਾ ਚੋਣਾਂ 2019 ਵਿਚ ਬਰਗਾੜੀ ’ਚੋਂ ਕਾਂਗਰਸ ਨੂੰ ਸਭ ਤੋਂ ਵੱਧ ਵੋਟਾਂ ਮਿਲੀਆਂ, ਜੋ 2437 ਸਨ। ਉਦੋਂ ਅਕਾਲੀ ਦਲ ਨੂੰ 1597 ਅਤੇ ਆਮ ਆਦਮੀ ਪਾਰਟੀ ਨੂੰ 435 ਵੋਟਾਂ ਹੀ ਮਿਲੀਆਂ ਸਨ। ਮੌਜੂਦਾ ਚੋਣਾਂ ਵਿੱਚ ਬਰਗਾੜੀ ਦੇ ਲੋਕਾਂ ਦਾ ਕਿਸੇ ਸਿਆਸੀ ਪਾਰਟੀ ਵੱਲ ਬਹੁਤਾ ਝੁਕਾਅ ਨਹੀਂ ਹੈ।
ਬੇਸ਼ੱਕ ਪੰਜਾਬ ਦੇ ਦੂਜੇ ਹਿੱਸਿਆਂ ਵਿੱਚ ਬੇਅਦਬੀ ਦਾ ਮੁੱਦਾ ਉੱਭਰ ਨਹੀਂ ਰਿਹਾ ਹੈ ਪਰ ਬਰਗਾੜੀ ਦੇ ਲੋਕਾਂ ਦੇ ਮਨਾਂ ’ਤੇ ਲੱਗੀ ਸੱਟ ਅੱਜ ਵੀ ਰੜਕਦੀ ਹੈ।
ਬਰਗਾੜੀ ਦਾ ਅਮਰਜੀਤ ਸਿੰਘ ਆਖਦਾ ਹੈ ਕਿ ਬੇਅਦਬੀ ਦਾ ਮੁੱਦਾ ਉਦੋਂ ਤੱਕ ਜੀਵਿਤ ਰਹੇਗਾ ਜਦੋਂ ਤੱਕ ਸਿੱਖ ਭਾਈਚਾਰੇ ਨੂੰ ਇਨਸਾਫ਼ ਨਹੀਂ ਮਿਲ ਜਾਂਦਾ। ਇਸੇ ਤਰ੍ਹਾਂ ਦਰਸ਼ਨ ਸਿੰਘ ਨੇ ਕਿਹਾ ਕਿ ਨਿਆਂ ਤਾਂ ਕੀ ਮਿਲਣਾ ਸੀ, ਉਲਟਾ ਬਰਗਾੜੀ ਦੇ ਕਿਸਾਨਾਂ ਤੋਂ ਸਰਕਾਰ ਨੇ ਅਨਾਜ ਮੰਡੀ ਖੋਹ ਲਈ ਹੈ। ਚੇਤੇ ਰਹੇ ਕਿ ਬਰਗਾੜੀ ਦੀ ਦਾਣਾ ਮੰਡੀ ਵਿੱਚ ਪੰਥਕ ਧਿਰਾਂ ਵੱਲੋਂ ਮੋਰਚਾ ਲਗਾਇਆ ਹੋਇਆ ਸੀ।
ਕਿਸਾਨ ਗੁਰਦਿੱਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਪੱਕੀ ਸੀ ਅਤੇ ਪੰਜ ਹਜ਼ਾਰ ਏਕੜ ਰਕਬੇ ਦੀ ਫ਼ਸਲ ਮੰਡੀ ਵਿੱਚ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਧਰਨਾ ਚੁਕਾਉਣ ਮਗਰੋਂ ਸਰਕਾਰ ਨੇ ਮੰਡੀ ਖ਼ਾਲੀ ਕਰਾ ਕੇ ਤਾਰ ਲਾ ਦਿੱਤੀ ਅਤੇ ਫਿਰ ਇੱਥੇ ਕਮਿਊਨਿਟੀ ਸੈਂਟਰ ਵਗੈਰਾ ਬਣਾ ਦਿੱਤਾ। ਕਿਸਾਨ ਤੇਜਾ ਸਿੰਘ ਨੇ ਦੱਸਿਆ ਕਿ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਨਵੀਂ ਅਨਾਜ ਮੰਡੀ ਬਣਾ ਕੇ ਦਿੱਤੀ ਜਾਵੇਗੀ ਪਰ ਕੌਮੀ ਸੜਕ ਮਾਰਗ ਦੇ ਇੱਕ ਪਾਸੇ ਆਰਜ਼ੀ ਖ਼ਰੀਦ ਕੇਂਦਰ ਬਣਾ ਕੇ ਬੁੱਤਾ ਸਾਰ ਦਿੱਤਾ ਗਿਆ ਜਿੱਥੇ ਫ਼ਸਲ ਰੁਲਦੀ ਰਹਿੰਦੀ ਹੈ।
ਕੀ ਹੈ ਬਰਗਾੜੀ, ਬੇਅਦਬੀ ਕੇਸ ?
12 ਅਕਤੂਬਰ 2015 ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਰੇ ਹੋਏ ਮਿਲੇ।
ਇਹ ਪੱਤਰੇ 1 ਜੂਨ 2015 ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਚੋਰੀ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਸਨ।
ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਤਤਕਾਲੀ ਪੁਲਿਸ ਡਿਪਟੀ ਇੰਸਪੈਕਟਰ ਜਨਰਲ ਰਣਬੀਰ ਸਿੰਘ ਖਟੜਾ ਦੀ ਅਗਵਾਈ ਹੇਠ ਬਰਗਾੜੀ ਬੇਅਦਬੀ ਮਾਮਲੇ ਵਿੱਚ 7 ਡੇਰਾ ਸਿਰਸਾ ਸਮਰਥਕਾਂ ਨੂੰ ਜੂਨ 2018 ਵਿੱਚ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ ਵਿੱਚ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਸਿੰਘ ਬਿੱਟੂ, ਸ਼ਕਤੀ ਸਿੰਘ, ਸੁਖਜਿੰਦਰ ਅਤੇ ਹੋਰ ਡੇਰਾ ਪ੍ਰੇਮੀ ਕਥਿਤ ਤੌਰ ਉੱਤੇ ਸ਼ਾਮਲ ਸਨ।
ਬਿੱਟੂ ਨੂੰ ਬਾਅਦ ਵਿੱਚ ਨਾਭਾ ਜੇਲ੍ਹ ਵਿੱਚ ਮਾਰ ਦਿੱਤਾ ਗਿਆ ਸੀ ਜਦਕਿ ਇੱਕ ਹੋਰ ਮੁਲਜ਼ਮ ਪਰਦੀਪ ਸਿੰਘ ਦਾ ਪਿਛਲੇ ਸਾਲ ਕੋਟਕਪੂਰਾ ਵਿੱਚ ਕਤਲ ਕਰ ਦਿੱਤਾ ਗਿਆ।
ਏਡੀਜੀਪੀ ਐੱਸਪੀਐੱਸ ਪਰਮਾਰ ਦੀ ਅਗਵਾਈ ਵਾਲੀ ਐੱਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ ਜਦਕਿ ਚੰਡੀਗੜ੍ਹ ਅਦਾਲਤ ਵਿੱਚ ਇਸ ਕੇਸ ਦੀ ਸੁਣਵਾਈ ਚੱਲ ਰਹੀ ਹੈ।
ਪਿੰਡ ਬੁਰਜ ਜਵਾਹਰਕੇ ਦੇ ਗੁਰਦੁਆਰੇ ਤੋਂ ਸ਼ੁਰੂ ਹੋਇਆ ਮਾਮਲਾ ਪੰਜਾਬ ਦੀ ਸਿਆਸਤ ਅਤੇ ਸਮਾਜ ਵਿੱਚ ਇੱਕ ਸੰਵੇਦਨਸ਼ੀਲ ਰੂਪ ਧਾਰਨ ਕਰ ਗਿਆ
ਬੇਅਦਬੀ ਕੇਸ ਨਾਮ ਸਬੰਧਤ ਮੁੱਖ ਘਟਨਾਵਾਂ
1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਕੋਟਕਪੂਰਾ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਈ ਸੀ।
25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ। ਪੋਸਟਰਾਂ ਵਿੱਚ ਚੋਰੀ ਹੋਏ ਸਰੂਪਾਂ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਅਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਗਈ।
12 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੇ ਅੰਗ ਫਰੀਦਕੋਟ ਦੇ ਬਰਗਾੜੀ ਪਿੰਡ ਵਿੱਚੋਂ ਮਿਲੇ।
14 ਅਕਤੂਬਰ 2015 - ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ 'ਚ ਸਿੱਖ ਜਥੇਬੰਦਆਂ ਨੇ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਲਈ ਪੁਲਿਸ ਨੇ ਲੋਕਾਂ ਉੱਤੇ ਲਾਠੀਚਾਰਜ ਕੀਤਾ।
ਇਸੇ ਦਿਨ ਬਹਿਬਲ ਕਲਾਂ ਵਿੱਚ ਸਿੱਖਾਂ ਅਤੇ ਪੁਲਿਸ ਵਿਚਾਲੇ ਹੋਈ ਝੜਪ 'ਚ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਦੋ ਸਿੱਖ ਨੌਜਵਾਨਾਂ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਮੌਤ ਹੋ ਗਈ ।
ਇਸ ਮਾਮਲੇ ਨਾਲ ਜੁੜੇ ਇੱਕ ਮੁਲਜ਼ਮ ਮਹਿੰਦਰ ਬਿੱਟੂ ਦਾ ਜੂਨ 2019 ਵਿੱਚ ਜੇਲ੍ਹ ਵਿੱਚ ਕਤਲ ਕਰ ਦਿੱਤਾ ਗਿਆ ਸੀ।
18 ਅਕਤੂਬਰ 2015 - ਤਤਕਾਲੀ ਅਕਾਲੀ ਭਾਜਪਾ ਸਰਕਾਰ ਨੇ ਏਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ।
26 ਅਕਤੂਬਰ 2015 - ਪੰਜਾਬ ਸਰਕਾਰ ਵੱਲੋਂ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਦੇ ਹਵਾਲੇ ਕਰ ਦਿੱਤੀ ਗਈ।
30 ਜੂਨ 2016 -ਪੰਜਾਬ ਸਰਕਾਰ ਵੱਲੋਂ ਕਾਇਮ ਕੀਤੇ ਗਏ ਜੋਰਾ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
14 ਅਪ੍ਰੈਲ 2017- ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਜਾਂਚ ਕਮਿਸ਼ਨ ਬਿਠਾਇਆ।
30 ਜੂਨ 2017 - ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਆਪਣੀ ਰਿਪੋਰਟ ਸਰਕਾਰ ਨੂੰ ਸੌਂਪੀ।
28 ਅਗਸਤ 2018 - ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਰੱਖੀ ਗਈ।
10 ਸਤੰਬਰ 2018 - ਕੋਟਕਪੂਰਾ ਅਤੇ ਬਹਿਬਲ ਕਲਾਂ ਵਿੱਚ ਪੁਲਿਸ ਕਾਰਵਾਈ ਦੀ ਜਾਂਚ ਲਈ ਏਡੀਜੀਪੀ ਪ੍ਰਮੋਦ ਕੁਮਾਰ ਦੀ ਅਗਵਾਈ ਵਿੱਚ ਐਸਆਈਟੀ ਕਾਇਮ ਕੀਤੀ ਗਈ।
7 ਜੁਲਾਈ 2020 ਨੂੰ ਐਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਪ੍ਰਮੁੱਖ ਸਾਜਿਸ਼ਘਾੜਾ ਘੋਸ਼ਿਤ ਕਰਦਿਆਂ ਨਾਮਜਦ ਕੀਤਾ। ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੀ ਰਾਸ਼ਟਰੀ ਸਮਿਤੀ ਦੇ ਤਿੰਨ ਮੈਂਬਰ ਹਰਸ਼ ਧੂਰੀ, ਪ੍ਰਦੀਪ ਕਲੇਰ ਅਤੇ ਸੰਦੀਪ ਬਰੇਟਾ ਵੀ ਨਾਜਮਦ ਕਰ ਲਿਆ ਗਿਆ।
17 ਮਈ 2021 ਨੂੰ ਐਸਆਈਟੀ ਨੇ ਡੇਰਾ ਸੱਚਾ ਸੌਦਾ ਦੇ ਫ਼ਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਡੇਰਾ ਕਾਰਕੁਨਾਂ ਨੁੰ ਗ੍ਰਿਫ਼ਤਾਰ ਕਰ ਲਿਆ ਸੀ। ਇਨ੍ਹਾਂ ਵਿੱਚ ਸੁਖਜਿੰਦਰ ਸਿੰਘ ਸੰਨੀ ਕੰਡਾ, ਸ਼ਕਤੀ ਸਿੰਘ, ਰਣਜੀਤ ਸਿੰਘ ਬਲਜੀਤ ਸਿੰਘ, ਨਿਸ਼ਾਨ ਸਿੰਘ ਅਤੇ ਪ੍ਰਦੀਪ ਸਿੰਘ ਸ਼ਾਮਲ ਸਨ।
10 ਨਵੰਬਰ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੀ 45 ਮੈਂਬਰੀ ਕਮੇਟੀ ਮੈਂਬਰ ਪ੍ਰਦੀਪ ਸਿੰਘ ਦੀ ਕੋਟਕਪੂਰਾ ਵਿਖੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।
23 ਸਤੰਬਰ 2021 ਨੂੰ ਫ਼ਰੀਦਕੋਟ ਦੀ ਅਦਾਲਤ ਨੇ ਹਰਸ਼ ਧੂਰੀ, ਪ੍ਰਦੀਪ ਕਲੇਰ, ਸੰਦੀਪ ਬਰੇਟਾ ਨੂੰ ਅਦਾਲਤ ਵਿੱਚ ਪੇਸ਼ ਨਾ ਹੋਣ ਤੇ ਭਗੌੜਾ ਐਲਾਨ ਦਿੱਤਾ ਸੀ।
ਹਨੀਪ੍ਰੀਤ ਬਾਰੇ ਜਾਂਚ ਕਿਉਂ ਬੰਦ ਹੋਈ?
ਬੇਅਦਬੀ ਮਾਮਲੇ ਵਿਚ ਪੰਜਾਬ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਜ਼ਮਾਨਤ ਦੇ ਦਿਤੀ ਸੀ। ਉਸ ਨੂੰ ਪੰਜਾਬ ਪੁਲਿਸ ਵਲੋਂ ਬਣਾਈ ਗਈ ਐਸਆਈਟੀ ਨੇ ਇਸ ਸਾਲ ਫਰਵਰੀ ਵਿਚ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਸੀ। ਉਸਨੇ ਸੌਦਾ ਸਾਧ ਦੀ ਖਾਸਮਖਾਸ ਹਨੀਪ੍ਰੀਤ ਦਾ ਨਾਮ ਲਿਆ ਸੀ ।ਪਰਦੀਪ ਕਲੇਰ ਨੇ ਕਿਹਾ ਕਿ ਉਹ ਸਾਲ 1987 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ।
ਪ੍ਰਦੀਪ ਸਾਲ 2019 ਵਿੱਚ ਉਸ ਨੂੰ ਡੇਰੇ ਦੇ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਬਣਿਆ, ਜਿੱਥੇ ਉਸ ਦਾ ਕੰਮ ਸਿਆਸਤਦਾਨਾਂ ਨਾਲ ਮੀਟਿੰਗਾਂ ਕਰਨਾ ਹੁੰਦਾ ਸੀ।
ਉਸਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਸਿਆਸੀ ਵਿੰਗ ਦਾ ਕੌਮੀ ਪ੍ਰਧਾਨ ਡੇਰਾ ਸਿਰਸਾ ਮੁਖੀ ਵੱਲੋਂ ਨਿਯੁਕਤ ਕੀਤਾ ਗਿਆ ਸੀ।
ਪ੍ਰਦੀਪ ਨੇ ਦਾਅਵਾ ਸੀ ਕਿ ਸਾਲ 2015 ਦੇ ਮਾਰਚ ਜਾਂ ਅਪ੍ਰੈਲ ਮਹੀਨੇ ਵਿਚ ਉਸ ਨੂੰ ਸੌਦਾ ਸਾਧ ਨੇ ਆਪਣੇ ਕੋਲ ਬੁਲਾਇਆ ਸੀ। ਜਦੋਂ ਉਹ ਉਹਨਾਂ ਕੋਲ ਪਹੁੰਚਿਆ ਤਾਂ ਸੌਦਾ ਸਾਧ, ਹਨੀਪ੍ਰੀਤ, ਰਾਕੇਸ਼ ਦਿੜ੍ਹਬਾ, ਸੰਦੀਪ ਬਰੇਟਾ, ਹਰਸ਼ ਧੂਰੀ, ਮਹਿੰਦਰ ਪਾਲ ਬਿੱਟੂ, ਗੁਲਾਬ ਅਤੇ ਗੁਰਲੀਨ ਮੌਜੂਦ ਸਨ।"
ਪ੍ਰਦੀਪ ਨੇ ਪੁਲਿਸ ਨੂੰ ਦਸਿਆ ਸੀ ਕਿ,ਉੱਥੇ ਮਹਿੰਦਰਪਾਲ ਬਿੱਟੂ ਨੇ ਬਾਬੇ ਦੇ ਧਿਆਨ ਵਿੱਚ ਲਿਆਂਦਾ ਕਿ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਇੱਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਂਝੀ ਵੱਲੋਂ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ ਸੀ।ਇਸ ਪ੍ਰੋਗਰਾਮ ਵਿੱਚ ਮਾਝੀ ਦੀ ਪ੍ਰੇਰਨਾ ਲੈ ਕੇ ਕੁਝ ਪ੍ਰੇਮੀਆਂ ਨੇ ਡੇਰੇ ਵੱਲੋਂ ਦਿੱਤੇ ਗਏ ਲਾਕੇਟ ਨੂੰ ਆਪਣੇ ਪੈਰਾਂ ਹੇਠ ਰੋਲ ਦਿੱਤਾ ਜਿਸ ਵਿੱਚ ਬਾਬੇ ਦੀ ਤਸਵੀਰ ਸੀ।”
ਪ੍ਰਦੀਪ ਨੇ ਆਪਣੇ ਬਿਆਨ ਕਿਹਾ ਸੀ ਕਿ ਇਹ ਸੁਣ ਕੇ ਹਨੀਪ੍ਰੀਤ ਨੂੰ ਗੁੱਸਾ ਆ ਗਿਆ ਅਤੇ ਕਿਹਾ ਕਿ ਜਦੋਂ ਉਨ੍ਹਾਂ ਨੇ ਲਾਕੇਟ ਸੁੱਟੇ ਤਾਂ ਤੁਸੀਂ ਕੁਝ ਕਿਉਂ ਨਹੀਂ ਕੀਤਾ।ਇਸ ਤੋਂ ਬਾਅਦ ਬਾਬਾ ਅਤੇ ਹਨੀਪ੍ਰੀਤ ਨੇ ਇੱਟ ਦਾ ਜਵਾਬ ਪੱਥਰ ਨਾਲ ਦੇਣ ਦੀ ਗੱਲ ਕਹੀ। ਫਿਰ ਰਾਕੇਸ਼ ਅਤੇ ਬਿੱਟੂ ਨੇ ਕਿਹਾ ਕਿ ਉਹ ਪ੍ਰਚਾਰਕ ਹੈ ਅਤੇ ਸਿੱਖਾਂ ਦਾ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਹੈ।ਇਸ ’ਤੇ ਹਨੀਪ੍ਰੀਤ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਇੰਝ ਹੀ ਪੈਰਾਂ ਵਿੱਚ ਰੋਲ ਦਿਓ। ਬਾਬੇ ਨੇ ਕਿਹਾ ਜੋ ਹਨੀਪ੍ਰੀਤ ਕਹਿ ਰਹੀ ਹੈ ਉਸ ਨੂੰ ਛੇਤੀ ਤੋਂ ਛੇਤੀ ਅੰਜਾਮ ਦਿਓ। ਇਸ ਤੋਂ ਬਾਅਦ ਡੇਰੇ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਇਸ ਦੀ ਡਿਊਟੀ ਸੌਂਪੀ ਗਈ ਅਤੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ।”
ਪ੍ਰਦੀਪ ਕਲੇਰ ਨੇ ਕਿਹਾ ਸੀ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਡੇਰਾ ਮੁਖੀ ਤੋਂ ਖ਼ਤਰਾ ਹੈ ਤੇ ਧਮਕੀਆਂ ਮਿਲ ਰਹੀਆਂ ਹਨ। ਸੌਦਾ ਸਾਧ , ਹਨੀਪ੍ਰੀਤ ਤੇ ਰਾਕੇਸ਼ ਦਿੜ੍ਹਬਾ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਮਰਵਾਉਣਾ ਚਾਹੁੰਦੇ ਹਨ। ਪਹਿਲਾਂ ਵੀ ਮਹਿੰਦਰਪਾਲ ਬਿੱਟੂ ਨੂੰ ਨਾਭਾ ਹਾਈ ਸਿਕਿਓਰਿਟੀ ਨੂੰ ਮਰਵਾਇਆ ਜਾ ਚੁੱਕਿਆ ਹੈ।
ਹਾਲਾਂਕਿ ਹਨੀਪ੍ਰੀਤ 'ਤੇ ਲੱਗੇ ਇਲਜ਼ਾਮਾਂ ਬਾਰੇ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ ਐੱਸਪੀਐੱਸ ਪਰਮਾਰ ਜੋ ਬੇਅਦਬੀ ਦੇ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਹਨ ਨੇ ਕਿਹਾ ਸੀ ਕਿ ਅਸੀਂ ਤੱਥਾਂ ਦੀ ਪੜਤਾਲ ਕਰਾਂਗੇ ਅਤੇ ਸਬੂਤਾਂ ਦਾ ਮੁਲਾਂਕਣ ਕਰਾਂਗੇ ਫਿਰ ਉਸ ਅਨੁਸਾਰ ਕਾਰਵਾਈ ਕਰਾਂਗੇ।”
ਪਰ ਪੁਲੀਸ ਨੇ ਅਗਾਂਹ ਜਾਂਚ ਨਹੀਂ ਕੀਤੀ ਜਿਥੋਂ ਸਾਰਾ ਕੇਸ ਹੱਲ ਹੋਣਾ ਸੀ।ਹਨੀਪ੍ਰੀਤ ਇੰਸਾਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਡੇਰਾ ਸੱਚਾ ਸੌਦਾ ਸਿਰਸਾ ਦੀ ਗੋਦ ਲਈ ਧੀ ਹੈ।ਪੰਥਕ ਧਿਰਾਂ ਦਾ ਮੰਨਣਾ ਹੈ ਕਿ ਇਸ ਪਿਛੇ ਵਡੀ ਗੁਪਤ ਤਾਕਤ ਕੰਮ ਕਰ ਰਹੀ ਹੈ ਜੋ ਪੁਲਿਸ ਦੀ ਕਾਰਵਾਈ ਤੇ ਨਿਆਂ ਵਿਚ ਅੜਿੱਕਾ ਬਣ ਰਹੀ ਹੈ।
ਦੱਸ ਦੇਈਏ ਕਿ ਕਲੇਰ ਨੂੰ ਫਰੀਦਕੋਟ ਪੁਲਿਸ ਨੇ ਪਿਛਲੇ ਮਹੀਨੇ ਗੁਰੂਗ੍ਰਾਮ ਤੋਂ ਗ੍ਰਿਫਤਾਰ ਕੀਤਾ ਸੀ। ਉਹ 2015 ਦੇ ਬਰਗਾੜੀ ਬੇਅਦਬੀ ਦੇ ਹਾਈ-ਪ੍ਰੋਫਾਈਲ ਕੇਸਾਂ ਵਿਚ ਭਗੌੜਾ ਸੀ। ਇਲਜ਼ਾਮ ਸਨ ਕਿ ਕਲੇਰ 2018 ਤੋਂ ਗ੍ਰਿਫਤਾਰੀ ਤੋਂ ਬਚ ਰਿਹਾ ਸੀ।
Comments (0)