ਗੁਰਦੁਆਰਿਆਂ ਉਪਰ ਭਗਵੇਂ ਨਿਸ਼ਾਨ ਸਾਹਿਬ ਨਹੀਂ ਹੋਣਗੇ : ਅਕਾਲ ਤਖਤ ਸਾਹਿਬ

 ਗੁਰਦੁਆਰਿਆਂ ਉਪਰ ਭਗਵੇਂ ਨਿਸ਼ਾਨ ਸਾਹਿਬ ਨਹੀਂ ਹੋਣਗੇ : ਅਕਾਲ ਤਖਤ ਸਾਹਿਬ

ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਹੋਵੇ ਬਸੰਤੀ ਜਾਂ ਸੁਰਮਈ ਅਕਾਲ ਤਖਤ ਸਾਹਿਬ ਨੇ  ਜਾਰੀ ਕੀਤਾ ਹੁਕਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ : ਨਿਸ਼ਾਨ ਸਾਹਿਬ ਜਿਉਂਦੀਆਂ-ਜਾਗਦੀਆਂ ਕੌਮਾਂ ਦੀ ਸੁਤੰਤਰਤਾ ਦੇ ਪ੍ਰਤੀਕ ਹਨ। ਜੋ ਕੌਮਾਂ ਆਪਣੇ ਵਜੂਦ ਤੋਂ ਹੀ ਮਰ-ਮੁੱਕ ਚੁੱਕੀਆਂ ਹੋਣ, ਉਹਨਾਂ ਦੇ ਨਿਸ਼ਾਨ ਕਦੇ ਖੜੇ ਨਹੀਂ ਹੁੰਦੇ। ਨਿਸ਼ਾਨ ਹਮੇਸ਼ਾਂ ਉਹਨਾਂ ਦੇ ਹੀ ਉੱਚੇ ਝੂਲਦੇ ਹਨ, ਜੋ ਸੂਰਬੀਰ,ਬਹਾਦਰ ਆਪਣੇ ਬਲ ਦੁਆਰਾ ਸਦਾ ਸੰਘਰਸ਼ਸ਼ੀਲ ਰਹਿਕੇ ਆਪਣੇ ਨਿਸ਼ਾਨ ਨੂੰ ਉੱਚਾ ਚੁੱਕਣਾ ਜਾਣਦੇ ਹਨ। ਸਾਡੇ ਕੇਸਰੀ ਨਿਸ਼ਾਨ ਨੂੰ ਸਤਿਗੁਰੂ ਨੇ ਆਪਣੀ, ਆਪਣੇ ਸਾਹਿਬਜ਼ਾਦਿਆਂ ਦੀ ਅਤੇ ਹਜ਼ਾਰਾਂ ਸੂਰਬੀਰ ਯੋਧਿਆਂ ਸਿੰਘਾਂ ਦੀ ਸ਼ਹਾਦਤ ਨਾਲ ਉੱਚਾ ਝੁਲਾਇਆ ਹੈ।ਮਰਯਾਦਾ ਪੂਰਵਕ ਹਰ ਇਕ ਗੁਰਧਾਮ ਵਿਚ ਸਥਾਪਿਤ ਕੀਤਾ ਜਾਣ ਵਾਲਾ ਇਹ ਨਿਸ਼ਾਨ ਸਾਹਿਬ ਅਕਸਰ ਬਸੰਤੀ ਰੰਗ ਦਾ ਹੁੰਦਾ ਹੈ, ਨਿਹੰਗ ਸਿੰਘਾਂ ਦੁਆਰਾ ਨਿਸ਼ਾਨ ਸਾਹਿਬ ਲਈ ਨੀਲਾ ਰੰਗ ਵਰਤਿਆ ਜਾਂਦਾ ਹੈ।ਪਰ ਬੀਤੇ ਸਮੇਂ ਦੌਰਾਨ ਇਸ ਦਾ ਰੰਗ ਭਗਵਾਂ ਬਣਾ ਦਿਤਾ ਗਿਆ ਸੀ।

ਪਰ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਸਰਕੂਲਰ ਜਾਰੀ ਕਰ ਕੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ’ਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਰਹਿਤ ਮਰਿਆਦਾ ਮੁਤਾਬਕ ਬਸੰਤੀ ਜਾਂ ਸੁਰਮਈ ਹੋਵੇ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਦੀ ਅਗਵਾਈ ਵਿਚ 15 ਜੁਲਾਈ ਨੂੰ ਹੋਈ ਇਕੱਤਰਤਾ ਵਿਚ ਪੰਜ ਸਿੰਘ ਸਾਹਿਬਾਨ ਨੇ ਫ਼ੈਸਲਾ ਕੀਤਾ ਸੀ ਕਿ ਗੁਰਦੁਆਰਾ ਸਾਹਿਬਾਨ ਵਿਚ ਲੱਗਣ ਵਾਲੇ ਨਿਸ਼ਾਨ ਸਾਹਿਬ ਦੀ ਪੁਸ਼ਾਕੇ ਦਾ ਰੰਗ ਰਹਿਤ ਮਰਿਆਦਾ ਅਨੁਸਾਰ ਬਸੰਤੀ ਜਾਂ ਸੁਰਮਈ ਹੋਵੇ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਸੰਗਤ ਨੂੰ ਇਸ ਬਾਰੇ ਜਾਗਰੂਕ ਕਰਨ ਲਈ ਕਿਹਾ ਗਿਆ ਸੀ। ਇਸ ਉਪਰੰਤ 26 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਸਰਕੂਲਰ (ਨੰਬਰ 37309) ਜਾਰੀ ਕੀਤਾ। ਇਸ ਵਿਚ ਸਪਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੁੱਜੀ ਪੱਤਰਕਾ ਨੰ: ਅ:ਤ/24/206/17-07-2024 ਮੁਤਾਬਕ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਪ੍ਰਵਾਨ ਹੋਏ ਮਤਾ ਨੰ:03/15-07-2024 ਦੀ ਮਨਸ਼ਾ ਅਨੁਸਾਰ ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦੇ ਰੰਗ ਨੂੰ ਲੈ ਕੇ ਪੈਦਾ ਹੋਈ ਦੁਬਿਧਾ ਦੂਰ ਕਰਨ ਲਈ ਸਰਬ-ਸੰਮਤੀ ਨਾਲ ਫ਼ੈਸਲਾ ਹੋਇਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਯਾਦਾ ਦੀ ਰੋਸ਼ਨੀ ’ਚ ਸੰਗਤ/ਪ੍ਰਬੰਧਕ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

ਇਹ ਫੁਰਮਾਨ ਜਾਰੀ ਹੋਣ ਤੋਂ ਬਾਅਦ ਹੁਣ ਨਿਸ਼ਾਨ ਸਾਹਿਬ ਦਾ ਰੰਗ ਇਤਿਹਾਸ ਤੇ ਮਰਿਯਾਦਾ ਅਨੁਸਾਰ ਬਸੰਤੀ ਤੇ ਸੁਰਮਈ ਹੋਵੇਗਾ।

ਸਿੱਖ ਰਹਿਤ ਮਰਯਾਦਾ ਮੁਤਾਬਕ ਹਰੇਕ ਗੁਰਦੁਆਰੇ ਵਿਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ 'ਤੇ ਲੱਗਾ ਹੋਵੇ। ਨਿਸ਼ਾਨ ਸਾਹਿਬ ਦੇ ਪੁਸ਼ਾਕੇ ਦਾ ਰੰਗ ਬਸੰਤੀ ਜਾਂ ਸੁਰਮਈ ਹੋਵੇ ਤੇ ਨਿਸ਼ਾਨ ਸਾਹਿਬ ਦੇ ਸਿਰੇ ਉੱਤੇ ਸਰਬਲੋਹ ਦਾ ਭਾਲਾ ਜਾਂ ਖੰਡਾ ਹੋਵੇ।ਇਥੇ ਜ਼ਿਕਰਯੋਗ ਹੈ ਕਿ ਗੁਰੂ ਸਾਹਿਬ ਦੇ ਸਮੇਂ ਦੌਰਾਨ ਸਿੱਖਾਂ ਦੇ ਨਿਸ਼ਾਨ ਸਾਹਿਬ (ਝੰਡੇ) ਦਾ ਰੰਗ ਵੀ ਨੀਲਾ ਸੀ ਤੇ ਇਸ ਦਾ ਪੁਸ਼ਾਕਾ (ਬਾਂਸ ਦਾ ਕਪੜਾ) ਸੁਰਮਈ ਸੀ: “ਗੁਰੂ ਜੀ ਨੇ ਉਸੀ ਵਕਤ ਬੜੀ ਦਸਤਾਰ ਕੋ ਉਤਾਰ ਨੀਚੇ ਕੇਸਗੀ ਮੇਂ ਸੇ ਨੀਲੇ ਰਾਂਗ ਕਾ ਫਰਰਾ ਨਿਕਾਲ ਕੇ ਬਚਨ ਕੀਆ ਇਹ ਖਾਲਸਾਈ ਨਿਸ਼ਾਨ ਕਭੀ ਆਗੇ ਸੇ ਟੂਟੇਗਾ ਨਹੀਂ।” (ਗੁਰੂ ਕੀਆਂ ਸਾਖੀਆਂ, ਸਾਖੀ 75)

ਪੁਰਾਤਨ ਵਿਦਵਾਨ ਭਾਈ ਸਾਹਿਬ ਰਣਧੀਰ ਸਿੰਘ ਜੀ, ਭਾਈ ਸਾਹਿਬ ਕ੍ਹਾਨ ਸਿੰਘ ਜੀ ਨਾਭਾ ਅਤੇ ਹੋਰ ਵਿਦਵਾਨ ਸਾਰੇ ਹੀ ਇਸਦਾ ਰੰਗ ਬਸੰਤੀ ਲਿਖਦੇ ਹਨ ਔਰ ਹੈ ਭੀ ਠੀਕ ਕਿਉਂਕਿ ਇਕ ਤਾਂ ਬਸੰਤੀ ਰੰਗ ਨਵ-ਬਹਾਰ ਦਾ ਪ੍ਰਤੀਕ ਹੈ ਤੇ ਦੂਸਰਾ ਕਰੁਬਾਨੀ ਦਾ ਪ੍ਰਤੀਕ ਹੈ। ਜਿਸ ਜਿਸ ਜਗ੍ਹਾ ਤੇ ਖ਼ਾਲਸੇ ਦਾ ਇਹ ਨਿਸ਼ਾਨ ਝੁਲਿਆ ਓਸ ਓਸ ਜਗ੍ਹਾ ਤੇ ਨਵ-ਬਹਾਰ ਬਿਲਕੁਲ ਆਈ। ਇਤਿਹਾਸ ਇਸਦਾ ਗਵਾਹ ਹੈ ਪਰ ਪਿਛਲੇ ਬੀਤੇ ਸਮੇਂ ਦੌਰਾਨ  ਨਿਸ਼ਾਨ ਸਾਹਿਬ ਨੂੰ ਭਗਵਾਂ ਕਰ ਦਿਤਾ ਗਿਆ ਇਸਨੂੰ ਨਵਾਂ ਹੀ ਰੰਗ ਕੇਸਰੀ ਕਹਿ ਪ੍ਰਚਾਰਿਆ ਜਾ ਰਿਹਾ ਹੈ ਪਤਾ ਨਹੀ ਇਹ ਰੰਗ ਕਿਉ ਬਦਲਿਆ ਗਿਆ?