ਤੀਹਰੇ ਤਲਾਕ ਦੇ ਬਿੱਲ ਨੂੰ ਰਾਜ ਸਭਾ ਵਿੱਚ ਮਿਲੀ ਮਨਜ਼ੂਰੀ; ਮੁਸਲਮਾਨਾਂ ਨੂੰ ਤੰਗ ਕਰਨ ਲਈ ਵਰਤੇ ਜਾਣ ਦੇ ਖਦਸ਼ੇ

ਤੀਹਰੇ ਤਲਾਕ ਦੇ ਬਿੱਲ ਨੂੰ ਰਾਜ ਸਭਾ ਵਿੱਚ ਮਿਲੀ ਮਨਜ਼ੂਰੀ; ਮੁਸਲਮਾਨਾਂ ਨੂੰ ਤੰਗ ਕਰਨ ਲਈ ਵਰਤੇ ਜਾਣ ਦੇ ਖਦਸ਼ੇ

ਨਵੀਂ ਦਿੱਲੀ: ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਨੇ ਅੱਜ ਮੁਸਲਿਮ ਪ੍ਰੰਪਰਾ ਵਿੱਚ ਸ਼ਾਮਿਲ ਤੀਹਰੇ ਤਲਾਕ ਨੂੰ ਅਪਰਾਧਕ ਜ਼ੁਰਮ ਬਣਾਉਣ ਦਾ ਬਿੱਲ ਪਾਸ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹੇਠਲੇ ਸਦਨ ਲੋਕ ਸਭਾ ਵਿੱਚ ਇਹ ਬਿੱਲ ਪਹਿਲਾਂ ਪਾਸ ਹੋ ਚੁੱਕਿਆ ਹੈ। ਰਾਜ ਸਭਾ ਵਿੱਚ ਅੱਜ ਇਸ ਬਿੱਲ 'ਤੇ ਪਈਆਂ ਵੋਟਾਂ ਵਿੱਚ 99 ਵੋਟਾਂ ਬਿੱਲ ਦੇ ਹੱਕ ਵਿੱਚ ਭੁਗਤੀਆਂ ਅਤੇ 84 ਵੋਟਾਂ ਬਿੱਲ ਦੇ ਵਿਰੁੱਧ ਭੁਗਤੀਆਂ।

ਭਾਰਤ ਵਿੱਚ ਘੱਟਗਿਣਤੀਆਂ 'ਤੇ ਇੱਕ ਹਮਲੇ ਵਾਂਗ ਦੇਖੇ ਜਾ ਰਹੇ ਇਸ ਮੁਸਲਿਮ ਮਹਿਲਾ (ਵਿਆਹ 'ਤੇ ਅਧਿਕਾਰਾਂ ਦੀ ਰੱਖਿਆ) ਬਿਲ 2019 ਦੇ ਦੋਵੇਂ ਸਦਨਾਂ ਅੰਦਰ ਪਾਸ ਹੋਣ ਨਾਲ ਹੁਣ ਜੇ ਕੋਈ ਮੁਸਲਿਮ ਮਰਦ ਆਪਣੀ ਘਰਵਾਲੀ ਨੂੰ ਤੀਹਰਾ ਤਲਾਕ ਦਿੰਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਰਾਜ ਸਭਾ ਵਿੱਚ ਵਿਰੋਧੀ ਧਿਰ ਵੱਲੋਂ ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਇਸ ਬਿੱਲ ਨੂੰ ਰਾਜ ਸਭਾ ਚੋਣ ਕਮੇਟੀ ਕੋਲ ਭੇਜਿਆ ਜਾਵੇ ਪਰ ਇਸ ਪ੍ਰਸਤਾਵ ਖਿਲਾਫ 100 ਵੋਟਾਂ ਪਈਆਂ ਜਦਕਿ ਹੱਕ ਵਿੱਚ 84 ਵੋਟਾਂ ਪਈਆਂ। 

ਬਿੱਲ 'ਤੇ ਹੋਈ ਵੋਟਿੰਗ ਵਿੱਚ ਬੀਜੂ ਜਨਤਾ ਦਲ (ਬੀਜੇਡੀ) ਨੇ ਬਿੱਲ ਦਾ ਸਮਰਥਨ ਕੀਤਾ ਜਦਕਿ ਐਨਡੀਏ ਸਰਕਾਰ ਵਿੱਚ ਭਾਈਵਾਲ ਜਨਤਾ ਦਲ (ਯੂਨਾਈਟਿਡ) ਅਤੇ ਆਲ ਇੰਡੀਆ ਅੱਨਾ ਡੀਐੱਮਕੇ ਦੇ ਮੈਂਬਰ ਵੋਟਿੰਗ ਵਿੱਚੋਂ ਗੈਰ ਹਾਜ਼ਿਰ ਰਹੇ। 

ਇਸ ਮੌਕੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਕੁੱਝ ਮੈਂਬਰ ਵੀ ਗੈਰ ਹਾਜ਼ਰ ਰਹੇ ਜਦਕਿ ਤੇਲੰਗਾਨਾ ਰਾਸ਼ਟਰ ਸਮਿਤੀ ਅਤੇ ਵਾਈਐੱਸਆਰ ਕਾਂਗਰਸ ਪਾਰਟੀਆਂ ਦੇ ਮੈਂਬਰ ਵੀ ਵੋਟਾਂ ਮੌਕੇ ਗੈਰ-ਹਾਜ਼ਰ ਰਹੇ। 

ਦੱਸ ਦਈਏ ਕਿ ਜਿੱਥੇ ਭਾਜਪਾ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਲੋਕ ਸਭਾ ਵਿੱਚ ਸਾਰੇ ਬਿੱਲ ਆਪਣੇ ਬਹੁਮਤ ਦੇ ਜ਼ੋਰ 'ਤੇ ਪਾਸ ਕਰਾ ਰਹੀ ਹੈ ਉੱਥੇ ਰਾਜ ਸਭਾ ਵਿੱਚ ਉਹ ਆਪਣੇ ਬਹੁਮਤ ਵਿੱਚ ਘਾਟ ਨੂੰ ਕੁੱਝ ਪਾਰਟੀਆਂ ਦੇ ਮੈਂਬਰਾਂ ਦੀ ਗੈਰਹਾਜ਼ਰੀ ਰਾਹੀਂ ਪੂਰਾ ਕਰ ਰਹੀ ਹੈ ਤੇ ਬਿੱਲ ਰਾਜ ਸਭਾ ਵਿੱਚ ਵੀ ਪਾਸ ਹੋ ਰਹੇ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਗੈਰ ਹਾਜ਼ਰੀ ਵਾਲੀਆਂ ਪਾਰਟੀਆਂ ਉਹ ਹਨ ਜੋ ਰਾਜਨੀਤੀ ਵਿੱਚ ਭਾਜਪਾ ਵਿਰੋਧੀ ਜਾਣੀਆਂ ਜਾਂਦੀਆਂ ਹਨ।

ਇਸ ਬਿੱਲ ਸਬੰਧੀ ਕਿਹਾ ਜਾ ਰਿਹਾ ਹੈ ਕਿ ਇਸ ਦੇ ਕਾਨੂੰਨ ਬਣਨ ਨਾਲ ਮੁਸਲਮਾਨਾਂ ਨੂੰ ਤੰਗ ਕਰਨ ਦਾ ਇੱਕ ਹੋਰ ਜ਼ਰੀਆ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਮੁਸਲਿਮ ਪਰਿਵਾਰ ਤਬਾਹ ਕਰਨ ਲਈ ਇੱਕ ਸੰਦ ਵਜੋਂ ਇਸ ਕਾਨੂੰਨ ਨੂੰ ਵਰਤਿਆ ਜਾਵੇਗਾ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ