ਟਿੱਕ-ਟੋਕ 'ਤੇ ਭਾਰਤ ਵਿੱਚ ਲੱਗੀ ਰੋਕ ਦਾ ਸੱਚ

ਟਿੱਕ-ਟੋਕ 'ਤੇ ਭਾਰਤ ਵਿੱਚ ਲੱਗੀ ਰੋਕ ਦਾ ਸੱਚ

ਨਵੀਂ ਦਿੱਲੀ: ਛੋਟੀਆਂ ਵੀਡੀਓ ਬਣਾਉਣ ਅਤੇ ਸਾਂਝਾ ਕਰਨ ਵਾਲੀ ਐਪ ਟਿੱਕ-ਟੋਕ 'ਤੇ ਭਾਰਤ ਵਿੱਚ ਰੋਕ ਲਗਾ ਦਿੱਤੀ ਗਈ ਹੈ। ਭਾਰਤ ਸਰਕਾਰ ਨੇ ਗੂਗਲ ਅਤੇ ਐਪਲ ਨੂੰ ਨੋਟਿਸ ਜਾਰੀ ਕਰਕੇ ਇਸ ਐਪਲੀਕੇਸ਼ਨ ਨੂੰ ਆਪਣੇ ਐਪ ਸਟੋਰਸ ਤੋਂ ਹਟਾਉਣ ਲਈ ਕਹਿ ਦਿੱਤਾ ਹੈ। ਗੂਗਲ ਸਟੋਰ ਤੋਂ ਇਹ ਐਪ ਹਟਾ ਵੀ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਮੁਤਾਬਿਕ ਟਿੱਕ-ਟੋਕ ਨੂੰ ਡਾਊਨਲੋਡ ਕਰਨ 'ਤੇ ਰੋਕ ਲਗਾਈ ਗਈ ਹੈ ਪਰ ਜਿਹਨਾਂ ਵਰਤੋਕਾਰਾਂ ਦੇ ਫੋਨ ਵਿੱਚ ਇਹ ਐਪ ਹੈ ਉਹ ਇਸ ਨੂੰ ਵਰਤ ਸਕਣਗੇ। 

ਦੱਸਣਯੋਗ ਹੈ ਕਿ ਮਦਰਾਸ ਹਾਈਕੋਰਟ ਵਿੱਚ ਇੱਕ ਅਪੀਲ ਪਾ ਕੇ ਇਸ ਐਪ ਰਾਹੀਂ ਬਣਾਈਆਂ ਜਾ ਰਹੀਆਂ ਅਤੇ ਵਾਇਰਲ ਹੋ ਰਹੀਆਂ ਇਤਰਾਜਯੋਗ ਅਤੇ ਅਸ਼ਲੀਲ ਵੀਡੀਓ ਬਾਰੇ ਫਿਕਰ ਜ਼ਾਹਿਰ ਕੀਤਾ ਗਿਆ ਸੀ। ਇਸ ਸਬੰਧੀ ਅਦਾਲਤ ਨੇ ਬੀਤੀ 3 ਅਪ੍ਰੈਲ ਨੂੰ ਹੁਕਮ ਵੀ ਜਾਰੀ ਕੀਤਾ ਸੀ। ਇਸ ਹੁਕਮ ਵਿੱਚ ਅਦਾਲਤ ਨੇ ਸਰਕਾਰ ਨੂੰ ਇਸ ਐਪ ਦੀ ਡਾਊਨਲੋਡਿੰਗ ਉੱਤੇ ਰੋਕ ਲਾਉਣ ਲਈ ਕਿਹਾ ਸੀ। 

ਇਸ ਤੋਂ ਪਹਿਲਾਂ ਬੰਗਲਾਦੇਸ਼ ਵਿੱਚ ਵੀ ਟਿਕ-ਟੋਕ 'ਤੇ ਰੋਕ ਲੱਗ ਚੁੱਕੀ ਹੈ ਤੇ ਅਮਰੀਕਾ ਵਿੱਚ ਟਿੱਕ-ਟੋਕ ਨੂੰ ਭਾਰੀ ਜ਼ੁਰਮਾਨਾ ਭਰਨਾ ਪਿਆ ਸੀ। 

ਟਿੱਕ-ਟੋਕ ਦਾ ਦਾਅਵਾ ਹੈ ਕਿ ਪੂਰੀ ਦੁਨੀਆ ਵਿੱਚ ਉਸਦੇ 500 ਮਿਲੀਅਨ ਵਰਤੋਕਾਰ ਹਨ ਜਿਹਨਾਂ ਵਿੱਚੋਂ 120 ਮਿਲੀਅਨ ਤੋਂ ਜ਼ਿਆਦਾ ਭਾਰਤ ਵਿੱਚ ਹਨ। 

ਟਿੱਕ-ਟੋਕ ਵੱਲੋਂ ਮਦਰਾਸ ਹਾਈਕੋਰਟ ਦੇ ਫੈਂਸਲੇ ਖਿਲਾਫ ਬਾਰਤ ਦੀ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਸੀ ਪਰ ਅਦਾਲਤ ਨੇ ਫੈਂਸਲਾ ਬਦਲਣ ਦੀ ਅਪੀਲ ਨੂੰ ਰੱਦ ਕਰਦਿਆ ਅਗਲੀ ਤਰੀਕ 22 ਅਪ੍ਰੈਲ ਪਾ ਦਿੱਤੀ ਹੈ।

ਟਿੱਕ-ਟੋਕ ਕੰਪਨੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਭਾਰਤੀ ਨਿਆਪ੍ਰਣਾਲੀ 'ਤੇ ਯਕੀਨ ਹੈ ਤੇ ਫੈਂਸਲਾ ਉਹਨਾਂ ਦੇ ਪੱਖ ਵਿੱਚ ਹੀ ਆਵੇਗਾ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ